
ਬਾਬੇ ਨਾਨਕ ਦਾ 550ਵਾਂ ਪ੍ਰਕਾਸ਼ ਦਿਹਾੜਾ
ਲਾਹੌਰ : ਜਿਵੇਂ-ਜਿਵੇਂ ਬਾਬੇ ਨਾਨਕ ਦਾ 550ਵਾਂ ਪ੍ਰਕਾਸ਼ ਪੁਰਬ ਨੇੜੇ ਆ ਰਿਹਾ ਹੈ ਤਿਵੇਂ-ਤਿਵੇਂ ਭਾਰਤ ਤੇ ਪਾਕਿਸਤਾਨ ਵਾਲੇ ਪਾਸੇ ਆਏ ਦਿਨ ਇਸ ਪਾਵਨ ਦਿਹਾੜੇ ਲਈ ਕੋਈ ਨਾ ਕੋਈ ਉਪਰਾਲਾ ਕੀਤਾ ਜਾ ਰਿਹਾ ਹੈ। ਪਿਛਲੇ ਦਿਨੀਂ ਪਾਕਿ ਸਰਕਾਰ ਨੇ ਗੁਰਪਰਬ ਮੌਕੇ ਜਾਰੀ ਕਰਲ ਲਈ ਇਕ ਸਿੱਕਾ ਤੇ ਡਾਕ ਟਿਕਟ ਤਿਆਰ ਕੀਤੇ ਸਨ ਤੇ ਹੁਣ ਪਾਕਿਸਤਾਨ ਦੇ ਸਿੱਖ ਭਾਈਚਾਰੇ ਨੇ ਨਵੰਬਰ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ 550ਵੀਂ ਜਯੰਤੀ ਮੌਕੇ ਜਾਰੀ ਹੋਣ ਵਾਲੇ ਵਿਸ਼ੇਸ਼ ਸਿੱਕੇ ਅਤੇ ਡਾਕ ਟਿਕਟ ਦੇ ਡਿਜ਼ਾਈਨ ਨੂੰ ਮਨਜ਼ੂਰੀ ਦੇ ਦਿਤੀ ਹੈ।
Coin
ਇਕ ਅੰਗਰੇਜ਼ੀ ਅਖ਼ਬਾਰ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀ.ਐੱਸ.ਜੀ.ਪੀ.ਸੀ.) ਨੇ ਬੁੱਧਵਾਰ ਨੂੰ ਇਕ ਬੈਠਕ ਦੌਰਾਨ ਦਸਿਆ ਕਿ ਸਿੱਕੇ 'ਤੇ ਜਨਮ ਸਥਾਨ ਨਨਕਾਣਾ ਸਾਹਿਬ ਦੀ ਤਸਵੀਰ ਹੋਵੇਗੀ। ਇਸ ਦੇ ਦੂਜੇ ਪਾਸੇ ਇਸਲਾਮਿਕ ਰਿਪਬਲਿਕ ਆਫ਼ ਪਾਕਿਸਤਾਨ ਅਤੇ 550 ਨੰਬਰ ਛਪਿਆ ਹੋਵੇਗਾ। 8 ਰੁਪਏ ਤੋਂ ਜ਼ਿਆਦਾ ਦੀ ਕੀਮਤ ਦੇ ਵਿਸ਼ੇਸ਼ ਡਾਕ ਟਿਕਟ 'ਤੇ ਵੀ ਜਨਮ ਸਥਾਨ ਨਨਕਾਣਾ ਸਾਹਿਬ ਦੀ ਤਸਵੀਰ ਅਤੇ 550 ਨੰਬਰ ਛਪਿਆ ਹੋਵੇਗਾ।
Baba Nanak
ਇਵੈਕਿਊ ਟਰੱਸਟ ਪ੍ਰਾਪਰਟੀ ਬੋਰਡ (ਈ.ਪੀ.ਟੀ.ਬੀ.) ਦੀਆਂ ਤਿਆਰੀਆਂ 'ਤੇ ਪੀ.ਐਸ.ਜੀ.ਪੀ.ਸੀ. ਨੇ ਸਤੁੰਸ਼ਟੀ ਪ੍ਰਗਟ ਕੀਤੀ ਹੈ। ਦੁਨੀਆਂ ਭਰ ਤੋਂ ਆਉਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਨਨਕਾਣਾ ਸਾਹਿਬ ਵਿਚ ਟੈਂਟ ਲਗਾ ਕੇ ਠਹਿਰਾਉਣ ਦੀ ਵਿਵਸਥਾ ਕੀਤੀ ਜਾਵੇਗੀ। ਇਥੇ 25 ਹਜ਼ਾਰ ਲੋਕਾਂ ਦੇ ਰਹਿਣ ਦੀ ਵਿਵਸਥਾ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਹੀ ਕਰਤਾਰਪੁਰ ਲਾਂਘੇ ਦੇ ਨਿਰਮਾਣ 'ਤੇ ਭਾਰਤ ਅਤੇ ਪਾਕਿਸਤਾਨ ਨੇ ਸਹਿਮਤੀ ਪ੍ਰਗਟ ਕੀਤੀ ਸੀ ਜਿਸ ਤੋਂ ਬਾਅਦ ਦੋਵੇਂ ਸਰਕਾਰਾਂ ਆਪੋ ਅਪਣੇ ਵਲੋਂ ਕੋਈ ਕਸਰ ਨਹੀਂ ਛੱਡ ਰਹੀਆਂ ਤੇ ਨਾਨਕ ਨਾਮਲੇਵਾ ਸੰਗਤ ਨੂੰ ਸੰਤੁਸ਼ਟੀ ਹੈ ਕਿ ਉਹ ਬਾਬੇ ਨਾਨਕ ਦਾ ਅਵਤਾਰ ਪੁਰਬ ਖ਼ੁਸ਼ੀ ਖ਼ੁਸ਼ੀ ਮਨਾ ਸਕਣਗੀਆਂ।