
ਉਨ੍ਹਾਂ ਦੋਸ਼ ਲਾਇਆ ਕਿ ਬਹਿਬਲ ਗੋਲੀਕਾਂਡ ਦੀ ਜਾਂਚ ਲਈ ਪਹਿਲਾਂ ਗਠਿਤ ਕੀਤੀ ਐਸ.ਆਈ.ਟੀ. ਨੇ ਸਹੀ ਤਰੀਕੇ ਬਿਆਨ ਦਰਜ ਨਹੀਂ ਕੀਤੇ
ਕੋਟਕਪੂਰਾ: ਬੇਅਦਬੀ ਮਾਮਲਿਆਂ ਦੇ ਇਨਸਾਫ ਲਈ 16 ਦਸੰਬਰ 2021 ਤੋਂ ਲਗਾਤਾਰ ਚੱਲ ਰਹੇ ਦਿਨ ਰਾਤ ਦੇ ਬਹਿਬਲ ਇਨਸਾਫ ਮੋਰਚੇ ਦੇ ਸੰਚਾਲਕ ‘ਸੁਖਰਾਜ ਸਿੰਘ ਨਿਆਮੀਵਾਲਾ’ ਨੇ ਇਕ ਵਾਰ ਫਿਰ ਬਹਿਬਲ ਕਲਾਂ ਗੋਲੀਕਾਂਡ ਚਲਾਨ ਪੇਸ਼ ਕਰਨ ਵਿਚ ਹੋ ਰਹੀ ਦੇਰੀ ’ਤੇ ਸਰਕਾਰ ਪ੍ਰਤੀ ਨਾਰਾਜ਼ਗੀ ਪ੍ਰਗਟ ਕੀਤੀ ਹੈ।
ਇਹ ਵੀ ਪੜ੍ਹੋ: ਰਾਜ ਸਭਾ ਦੇ ਮੌਜੂਦਾ ਮੈਂਬਰਾਂ ’ਚੋਂ 12% ਅਰਬਪਤੀ; ਪੰਜਾਬ ਦੇ ਦੋ ਰਾਜ ਸਭਾ ਮੈਂਬਰਾਂ ਦੀ ਜਾਇਦਾਦ 100 ਕਰੋੜ ਤੋਂ ਵੱਧ
ਸੁਖਰਾਜ ਸਿੰਘ ਸਮੇਤ ਉਸ ਦੇ ਵਕੀਲ ਹਰਪਾਲ ਸਿੰਘ ਖਾਰਾ ਨੇ ਆਖਿਆ ਕਿ ਉਨ੍ਹਾਂ ਨੇ ਫਰੀਦਕੋਟ ਅਦਾਲਤ ਵਿਚ ਇਕ ਪਟੀਸ਼ਨ ਦਾਇਰ ਕਰਕੇ ਬਿਆਨ ਦੁਬਾਰਾ ਦੇਣ ਦੀ ਬੇਨਤੀ ਕੀਤੀ ਪਰ ਐਸ.ਆਈ.ਟੀ. ਵਲੋਂ ਅਜੇ ਤਕ ਉਨ੍ਹਾਂ ਦੇ ਬਿਆਨ ਦਰਜ ਨਹੀਂ ਕੀਤੇ ਜਾ ਰਹੇ। ਉਨ੍ਹਾਂ ਦੋਸ਼ ਲਾਇਆ ਕਿ ਬਹਿਬਲ ਗੋਲੀਕਾਂਡ ਦੀ ਜਾਂਚ ਲਈ ਪਹਿਲਾਂ ਗਠਿਤ ਕੀਤੀ ਐਸ.ਆਈ.ਟੀ. ਨੇ ਸਹੀ ਤਰੀਕੇ ਬਿਆਨ ਦਰਜ ਨਹੀਂ ਕੀਤੇ, ਕਿਉਂਕਿ ਜੋ ਲੋਕ ਘਟਨਾ ਸਮੇਂ ਉਥੇ ਮੌਜੂਦ ਨਹੀਂ ਸਨ, ਉਨ੍ਹਾਂ ਨੂੰ ਹੀ ਕੇਸ ਵਿਚ ਮੁੱਖ ਗਵਾਹ ਬਣਾਇਆ ਗਿਆ ਹੈ, ਜਦਕਿ ਜੋ ਲੋਕ ਮੌਕੇ ’ਤੇ ਮੌਜੂਦ ਸਨ, ਜਾਂਚ ਟੀਮ ਉਨ੍ਹਾਂ ਦੇ ਬਿਆਨ ਦਰਜ ਕਰਨ ਲਈ ਤਿਆਰ ਨਹੀਂ।
ਇਹ ਵੀ ਪੜ੍ਹੋ: ਹਿਮਾਚਲ ਵਿਚ ਜਦ ਕੁਦਰਤ ਦਾ ਆਫ਼ਤ ਵਾਲਾ ਰੂਪ ਅੱਖਾਂ ’ਚ ਅੱਖਾਂ ਪਾ ਕੇ ਵੇਖਿਆ
ਉਨ੍ਹਾਂ ਦੋਸ਼ ਲਾਇਆ ਕਿ ਪਹਿਲੀ ਐਸ.ਆਈ.ਟੀ. ਦੇ ਮੁਖੀ ਤੇ ਮੌਜੂਦਾ ਸਰਕਾਰ ਦੇ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਅਦਾਲਤ ਵਿਚ ਜਾ ਕੇ ਉਨ੍ਹਾਂ ਦੇ ਵਿਰੁਧ ਹੀ ਅਰਜ਼ੀ ਦੇ ਕੇ ਉਨ੍ਹਾਂ ਦੀ ਜਾਂਚ ਨੂੰ ਪ੍ਰਭਾਵਤ ਕਰ ਰਹੇ ਹਨ ਪਰ ਸਰਕਾਰ ਅਪਣੇ ਵਿਧਾਇਕ ਵਿਰੁਧ ਕੋਈ ਕਾਰਵਾਈ ਨਹੀਂ ਕਰ ਰਹੀ। ਜ਼ਿਕਰਯੋਗ ਹੈ ਕਿ ਕੁੰਵਰਵਿਜੈ ਪ੍ਰਤਾਪ ਪਹਿਲਾਂ ਹੀ ਸਾਰੇ ਦੋਸ਼ਾਂ ਦਾ ਖੰਡਨ ਕਰ ਚੁੱਕੇ ਹਨ। ਸੁਖਰਾਜ ਸਿੰਘ ਤੇ ਹਰਪਾਲ ਸਿੰਘ ਖਾਰਾ ਨੇ ਚਿਤਾਵਨੀ ਦਿਤੀ ਕਿ ਜੇਕਰ ਬਹਿਬਲ ਗੋਲੀਕਾਂਡ ਦੀ ਚਲਾਨ ਰਿਪੋਰਟ ਜਲਦ ਪੇਸ਼ ਨਾ ਕੀਤੀ ਗਈ ਤਾਂ ਉਹ ਸੰਘਰਸ਼ ਤੇਜ਼ ਕਰਨਗੇ।