
550 ਕਾਰਾਂ ਦਾ ਕਾਫਲਾ ਸੁਲਤਾਨਪੁਰ ਲੋਧੀ ਹੋਵੇਗਾ ਰਵਾਨਾ
ਪਟਿਆਲਾ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿਚ ਖ਼ਾਲਸਾ ਸ਼ਤਾਬਦੀ ਪਟਿਆਲਾ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਅਤੇ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਬੁੱਢਾ ਦਲ ਦੇ ਸਹਿਯੋਗ ਨਾਲ ਇਤਿਹਾਸਕ ਨਗਰ ਕੀਰਤਨ ਪਟਿਆਲਾ ਤੋਂ ਸੁਲਤਾਨਪੁਰ ਲੋਧੀ ਗੁਰਦੁਆਰਾ ਬੇਰ ਸਾਹਿਬ 22 ਸਤੰਬਰ ਨੂੰ ਸਵੇਰੇ 7 ਵਜੇ ਗੁਰਦੁਆਰਾ ਦੁਖਨਿਵਾਰਨ ਸਾਹਿਬ 9ਵੀਂ ਪਾਤਿਸ਼ਾਹੀ ਤੋਂ ਨਗਰ ਕੀਰਤਨ ਨਿਹੰਗ ਸਿੰਘਾਂ ਫੌਜਾਂ ਤੇ ਸ਼ਬਦੀ ਜਥਿਆਂ, ਗਤਕਾ ਪਾਰਟੀਆਂ, ਬੈਂਡ ਰਾਹੀਂ ਰਵਾਨਾ ਹੋਵੇਗਾ। ਇਹ ਨਗਰ ਕੀਰਤਨ ਪਟਿਆਲਾ ਤੋਂ ਨਾਭਾ, ਮਲੇਰਕੋਟਲਾ, ਰਾਏਕੋਟ, ਜਗਰਾਵਾਂ, ਮੋਗਾ ਤੋਂ ਹੁੰਦਾ ਹੋਇਆ ਸੁਲਤਾਨਪੁਰ ਲੋਧੀ ਵਿਖੇ ਪੁੱਜੇਗਾ।
Sultanpur Lodhi
ਇਸ ਮੌਕੇ 'ਤੇ ਅੱਜ ਨਗਰ ਕੀਰਤਨ ਸਬੰਧੀ ਪੋਸਟਰ ਜਾਰੀ ਕੀਤਾ ਗਿਆ ਅਤੇ ਤਿਆਰੀਆਂ ਮੁਕੰਮਲ ਕੀਤੀਆਂ ਗਈਆਂ। ਇਹ ਨਗਰ ਕੀਰਤਨ ਰਸਤੇ ਵਿਚ ਬਾਬਾ ਬਿਧੀ ਚੰਦ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਨੂੰ ਲੰਗਰ ਛਕਾਏਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ ਜਾਵੇਗਾ। ਇਹ ਨਗਰ ਕੀਰਤਨ 22 ਸਤੰਬਰ ਨੂੰ ਵਾਪਸ ਪਟਿਆਲਾ ਵਿਖੇ ਪੁੱਜੇਗਾ। ਬਾਬਾ ਬਲਬੀਰ ਸਿੰਘ ਮੁੱਖੀ 96ਵੇਂ ਕਰੋੜੀ ਬੁੱਢਾ ਦਲ ਵੱਲੋਂ ਇਸ ਨਗਰ ਕੀਰਤਨ ਵਿਚ ਵਿਸ਼ੇਸ਼ ਤੌਰ 'ਤੇ ਸਹਿਯੋਗ ਦਿੱਤਾ ਜਾ ਰਿਹਾ ਹੈ।
Nagar kirtan
ਇਸ ਮੌਕੇ 'ਤੇ ਖਾਲਸਾ ਸ਼ਤਾਬਦੀ ਕਮੇਟੀ ਦੇ ਪ੍ਰਧਾਨ ਹਰਮਿੰਦਰਪਾਲ ਸਿੰਘ ਅਤੇ ਜਨਰਲ ਸਕੱਤਰ ਕੁਲਦੀਪ ਸਿੰਘ ਨੇ ਦੱਸਿਆ ਕਿ ਨਗਰ ਕੀਰਤਨ ਵਿੱਚ 550ਵਾਂ ਕਾਰਾਂ ਦਾ ਕਾਫਲਾ ਨਗਰ ਕੀਰਤਨ ਵਿਚ ਸਿੱਖ ਪੰਥ ਦੀ ਸ਼ਾਨ ਵਧਾਏਗਾ। ਨਗਰ ਕੀਰਤਨ ਦਾ ਵੱਖ-ਵੱਖ ਸ਼ਹਿਰਾਂ ਵਿਚ ਪੁੱਜਣ 'ਤੇ ਵੱਖ-ਵੱਖ ਸੰਸਥਾਵਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਜਾਵੇਗਾ। ਇਸ ਦੇ ਨਾਲ ਨਾਭਾ ਵਿਖੇ ਸ਼ਹੀਦ ਬਾਬਾ ਸੇਵਾ ਸੁਸਾਇਟੀ ਵੱਲੋਂ ਵੀ ਨਗਰ ਕੀਰਤਨ ਦਾ ਸਵਾਗਤ ਕੀਤਾ ਜਾਵੇਗਾ। ਇਸ ਮੌਕੇ 'ਤੇ ਕੁਲਦੀਪ ਸਿੰਘ ਖਾਲਸਾ, ਹਰਪ੍ਰੀਤ ਸਿੰਘ, ਨਰਿੰਦਰ ਸਿੰਘ ਚੰਢੋਕ, ਭੁਪਿੰਦਰ ਸਿੰਘ ਖਜ਼ਾਨਚੀ, ਹਰਿੰਦਰ ਸਿੰਘ ਚੱਢਾ, ਕਰਨੈਲ ਸਿੰਘ ਨਾਭਾ ਮੈਨੇਜਰ ਗੁਰਦੁਆਰਾ ਦੁਖਨਿਵਾਰਨ ਸਾਹਿਬ, ਹੈਡ ਗ੍ਰੰਥੀ ਪ੍ਰਣਾਮ ਸਿੰਘ, ਬਲਦੀਪ ਸਿੰਘ, ਦਲਜੀਤ ਸਿੰਘ ਛੀਨਾ, ਹਰਭਜਨ ਸਿੰਘ ਬਖਸ਼ੀ, ਸੁਰਜੀਤ ਸਿੰਘ ਤੋਂ ਇਲਾਵਾ ਸਿੱਖ ਸੰਗਤਾਂ ਹਾਜ਼ਰ ਸਨ।