
ਭਾਵੇਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰੀਪੋਰਟ ਮੁੱਖ ਮੰਤਰੀ ਪੰਜਾਬ ਨੂੰ ਭੇਜਣ ਤੋਂ ਬਾਅਦ ਪੀੜਤ ਪਰਵਾਰਾਂ ਨੂੰ ਮਿਲਣ ਵਾਲੇ ਮੁਆਵਜ਼ੇ ਦੀ ਰਾਸ਼ੀ.............
ਕੋਟਕਪੂਰਾ : ਭਾਵੇਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰੀਪੋਰਟ ਮੁੱਖ ਮੰਤਰੀ ਪੰਜਾਬ ਨੂੰ ਭੇਜਣ ਤੋਂ ਬਾਅਦ ਪੀੜਤ ਪਰਵਾਰਾਂ ਨੂੰ ਮਿਲਣ ਵਾਲੇ ਮੁਆਵਜ਼ੇ ਦੀ ਰਾਸ਼ੀ ਨਾਲ ਰਾਹਤ ਅਤੇ ਇਨਸਾਫ਼ ਦੀ ਆਸ ਬੱਝੀ ਹੈ ਪਰ 100 ਤੋਂ ਜ਼ਿਆਦਾ ਪੀੜਤ ਅਜਿਹੇ ਹਨ, ਜਿਨ੍ਹਾਂ ਦੇ ਪੁਲਿਸੀਆ ਅਤਿਆਚਾਰ ਵਾਲੀ ਘਟਨਾ ਦੇ ਦੁਬਾਰਾ ਉਜਾਗਰ ਹੋਣ ਨਾਲ ਜ਼ਖ਼ਮ ਤਾਂ ਹਰੇ ਹੋ ਗਏ ਹਨ ਤੇ ਉਹ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਪ੍ਰਤੀ ਆਸਵੰਦ ਵੀ ਹਨ ਪਰ ਮੁਆਵਜ਼ਾ ਰਾਸ਼ੀ ਤੋਂ ਵਾਂਝੇ ਰਹਿਣ ਦਾ ਖਦਸ਼ਾ ਉਨ੍ਹਾਂ ਨੂੰ ਬੇਚੈਨ ਕਰੀ ਜਾ ਰਿਹਾ ਹੈ।
ਰੋਜ਼ਾਨਾ ਸਪੋਕਸਮੈਨ ਦੇ ਸਥਾਨਕ ਸਬ ਦਫ਼ਤਰ ਵਿਖੇ ਪੁੱਜੇ ਚਾਰ ਨੌਜਵਾਨਾਂ ਨੇ ਪੁਲਿਸੀਆ ਤਸ਼ੱਦਦ ਦੀ ਅਪਣੇ ਪਿੰਡੇ 'ਤੇ ਹੰਢਾਈ ਦਾਸਤਾਨ ਸੁਣਾਉਂਦਿਆਂ ਆਖਿਆ ਕਿ ਉਨ੍ਹਾਂ ਦੇ ਮਨਾਂ 'ਚ ਪੁਲਿਸ ਦਾ ਡਰ, ਦਹਿਸ਼ਤ ਅਤੇ ਖ਼ੌਫ਼ ਐਨਾ ਹੈ ਕਿ ਉਹ ਸਮੇਂ ਦੀਆਂ ਸਰਕਾਰਾਂ ਵਲੋਂ ਗਠਤ ਕੀਤੇ ਗਏ ਜਾਂਚ ਕਮਿਸ਼ਨਾਂ ਸਾਹਮਣੇ ਪੇਸ਼ ਹੋਣ ਦੀ ਜੁਰਅੱਤ ਹੀ ਨਾ ਕਰ ਸਕੇ। ਉਕਤ ਪੀੜਤ ਨੌਜਵਾਨ ਇਸ ਸਮੇਂ ਹੈਰਾਨ, ਪ੍ਰੇ੍ਰਸ਼ਾਨ ਅਤੇ ਬੇਚੈਨ ਹਨ ਕਿ ਉਹ ਇਨਸਾਫ਼ ਲਈ ਦਰਵਾਜ਼ਾ ਖੜਕਾਉਣ ਤਾਂ ਕਿਸ ਦਰ 'ਤੇ ਜਾ ਕੇ? ਕਿਉਂਕਿ ਉਨ੍ਹਾਂ ਦੀ ਸੁਣਵਾਈ ਕਰਨ ਵਾਲਾ ਕੋਈ ਵੀ ਨਹੀਂ।
ਉਨ੍ਹਾਂ ਕੁੱਝ ਕੁ ਪੰਥਕ ਅਖਵਾਉਣ ਵਾਲੇ ਆਗੂਆਂ ਦਾ ਬਕਾਇਦਾ ਨਾਮ ਲੈ ਕੇ ਦਸਿਆ ਕਿ ਉਹ ਪੀੜਤ ਪਰਵਾਰਾਂ ਨੂੰ ਇਨਸਾਫ਼ ਦਿਵਾਉਣ ਦੀ ਬਜਾਇ ਉਲਟਾ ਪੀੜਤਾਂ ਨੂੰ ਜ਼ਲੀਲ ਕਰਦੇ ਹਨ। ਪੁਲਿਸ ਦੇ ਤਸ਼ੱਦਦ ਤੋਂ ਪੀੜਤ ਨੌਜਵਾਨਾਂ ਦਾ ਮੰਨਣਾ ਹੈ ਕਿ ਰੋਜ਼ਾਨਾ ਸਪੋਕਸਮੈਨ ਉਨ੍ਹਾਂ ਦੇ ਪਿੰਡਾਂ 'ਚ ਨਾ ਪਹੁੰਚਦਾ ਹੋਣ ਕਰ ਕੇ ਉਹ ਕਈ ਪੰਥਕ ਸਰੋਕਾਰਾਂ ਵਾਲੀਆਂ ਜ਼ਰੂਰੀ ਖ਼ਬਰਾਂ ਤੋਂ ਵਾਂਝੇ ਰਹਿ ਜਾਂਦੇ ਹਨ, ਜਿਸ ਕਰ ਕੇ ਉਹ ਜਾਂਚ ਕਮਿਸ਼ਨਾਂ ਸਾਹਮਣੇ ਪੇਸ਼ ਵੀ ਨਾ ਹੋ ਸਕੇ।
ਪੀੜਤ ਨੰਬਰ : 1, ਆਤਮਾ ਸਿੰਘ (50) ਵਾਸੀ ਪਿੰਡ ਆਕਲੀਆ ਜਲਾਲ ਜ਼ਿਲ੍ਹਾ ਬਠਿੰਡਾ ਨੇ ਉਕਤ ਮੰਜਰ ਸਾਂਝਾ ਕਰਦਿਆਂ ਦਸਿਆ ਕਿ 14 ਅਕਤੂਬਰ 2015 ਨੂੰ ਸਵੇਰੇ ਕਰੀਬ 6:00 ਵਜੇ ਉਸ ਦੀ ਲੱਤ 'ਚ ਗੋਲੀ ਲੱਗੀ ਪਰ ਪੁਲਿਸ ਨੇ ਕੋਈ ਤਰਸ ਨਾ ਕੀਤਾ, ਹਸਪਤਾਲ ਤਾਂ ਕੀ ਲਿਜਾਣਾ ਸੀ ਉਲਟਾ ਜ਼ਖ਼ਮੀ ਹਾਲਤ 'ਚ ਵੀ ਉਸ ਉਪਰ ਡੰਡਿਆਂ ਤੇ ਲਾਠੀਆਂ ਦਾ ਮੀਂਹ ਵਰਾ ਦਿਤਾ, ਮੇਰਾ ਚੀਕ ਚਿਹਾੜਾ ਸੁਣਨ ਵਾਲਾ ਕੋਈ ਨਹੀਂ ਸੀ, ਮੈਂ ਬੇਹੋਸ਼ ਹੋ ਗਿਆ ਤੇ ਜਦ ਹੋਸ਼ ਆਈ ਤਾਂ ਖ਼ੁਦ ਨੂੰ ਸਿਵਲ ਹਸਪਤਾਲ ਕੋਟਕਪੂਰਾ ਵਿਖੇ ਪਾਇਆ। ਉਸ ਤੋਂ ਬਾਅਦ ਸਾਰਾ ਇਲਾਜ ਸਿਵਲ ਹਸਪਤਾਲ ਬਠਿੰਡਾ ਤੋਂ ਹੋਇਆ।
ਆਤਮਾ ਸਿੰਘ ਨੇ ਦਸਿਆ ਕਿ ਜਾਂਚ ਕਮਿਸ਼ਨਾਂ ਸਾਹਮਣੇ ਭਾਵੇਂ ਸਫ਼ਾਈ ਦੇਣ ਲਈ ਉਹ ਪੇਸ਼ ਨਾ ਹੋ ਸਕਿਆ ਪਰ ਡਾਕਟਰਾਂ ਦੀਆਂ ਰੀਪੋਰਟਾਂ ਅਤੇ ਹੋਰ ਸਾਰੇ ਸਬੂਤ ਉਸ ਕੋਲ ਮੌਜੂਦ ਹਨ। ਪੀੜਤ ਨੰਬਰ : 2, ਕੇਵਲ ਸਿੰਘ (43) ਵਾਸੀ ਪਿੰਡ ਸੰਗਤਪੁਰਾ ਨੇੜੇ ਸਾਦਿਕ ਜ਼ਿਲ੍ਹਾ ਫ਼ਰੀਦਕੋਟ ਨੇ ਦਸਿਆ ਕਿ ਪੁਲਿਸ ਦੇ ਬੇਤਹਾਸ਼ਾ ਤਸ਼ੱਦਦ ਦੌਰਾਨ ਉਸ ਦੀ ਲੱਤ ਟੁੱਟ ਗਈ, ਇਕ ਸਾਲ ਹਸਪਤਾਲ 'ਚ ਦਾਖ਼ਲ ਰਹਿਣਾ ਪਿਆ, ਜ਼ਖ਼ਮ ਰੇਸ਼ਾ ਪੈ ਗਿਆ, ਘਰ 'ਚ ਗ਼ਰੀਬੀ ਕਰ ਕੇ ਸੰਗਤਾਂ ਦੇ ਸਹਿਯੋਗ ਨਾਲ ਇਲਾਜ ਕਰਵਾਇਆ, ਸਰਕਾਰ ਤੋਂ ਕੋਈ ਮਦਦ ਨਾ ਮਿਲੀ, ਹੁਣ ਤੁਰਨ ਫਿਰਨ ਜੋਗਾ ਤੋਂ ਹੋ ਗਿਆ ਪਰ ਜ਼ੋਰ ਵਾਲਾ ਕੰਮ ਅਜੇ ਵੀ ਨਹੀਂ ਕਰ ਸਕਦਾ।
ਕੇਵਲ ਸਿੰਘ ਨੇ ਦੱਸਿਆ ਕਿ ਉਹ ਕਿਸੇ ਵੀ ਜਾਂਚ ਕਮਿਸ਼ਨ ਸਾਹਮਣੇ ਪੇਸ਼ ਨਾ ਹੋ ਸਕਿਆ ਪਰ ਸਾਰੇ ਸਬੂਤ ਉਸ ਨੇ ਸਾਂਭ ਕੇ ਰੱਖੇ ਹੋਏ ਹਨ। ਪੀੜਤ ਨੰਬਰ : 3, ਹਰਵਿੰਦਰ ਸਿੰਘ (28) ਵਾਸੀ ਬਠਿੰਡਾ ਅਨੁਸਾਰ ਪੁਲਿਸ ਵਲੋਂ ਡਾਂਗਾਂ ਅਤੇ ਲਾਠੀਆਂ ਦੇ ਵਰ੍ਹਾਏ ਮੀਂਹ ਕਾਰਨ ਉਸ ਦੀ ਲੱਤ ਦੇ ਗੋਡੇ ਦੀ ਚੱਪਣੀ ਤੋੜ ਦਿਤੀ, ਸਿਵਲ ਹਸਪਤਾਲ ਬਠਿੰਡਾ ਵਿਖੇ ਚੱਪਣੀ ਦਾ ਅਪ੍ਰੇਸ਼ਨ ਹੋਇਆ, ਸਬਜ਼ੀ ਦੀ ਆੜਤ ਵਾਲਾ ਕੰਮ ਠੱਪ ਹੋ ਕੇ ਰਹਿ ਗਿਆ, ਚੱਪਣੀ 'ਚ ਅਜੇ ਵੀ ਦਰਦ ਰਹਿੰਦਾ ਹੈ ਪਰ ਦਰਦ ਦੀ ਪੀੜ ਉਸ ਸਮੇਂ ਜ਼ਿਆਦਾ ਹੋ ਗਈ ਜਦੋਂ ਸਰਕਾਰ ਵਲੋਂ ਮਿਲਣ ਵਾਲੀ ਮੁਆਵਜ਼ਾ ਰਾਸ਼ੀ ਵਾਲੇ ਪੀੜਤਾਂ ਦੀ ਸੂਚੀ 'ਚ ਉਨ੍ਹਾਂ ਦਾ ਨਾਮ ਦਰਜ ਨਾ ਕੀਤਾ ਗਿਆ।
ਅਖ਼ਬਾਰੀ ਖ਼ਬਰਾਂ ਤੋਂ ਵਾਂਝੇ ਰਹਿਣ ਵਾਲੇ ਹਰਵਿੰਦਰ ਸਿੰਘ ਨੂੰ ਝੋਰਾ ਹੈ ਕਿ ਜਸਟਿਸ ਰਣਜੀਤ ਸਿੰਘ ਦੀ ਅਗਵਾਈ ਵਾਲੇ ਜਾਂਚ ਕਮਿਸ਼ਨ ਦੀ ਟੀਮ ਦੀ ਆਮਦ ਮੌਕੇ ਉਹ ਪੇਸ਼ ਨਾ ਹੋ ਸਕਿਆ ਪਰ ਘਟਨਾ ਅਤੇ ਇਲਾਜ ਦੇ ਸਬੂਤ ਉਸ ਕੋਲ ਅੱਜ ਵੀ ਸਾਂਭੇ ਪਏ ਹਨ। ਪੀੜਤ ਨੰਬਰ : 4, ਨੇੜਲੇ ਪਿੰਡ ਰੋੜੀਕਪੂਰਾ ਦਾ ਵਸਨੀਕ 28 ਸਾਲਾ ਨੌਜਵਾਨ ਬੂਟਾ ਸਿੰਘ ਭਾਵੇਂ ਅਪਣੀ ਲੱਤ 'ਚ ਵੱਜੀ ਗੋਲੀ ਅਜੇ ਵੀ ਸਾਂਭੀ ਬੈਠਾ ਹੈ ਤੇ ਕੋਟਕਪੂਰਾ, ਫ਼ਰੀਦਕੋਟ ਅਤੇ ਬਠਿੰਡਾ ਦੇ ਹਸਪਤਾਲਾਂ 'ਚ ਪੁਲਿਸ ਵਲੋਂ ਇਲਾਜ ਕਰਵਾਉਣ ਦੀ ਇਜਾਜ਼ਤ ਨਾ ਦੇਣ ਅਤੇ ਇਲਾਜ 'ਚ ਅੜਿੱਕੇ ਪਾਉਣ ਦੀ ਦਾਸਤਾਨ ਸੁਣਾਉਂਦਿਆਂ ਉਹ ਦਸਦਾ ਹੈ
ਕਿ ਕਿਸ ਤਰ੍ਹਾਂ ਉਸ ਦੇ ਮਾਪਿਆਂ ਨੇ ਲੱਤ 'ਚ ਵੱਜੀ ਗੋਲੀ ਬਾਹਰ ਕਢਾਉਣ ਲਈ ਮੁਕਤਸਰ ਦੇ ਇਕ ਨਿਜੀ ਹਸਪਤਾਲ 'ਚੋਂ ਗੁਪਤ ਤੌਰ 'ਤੇ ਅਪ੍ਰੇਸ਼ਨ ਕਰਵਾਇਆ, ਜਾਨ ਤਾਂ ਬਚ ਗਈ ਪਰ ਪੁਲਿਸ ਦਾ ਡਰ ਤੇ ਖ਼ੌਫ਼ ਅਜੇ ਵੀ ਬਰਕਰਾਰ ਹੈ ਕਿਉਂਕਿ ਪੁਲਿਸੀਆ ਤਸ਼ੱਦਦ ਤੋਂ ਇਲਾਵਾ ਇਲਾਜ 'ਚ ਅੜਿੱਕੇ ਪਾਉਣ ਅਤੇ ਕਿਸੇ ਵੀ ਜਾਂਚ ਕਮਿਸ਼ਨ ਸਾਹਮਣੇ ਪੇਸ਼ ਹੋਣ 'ਤੇ ਨਤੀਜੇ ਭੁਗਤਣ ਦੇ ਡਰਾਵੇ ਦੇਣ ਵਾਲੀਆਂ ਗੱਲਾਂ ਤੋਂ ਉਨ੍ਹਾਂ ਦਾ ਪਰਵਾਰ ਅੱਜ ਵੀ ਖ਼ੌਫ਼ਜ਼ਦਾ ਹੈ।
ਕੀ ਕਹਿੰਦੇ ਹਨ ਜਸਟਿਸ ਰਣਜੀਤ ਸਿੰਘ : ਸੰਪਰਕ ਕਰਨ 'ਤੇ ਸੇਵਾਮੁਕਤ ਜਸਟਿਸ ਰਣਜੀਤ ਸਿੰਘ ਨੇ ਦਸਿਆ ਕਿ ਉਹ ਅਪਣੀ ਮੁਕੰਮਲ ਜਾਂਚ ਰੀਪੋਰਟ ਮੁੱਖ ਮੰਤਰੀ ਪੰਜਾਬ ਨੂੰ ਸੌਂਪ ਚੁਕੇ ਹਨ ਪਰ ਉਨ੍ਹਾਂ ਰੀਪੋਰਟ 'ਚ ਇਹ ਵੀ ਲਿਖਿਆ ਹੈ ਕਿ ਜੋ ਪੀੜਤ ਪਰਵਾਰ ਕਮਿਸ਼ਨ ਸਾਹਮਣੇ ਪੇਸ਼ ਹੋਣ ਤੋਂ ਵਾਂਝੇ ਰਹਿ ਗਏ ਹਨ ਉਹ ਗ੍ਰਹਿ ਵਿਭਾਗ ਪੰਜਾਬ ਤਕ ਪਹੁੰਚ ਕਰ ਕੇ ਅਪਣੇ ਬਿਆਨ ਦਰਜ ਕਰਵਾ ਸਕਦੇ ਹਨ।