
ਕੈਪਟਨ ਸਰਕਾਰ ਵਲੋਂ ਬੇਅਦਬੀ ਕਾਂਡ ਲਈ ਗਠਤ ਕੀਤੀ ਵਿਸ਼ੇਸ਼ ਜਾਂਚ ਟੀਮ ਨੇ ਬੇਅਦਬੀ ਕਾਂਡ ਦਾ ਸੁਰਾਗ ਹੀ ਨਾ ਲਾਇਆ ਬਲਕਿ ਮੁਲਜ਼ਮਾਂ ਨੂੰ.....
ਕੋਟਕਪੂਰਾ : ਕੈਪਟਨ ਸਰਕਾਰ ਵਲੋਂ ਬੇਅਦਬੀ ਕਾਂਡ ਲਈ ਗਠਤ ਕੀਤੀ ਵਿਸ਼ੇਸ਼ ਜਾਂਚ ਟੀਮ ਨੇ ਬੇਅਦਬੀ ਕਾਂਡ ਦਾ ਸੁਰਾਗ ਹੀ ਨਾ ਲਾਇਆ ਬਲਕਿ ਮੁਲਜ਼ਮਾਂ ਨੂੰ ਵੀ ਹਿਰਾਸਤ 'ਚ ਲੈਣ 'ਚ ਸਫ਼ਲਤਾ ਹਾਸਲ ਕੀਤੀ ਤਾਂ ਸੀਬੀਆਈ ਦੀ ਟੀਮ ਨੇ ਵੀ ਅਪਣੀ ਕਾਰਵਾਈ ਆਰੰਭ ਦਿਤੀ। ਭਾਵੇਂ 14 ਅਕਤੂਬਰ 2015 ਨੂੰ ਬੇਅਦਬੀ ਕਾਂਡ ਤੋਂ ਬਾਅਦ ਵਾਪਰੇ ਪੁਲਸੀਆ ਅਤਿਆਚਾਰ ਵਿਰੁਧ ਸੰਗਤ 'ਚ ਫੈਲੇ ਰੋਸ ਉਪਰੰਤ ਤਤਕਾਲੀਨ ਬਾਦਲ ਸਰਕਾਰ ਨੇ ਉਕਤ ਕੇਸ ਸੀਬੀਆਈ ਦੇ ਹਵਾਲੇ ਕਰ ਦਿਤਾ ਸੀ ਪਰ ਸੀਬੀਆਈ ਕਿਸੇ ਸਿੱਟੇ ਤਕ ਨਾ ਪੁੱਜ ਸਕੀ
ਤੇ ਸੀਬੀਆਈ ਵਲੋਂ ਮੀਡੀਆ ਤੋਂ ਦੂਰੀਆਂ ਬਣਾ ਕੇ ਰੱਖਣ ਕਾਰਨ ਪੀੜਤ ਪਰਵਾਰਾਂ, ਸਿੱਖ ਸੰਸਥਾਵਾਂ ਅਤੇ ਪੰਥਕ ਜਥੇਬੰਦੀਆਂ ਨੇ ਸੀਬੀਆਈ ਜਾਂਚ ਨੂੰ ਖਾਨਾਪੂਰਤੀ ਸਮਝ ਕੇ ਬਹੁਤੀ ਅਹਿਮੀਅਤ ਦੇਣੀ ਜ਼ਰੂਰੀ ਨਾ ਸਮਝੀ। ਹੁਣ ਸੀਬੀਆਈ ਦੀ ਟੀਮ ਸਰਗਰਮ ਹੋ ਗਈ ਹੈ ਤੇ ਬੀਤੀ ਦੇਰ ਸ਼ਾਮ ਉਕਤ ਟੀਮ ਨੇ ਜਾਂਚ ਟੀਮ ਦੀ ਸਮੁੱਚੀ ਟੀਮ ਦੇ ਨਾਲ ਜ਼ਿਲ੍ਹੇ ਦੇ ਦੋ ਪਿੰਡਾਂ 'ਚ ਬੇਅਦਬੀ ਕਾਂਡ ਨੂੰ ਲੈ ਕੇ ਦਸਤਕ ਦਿਤੀ ਤੇ ਅੱਜ ਉਨ੍ਹਾਂ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਪੁੱਜ ਕੇ ਉਨ੍ਹਾਂ ਦੋ ਥਾਵਾਂ ਦਾ ਦੌਰਾ ਕੀਤਾ ਜਿਸ ਗੁਰਦਵਾਰੇ ਵਿਚੋਂ ਪਾਵਨ ਸਰੂਪ ਚੋਰੀ ਹੋਇਆ ਸੀ
ਅਤੇ ਉਕਤ ਕਾਂਡ ਨਾਲ ਸਬੰਧਤ ਦੱਸੇ ਜਾਂਦੇ ਅਤੇ ਕਤਲ ਕੀਤੇ ਗਏ ਡੇਰਾ ਪ੍ਰੇਮੀ ਦੇ ਘਰ ਸੀਬੀਆਈ ਦੀ ਟੀਮ ਪੁੱਜੀ। ਜਾਣਕਾਰੀ ਅਨੁਸਾਰ ਐਸਆਈਟੀ ਦੇ ਇੰਚਾਰਜ ਡੀਆਈਜੀ ਰਣਬੀਰ ਸਿੰਘ ਖੱਟੜਾ ਸਮੇਤ ਸਮੁੱਚੀ ਟੀਮ ਨੇ ਕਲ ਦੇਰ ਸ਼ਾਮ ਸੀਬੀਆਈ ਦੇ ਅਧਿਕਾਰੀਆਂ ਨਾਲ ਪਹਿਲਾਂ ਪਿੰਡ ਡੱਗੋਰੋਮਾਣਾ ਵਿਖੇ ਡੇਰਾ ਪ੍ਰੇਮੀ ਸ਼ਕਤੀ ਸਿੰਘ ਦੇ ਘਰ ਪਹੁੰਚ ਕਰ ਕੇ ਮੁਆਇਨਾ ਕਰਨ ਉਪਰੰਤ ਨਕਸ਼ਾ ਤਿਆਰ ਕੀਤਾ ਅਤੇ ਉਸ ਤੋਂ ਬਾਅਦ ਉਹ ਪਿੰਡ ਸਿੱਖਾਂ ਵਾਲਾ ਵਿਖੇ ਡੇਰਾ ਪ੍ਰੇਮੀ ਬਲਜੀਤ ਸਿੰਘ ਦੇ ਘਰ ਗਏ ਜਿਥੋਂ ਉਨ੍ਹਾਂ ਉਹ ਟਰੰਕ ਕਬਜ਼ੇ 'ਚ ਲੈ ਲਿਆ
ਜਿਸ ਬਾਰੇ ਦਸਿਆ ਜਾਂਦਾ ਹੈ ਕਿ ਚੋਰੀ ਕਰਨ ਤੋਂ ਬਾਅਦ ਲਗਭਗ ਦੋ ਮਹੀਨੇ ਤਕ ਪਾਵਨ ਸਰੂਪ ਉਸ ਟਰੰਕ ਵਿਚ ਰਖਿਆ ਗਿਆ ਸੀ। ਇਸ ਬਾਰੇ ਪੁਲਿਸ ਅਧਿਕਾਰੀ ਕੋਈ ਪੁਸ਼ਟੀ ਕਰਨ ਨੂੰ ਤਿਆਰ ਨਹੀਂ ਅਤੇ ਸੀਬੀਆਈ ਦਾ ਮਾਮਲਾ ਹੋਣ ਦਾ ਕਹਿ ਕੇ ਪੱਲਾ ਝਾੜ ਰਹੇ ਹਨ ਪਰ ਅੱਜ ਅਚਾਨਕ ਸੀਬੀਆਈ ਦੇ ਅਧਿਕਾਰੀ ਐਸਆਈਟੀ ਦੀ ਟੀਮ ਦੇ ਕੁੱਝ ਮੈਂਬਰਾਂ ਨਾਲ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਉਸ ਗੁਰਦਵਾਰੇ 'ਚ ਪੁੱਜੇ,
ਜਿਥੋਂ 1 ਜੂਨ 2015 ਨੂੰ ਪਾਵਨ ਸਰੂਪ ਚੋਰੀ ਹੋਇਆ ਸੀ। ਚੋਰੀ ਦੇ ਮਾਮਲੇ 'ਚ ਸਾਜ਼ਸ਼ ਰਚਣ ਬਾਰੇ ਗੁਰਦਵਾਰੇ ਦੇ ਨੇੜੇ ਇਕ ਘਰ 'ਚ ਰਹਿੰਦੇ ਡੇਰਾ ਪ੍ਰੇਮੀ ਗੁਰਦੇਵ ਸਿੰਘ 'ਤੇ ਦੋਸ਼ ਲਗਦੇ ਰਹੇ ਤਾਂ ਕੁੱਝ ਸਮੇਂ ਬਾਅਦ ਗੁਰਦੇਵ ਸਿੰਘ ਦਾ ਕਤਲ ਹੋ ਗਿਆ। ਸੀਬੀਆਈ ਦੀ ਟੀਮ ਉਕਤ ਡੇਰਾ ਪ੍ਰੇਮੀ ਦੇ ਘਰ ਵੀ ਗਈ, ਗੁਰਦਵਾਰੇ ਅਤੇ ਡੇਰਾ ਪ੍ਰੇਮੀ ਦੇ ਘਰਾਂ ਦੇ ਨਕਸ਼ੇ ਵੀ ਤਿਆਰ ਕੀਤੇ ਗਏ।