
Panthak News: ਕਿਹਾ, ‘ਰੋਜ਼ਾਨਾ ਸਪੋਕਸਮੈਨ’ ਦਾ ਹਰ ਪੰਥਕ ਮੁੱਦੇ ’ਤੇ ਰਿਹੈ
Panthak News: ‘ਰੋਜ਼ਾਨਾ ਸਪੋਕਸਮੈਨ’ ਵਲੋਂ ਮੂਲ ਨਾਨਕਸ਼ਾਹੀ ਕੈਲੰਡਰ, ਸਿੱਖ ਰਹਿਤ ਮਰਿਆਦਾ, ਸਿੱਖ ਸਿਧਾਂਤਾਂ ਅਤੇ ਦਸਮ ਗ੍ਰੰਥ ਸਮੇਤ ਗੁਰੂ ਸਾਹਿਬਾਨ ਪ੍ਰਤੀ ਅਪਮਾਨਜਨਕ ਸ਼ਬਦਾਵਲੀ ਵਾਲੀਆਂ ਕਿਤਾਬਾਂ ਸਬੰਧੀ ਸਪੱਸ਼ਟ ਸਟੈਂਡ ਲਿਆ ਜਿਸ ਦਾ ਪਾਠਕ ਵਰਗ ਵਿਚ ਰਲਿਆ ਮਿਲਿਆ ਪ੍ਰਤੀਕਰਮ ਦੇਖਣ, ਸੁਣਨ ਅਤੇ ਪੜ੍ਹਨ ਨੂੰ ਮਿਲਿਆ। ਹੁਣ ਨਿਸ਼ਾਨ ਸਾਹਿਬ ਦੇ ਪੁਸ਼ਾਕੇ ਦੇ ਰੰਗ ਦੇ ਮਾਮਲੇ ਵਿਚ ਅਕਾਲ ਤਖ਼ਤ ਦੇ ਜਥੇਦਾਰ ਦੇ ਸਟੈਂਡ ਬਾਰੇ ਸ਼ੋਸ਼ਲ ਮੀਡੀਏ ਉੱਪਰ ਵਖਰੀ ਕਿਸਮ ਦੀ ਚਰਚਾ ਛਿੜੀ ਹੋਈ ਹੈ ਕਿਉਂਕਿ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਵਿਦੇਸ਼ ਦੌਰੇ ਮੌਕੇ ਇੰਗਲੈਂਡ ਤੋਂ ਪ੍ਰਕਾਸ਼ਤ ਹੋਣ ਵਾਲੀ ਇਕ ਪੰਜਾਬੀ ਅਖ਼ਬਾਰ ਦੇ ਪੱਤਰਕਾਰ ਨਾਲ ਹੋਈ ਗੱਲਬਾਤ ਤੋਂ ਬਾਅਦ ਬਣੀ ਸੁਰਖੀ ਨੇ ਪੰਥਕ ਹਲਕਿਆਂ ’ਚ ਹਲਚਲ ਮਚਾ ਦਿਤੀ ਹੈ।
ਬੀਤੀ 12 ਅਗੱਸਤ ਦਿਨ ਸੋਮਵਾਰ ਦੀ ‘ਅਖ਼ਬਾਰ’ ਦੇ ਪਹਿਲੇ ਪੰਨੇ ਉਪਰ ਛਪੀ ਖ਼ਬਰ ਦੀ ਸੁਰਖੀ,“ਸਿੰਘ ਸਾਹਿਬ ਜਥੇਦਾਰ ਰਘਬੀਰ ਸਿੰਘ ਵਲੋਂ ਇੰਗਲੈਂਡ ਦੇ ਸਿੱਖਾਂ ਨੂੰ ਜਵਾਬ, ਨਿਸ਼ਾਨ ਸਾਹਿਬ ਦੇ ਕੇਸਰੀ ਰੰਗ ਨੂੰ ਬਦਲਣ ਦੇ ਮੈਂ ਨਹੀਂ ਦਿਤੇ ਆਦੇਸ਼”। ਇਸ ਤੋਂ ਅਗਲੇ ਦਿਨ ਹੀ ਵੱਖ-ਵੱਖ ਧਿਰਾਂ ਵਲੋਂ ਇਸ ਖ਼ਬਰ ਦਾ ਖੰਡਨ ਅਤੇ ਮੰਡਨ ਪੜ੍ਹਨ ਨੂੰ ਮਿਲਿਆ। ਦੋਵੇਂ ਧਿਰਾਂ ਹੀ ਸਤਿਕਾਰਯੋਗ ਹਨ, ਸਾਡੇ ਸਾਹਮਣੇ ਅਜਿਹਾ ਕੋਈ ਕਾਰਨ ਨਹੀਂ ਹੈ ਕਿ ਇਹ ਪੜਤਾਲ ਕੀਤੀ ਜਾਵੇ ਕਿ ਝੂਠ ਕੌਣ ਬੋਲ ਰਿਹਾ ਹੈ ਅਤੇ ਕੌਣ ਸੱਚ? ਤਾਂ ਸਵਾਲ ਪੈਦਾ ਹੁੰਦਾ ਹੈ ਕਿ ਅਸਲ ਸੱਚ ਕੀ ਹੈ? ਪ੍ਰਵਾਸੀ ਭਾਰਤੀ, ਸਿੱਖ ਚਿੰਤਕ, ਪੰਥਕ ਵਿਦਵਾਨ ਅਤੇ ਇਤਿਹਾਸਕਾਰ ਭਾਈ ਸਰਵਜੀਤ ਸਿੰਘ ਸੈਕਰਾਮੈਂਟੋ ਨੇ ਰੋਜ਼ਾਨਾ ਸਪੋਕਸਮੈਨ ਦੇ ਇਸ ਪੱਤਰਕਾਰ ਨੂੰ ਈਮੇਲ ਰਾਹੀਂ ਭੇਜੇ ਪ੍ਰੈੱਸ ਨੋਟ ਵਿਚ ਦਸਿਆ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪੱਤਰ ਨੰਬਰ 37309, ਮਿਤੀ 26 ਜੁਲਾਈ 2024 ਈ: ਮੁਤਾਬਕ, ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ (15 ਜੁਲਾਈ 2024 ਈ:) ਵਿਚ ਲਏ ਗਏ ਫ਼ੈਸਲੇ ਕਿ ਨਿਸ਼ਾਨ ਸਾਹਿਬ ਦੇ ਪੁਸ਼ਾਕੇ ਦੇ ਰੰਗ ਬਾਰੇ ਪੈਦਾ ਹੋਈ ਦੁਬਿਧਾ ਨੂੰ ਦੂਰ ਕੀਤਾ ਜਾਵੇ। ਇਸ ਆਦੇਸ਼ ’ਤੇ ਅਮਲ ਕਰਦਿਆਂ, ਸ਼੍ਰੋਮਣੀ ਕਮੇਟੀ ਨੇ ਪੰਥ ਪ੍ਰਵਾਨਤ ਸਿੱਖ ਰਹਿਤ ਮਰਿਆਦਾ ਵਿਚ ਦਰਜ, “ਨਿਸ਼ਾਨ ਸਾਹਿਬ ਦੇ ਪੁਸ਼ਾਕੇ ਦਾ ਰੰਗ ਬਸੰਤੀ ਜਾਂ ਸੁਰਮਈ ਹੋਵੇ”, ਮੁਤਾਬਕ ਸੰਗਤਾਂ ਨੂੰ ਜਾਣਕਾਰੀ ਮੁਹਈਆ ਕਰ ਦਿਤੀ।
ਜਿਹੜੀਆਂ ਧਿਰਾਂ ਨੂੰ ਇਸ ’ਤੇ ਇਤਰਾਜ਼ ਸੀ, ਉਨ੍ਹਾਂ ਨੇ ਕੇਸਰੀ ਰੰਗ ਦਾ ਪ੍ਰਚਾਰ ਆਰੰਭ ਦਿਤਾ। ਇਸੇ ਦੌਰਾਨ ਗਿਆਨੀ ਰਘਬੀਰ ਸਿੰਘ ਇੰਗਲੈਂਡ ਦੇ ਦੌਰੇ ਉਪਰ ਗਏ ਤਾਂ ਕੁੱਝ ਸਿੰਘਾਂ ਨੇ ਉਨ੍ਹਾਂ ਨੂੰ ਇਸ ਬਾਰੇ ਸਵਾਲ ਕੀਤਾ ਤਾਂ ਸਿੰਘ ਸਾਹਿਬ ਨੇ ਕਿਹਾ ਕਿ ਮੈਂ ਕਮੇਟੀ ਨੂੰ ਬਸੰਤੀ ਰੰਗ ਬਾਰੇ ਕੋਈ ਆਦੇਸ਼ ਨਹੀਂ ਦਿਤਾ। ਸਿੰਘ ਸਾਹਿਬ ਦਾ ਇਹ ਬਿਆਨ ਠੀਕ ਹੈ। ਭਾਈ ਬਲਦੇਵ ਸਿੰਘ (ਮੁਖੀ ਪੰਜ ਪਿਆਰੇ) ਦਾ ਬਿਆਨ ਕਿ “ਖ਼ਬਰ ਫੇਕ ਨਹੀਂ, ਸੱਤ ਸਿੰਘਾਂ ਸਮੇਤ ਮੈਂ ਮੀਟਿੰਗ ਵਿਚ ਹਾਜ਼ਰ ਸੀ”, ਵੀ ਸਹੀ ਹੈ।
ਗਿਆਨੀ ਰਘਬੀਰ ਸਿੰਘ ਨੇ ਤਾਂ ਨਿਸ਼ਾਨ ਸਾਹਿਬ ਦੇ ਪੁਸ਼ਾਕੇ ਦੇ ਰੰਗ ਬਾਰੇ ਪੈਦਾ ਹੋਈ ਦੁਬਿਧਾ ਨੂੰ ਦੂਰ ਕਰਨ ਲਈ ਸ਼੍ਰੋਮਣੀ ਕਮੇਟੀ ਨੂੰ ਲਿਖਤੀ ਆਦੇਸ਼ (ਅ: ਤ: 24/206,17-07-2024) ਦਿਤਾ ਸੀ। ਸ਼੍ਰੋਮਣੀ ਕਮੇਟੀ ਨੇ ਪੰਥ ਪ੍ਰਵਾਨਤ ਸਿੱਖ ਰਹਿਤ ਮਰਿਆਦਾ ਵਿਚ ਦਰਜ, ਪੰਥ ਵਲੋਂ 1936 ਈ: ਵਿਚ ਕੀਤੇ ਗਏ ਫ਼ੈਸਲੇ ਮੁਤਾਬਕ “ਨਿਸ਼ਾਨ ਸਾਹਿਬ ਦੇ ਪੁਸ਼ਾਕੇ ਦਾ ਰੰਗ ਬਸੰਤੀ ਜਾਂ ਸੁਰਮਈ ਹੋਵੇ”, ਕਰਨ ਲਈ ਸੰਗਤਾਂ ਅਤੇ ਪ੍ਰਬੰਧਕਾਂ ਨੂੰ ਅਪੀਲ ਕਰ ਦਿਤੀ। ਦੇਸ਼-ਵਿਦੇਸ਼ ਵਿਚ ਸ਼੍ਰੋਮਣੀ ਕਮੇਟੀ ਦੇ ਇਸ ਫ਼ੈਸਲੇ ਦਾ ਸਵਾਗਤ ਹੋਇਆ ਹੈ ਪਰ ਇਕ ਖ਼ਾਸ ਧਿਰ, ਇਸ ਫ਼ੈਸਲੇ ਦੇ ਵਿਰੋਧ ਵਿਚ ਆ ਖੜੀ ਹੋਈ ਹੈ। ਕੈਲੰਡਰ ਦਾ ਮੁੱਦਾ ਅਜੇ ਕਿਸੇ ਤਣ-ਪੱਤਣ ਨਹੀਂ ਲੱਗਾ, ਇਕ ਹੋਰ ਵਿਵਾਦ ਸਹੇੜ ਲਿਆ ਹੈ।
(ਯਾਦ ਰਹੇ ਇਹ ਉਹੀ ਧਿਰਾਂ ਹਨ, ਜਿਨ੍ਹਾਂ ਨੂੰ ਨਾਨਕਸ਼ਾਹੀ ਕੈਲੰਡਰ ’ਤੇ ਇਤਰਾਜ਼ ਹੈ), ਹੁਣ ਸਵਾਲ ਪੈਦਾ ਹੁੰਦਾ ਹੈ ਕਿ ਨਿਸ਼ਾਨ ਸਾਹਿਬ ਦੇ ਪੁਸ਼ਾਕੇ ਦੇ ਰੰਗ ਬਾਰੇ ਪੈਦਾ ਹੋਏ ਵਿਵਾਦ ਦਾ ਹੱਲ ਕੀ ਹੋ ਸਕਦਾ ਹੈ? ਝੰਡਾ, ਜਿਸ ਨੂੰ ਅਸੀਂ ਸਤਿਕਾਰ ਨਾਲ ਨਿਸ਼ਾਨ ਸਾਹਿਬ ਕਹਿੰਦੇ ਹਾਂ ਕਿਸੇ ਵੀ ਦੇਸ਼, ਕੌਮ ਅਤੇ ਧਰਮ ਲਈ ਬਹੁਤ ਹੀ ਅਹਿਮ ਹੁੰਦਾ ਹੈ। ਇਸ ਦੀ ਬਣਤਰ ਅਤੇ ਰੰਗ ਦਾ ਇਕ ਖ਼ਾਸ ਮਹੱਤਵ ਹੁੰਦਾ ਹੈ। ਇਹ ਠੀਕ ਹੈ ਕਿ ਸਰਬ ਹਿੰਦ ਸਿੱਖ ਮਿਸ਼ਨ ਬੋਰਡ ਦੇ ਮਤਾ ਨੰਬਰ 1 ਮਿਤੀ 1-8-36 ਅਤੇ ਸ਼੍ਰੋਮਣੀ ਕਮੇਟੀ ਦੀ ਅੰਤਿ੍ਰੰਗ ਕਮੇਟੀ ਦੇ ਮਤਾ ਨੰ: 149 ਮਿਤੀ 12-10-36 ਅਨੁਸਾਰ ਨਿਸ਼ਾਨ ਸਾਹਿਬ ਦੇ ਪੁਸ਼ਾਕੇ ਦਾ ਰੰਗ ਬਸੰਤੀ ਜਾਂ ਸੁਰਮਈ ਪ੍ਰਵਾਨ ਕੀਤਾ ਗਿਆ ਹੈ।
ਦੂਜੇ ਪਾਸੇ ਇਸ ਦਾ ਵਿਰੋਧ ਕਰਨ ਵਾਲੀ ਧਿਰ ਵਲੋਂ 6-7 ਅਪ੍ਰੈਲ 1994 ਨੂੰ ਅਨੰਦਪੁਰ ਸਾਹਿਬ ਵਿਖੇ ਹੋਈ ਇਕੱਤਰਤਾ ਵਿਚ ਨਿਸ਼ਾਨ ਸਾਹਿਬ ਦੇ ਪੁਸ਼ਾਕੇ ਦਾ ਰੰਗ “ਕੇਸਰੀ ਜਾਂ ਨੀਲਾ” (ਖਰੜਾ ਰਹਿਤ ਮਰਿਆਦਾ, ਪੰਨਾ 9, ਗੁਰਮਤਿ ਸਿਧਾਂਤ ਪ੍ਰਚਾਰ ਸੰਤ ਸਮਾਜ) ਮੰਨਿਆ ਗਿਆ ਹੈ। ਹੁਣ ਸਾਡੇ ਸਾਹਮਣੇ ਚਾਰ ਰੰਗ ਹਨ। ਬਸੰਤੀ, ਸੁਰਮਈ, ਕੇਸਰੀ ਅਤੇ ਨੀਲਾ। ਪੰਥ ਪ੍ਰਵਾਨਤ ਸਿੱਖ ਰਹਿਤ ਮਰਿਆਦਾ ਅਤੇ ਸੰਤ ਸਮਾਜ ਦੀ ਰਹਿਤ ਮਰਿਆਦਾ ਵਿਚ ਥੋੜ੍ਹੇ ਬਹੁਤੇ ਫ਼ਰਕ ਨਾਲ ਇਕ ਰੰਗ ਸਾਂਝਾ ਹੈ, ਉਹ ਸੁਰਮਈ ਅਤੇ ਨੀਲਾ। ਭਾਵੇਂ ਇਨ੍ਹਾਂ ਦੋਵਾਂ ਰੰਗਾਂ ਵਿਚ ਤਕਨੀਕੀ ਤੌਰ ’ਤੇ ਤਾਂ ਫ਼ਰਕ ਸਪੱਸ਼ਟ ਹੈ ਪਰ ਆਮ ਤੌਰ ’ਤੇ ਵੇਖਣ ਵਿਚ ਜ਼ਿਆਦਾ ਫ਼ਰਕ ਨਹੀਂ ਹੈ। ਪੰਥਦਰਦੀਆਂ ਨੂੰ ਬੇਨਤੀ ਹੈ ਕਿ ਸੁਰਮਈ, ਨੀਲਾ ਅਤੇ ਇਨ੍ਹਾਂ ਨਾਲ ਮਿਲਦੇ-ਜੁਲਦੇ ਰੰਗਾਂ ਵਿਚੋਂ ਇਕ ਖ਼ਾਸ ਰੰਗ ਨਿਰਧਾਰਤ ਕਰ ਲਿਆ ਜਾਵੇ।