
13 ਸਤੰਬਰ 2021 ਨੂੰ ਕੀਤੀ ਸੀ ਬੇਅਦਬੀ
ਰੂਪਨਗਰ: ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਚ 13 ਸਤੰਬਰ 2021 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੇ ਮਾਮਲੇ ਵਿਚ ਦੋਸ਼ੀ ਪਰਮਜੀਤ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਮੁਹੱਲਾ ਮਹਾਰਾਜ ਨਗਰ ਲੁਧਿਆਣਾ ਨੂੰ 5 ਸਾਲ ਦੀ ਕੈਦ ਅਤੇ ਪੰਜ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਜ਼ਿਲ੍ਹਾ ਤੇ ਸ਼ੈਸ਼ਨ ਜੱਜ ਰਮੇਸ਼ ਕੁਮਾਰੀ ਦੀ ਅਦਾਲਤ ਵਲੋਂ ਅੱਜ ਖਾਲਸਾ ਪੰਥ ਦੀ ਜਨਮ ਭੂਮੀ ’ਤੇ ਬੇਅਦਬੀ ਕਰਨ ਦੇ ਮਾਮਲੇ ਵਿਚ ਇਹ ਸਜ਼ਾ ਸੁਣਾਈ ਗਈ ਹੈ।
ਇਹ ਵੀ ਪੜ੍ਹੋ: ਮਣੀਪੁਰ ਵੀਡੀਓ ਮਾਮਲਾ: 2 ਕੁਕੀ ਮਹਿਲਾਵਾਂ ਦਾ ਸ਼ੋਸ਼ਣ ਕਰਨ ਵਾਲੇ ਮੁੱਖ ਮੁਲਜ਼ਮ ਦੀ ਪਹਿਲੀ ਤਸਵੀਰ ਆਈ ਸਾਹਮਣੇ
ਜ਼ਿਕਰਯੋਗ ਹੈ ਕਿ 13 ਸਤੰਬਰ 2021 ਨੂੰ ਤੜਕੇ ਸਾਢੇ ਚਾਰ ਵਜੇ ਉਕਤ ਦੋਸ਼ੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਚ ਰਾਗੀਆਂ ਦੇ ਪਿਛਲੇ ਪਾਸਿਉਂ ਸਿਗਰੇਟ ਸੁੱਟ ਕੇ ਭੱਜਣ ਲੱਗਿਆ ਸੀ ਤਾਂ ਮੌਕੇ ’ਤੇ ਹਾਜ਼ਰ ਇਕ ਪੁਲਿਸ ਮੁਲਾਜ਼ਮ ਅਤੇ ਸ਼੍ਰੋਮਣੀ ਕਮੇਟੀ ਦੇ ਮੁਲਾਜਮਾਂ ਵਲੋਂ ਉਸ ਨੂੰ ਕਾਬੂ ਕਰ ਲਿਆ ਗਿਆ ਸੀ। ਦੋਸ਼ੀ ਪਰਮਜੀਤ ਸਿੰਘ ’ਤੇ ਥਾਣਾ ਨੂਰਪੁਰ ਬੇਦੀ ਵਿਚ ਸਾਲ 2020 ਵਿਚ ਇਕ ਮੁਕਦਮਾ ਦਰਜ ਕੀਤਾ ਗਿਆ ਸੀ ਅਤੇ ਉਸੇ ਮਾਮਲੇ ਵਿਚ ਉਹ ਰਾਤ ਆ ਕੇ ਸ੍ਰੀ ਅਨੰਦਪੁਰ ਸਾਹਿਬ ਆ ਕੇ ਰਾਤ ਰੁਕ ਗਿਆ ਅਤੇ ਇਸ ਘਟਨਾ ਨੂੰ ਅੰਜਾਮ ਦੇ ਦਿਤਾ। ਤਲਾਸ਼ੀ ਦੋਰਾਨ ਉਸ ਦੀ ਕਾਰ ਵਿਚੋ ਵੀ ਸਿਗਰਟਾਂ ਬਰਾਮਦ ਕੀਤੀਆਂ ਗਈਆ ਸਨ।
ਇਹ ਵੀ ਪੜ੍ਹੋ: ਭਾਰਤੀ ਵਿਦਿਆਰਥੀਆਂ ਨੇ ਅੰਤਰਰਾਸ਼ਟਰੀ ਮੈਥ ਓਲੰਪੀਆਡ 'ਚ ਜਿੱਤੇ 6 ਮੈਡਲ, ਦੇਸ਼ ਦਾ ਨਾਂ ਕੀਤਾ ਰੌਸ਼ਨ
ਦੋਸ਼ੀ ਨੂੰ ਮਿਲਣੀ ਚਾਹੀਦੀ ਸੀ ਫਾਂਸੀ ਦੀ ਸਜ਼ਾ- ਗਿਆਨੀ ਸੁਲਤਾਨ ਸਿੰਘ
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੇ ਇਸ ਸਜ਼ਾ ਨੂੰ ਨਾਕਾਫੀ ਦਸਦਿਆਂ ਆਖਿਆ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਹੈ। ਗਿਆਨੀ ਸੁਲਤਾਨ ਸਿੰਘ ਨੇ ਆਖਿਆ ਕਿ 13 ਸਤੰਬਰ 2021 ਨੂੰ ਅੰਮ੍ਰਿਤ ਵੇਲੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਇਕ ਦੁਸ਼ਟ ਵਿਅਕਤੀ ਨੇ ਸਿਗਰਟ ਪੀ ਕੇ ਜਿਥੇ ਪਾਵਨ ਤਖ਼ਤ ਸਾਹਿਬ ਦੀ ਪਵਿੱਤਰਤਾ ਭੰਗ ਕੀਤੀ ਸੀ, ਉਥੇ ਦੁਨੀਆ ਭਰ ‘ਚ ਵੱਸਦੇ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਸਨ।
ਇਹ ਵੀ ਪੜ੍ਹੋ: ਸੌਦਾ ਸਾਧ ਨੂੰ ਮੁੜ ਪੈਰੋਲ ਦੇਣ ’ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਜਥੇਦਾਰ ਨੇ ਜਤਾਇਆ ਸਖ਼ਤ ਇਤਰਾਜ਼
ਉਨ੍ਹਾਂ ਕਿਹਾ ਕਿ ਬੇਅਦਬੀਆਂ ਦੀਆਂ ਘਟਨਾਵਾਂ ਦਾ ਲਗਾਤਾਰ ਵਾਪਰਨਾ ਕਿਸੇ ਡੂੰਘੀ ਸਾਜ਼ਿਸ਼ ਦਾ ਹਿੱਸਾ ਹੈ ਅਤੇ ਇਸ ਵਰਤਾਰੇ ਪਿੱਛੇ ਕੋਈ ਵੱਡੀਆਂ ਸ਼ਕਤੀਆਂ ਕੰਮ ਕਰ ਰਹੀਆਂ ਹਨ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਬੇਅਦਬੀ ਵੀ ਇਸੇ ਨਾਪਾਕ ਕੜੀ ਦਾ ਹਿੱਸਾ ਸੀ। ਬੇਸ਼ੱਕ ਬੇਅਦਬੀ ਕਰਨ ਵਾਲੇ ਦੋਖੀ ਨੂੰ ਮੌਕੇ ‘ਤੇ ਫੜ ਕੇ ਪੁਲਿਸ ਹਵਾਲੇ ਕਰ ਦਿਤਾ ਗਿਆ ਸੀ ਪਰ ਇਸ ਬੇਅਦਬੀ ਦੀ ਘਟਨਾ ਦੇ ਪਿੱਛੇ ਦੀ ਸਾਜ਼ਸ਼ ਤੇ ਸਾਜ਼ਸ਼ਕਰਤਾ ਨੂੰ ਬੇਪਰਦ ਕਰਨਾ ਵੀ ਕਾਨੂੰਨ ਦਾ ਕੰਮ ਸੀ, ਜੋ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਬੇਅਦਬੀ ਦੀ ਘਟਨਾ ਦੇ ਦੋਸ਼ੀ ਨੂੰ ਮੌਤ ਦੀ ਸਜ਼ਾ ਵਰਗੀ ਮਿਸਾਲੀ ਸਜ਼ਾ ਮਿਲਣੀ ਚਾਹੀਦੀ ਸੀ, ਤਾਂ ਜੋ ਭਵਿੱਖ ਵਿਚ ਕੋਈ ਵੀ ਮਾੜੀ ਸੋਚ ਵਾਲਾ ਵਿਅਕਤੀ ਇਹੋ ਜਿਹਾ ਪਾਪ ਕਰਨ ਦੀ ਹਿੰਮਤ ਨਾ ਕਰ ਸਕਦਾ।