
ਸਿੱਖੀ ਸਿਧਾਂਤਾਂ 'ਤੇ ਇਕ ਹੋਰ ਹਮਲਾ
ਖਾਲੜਾ (ਗੁਰਪ੍ਰੀਤ ਸਿੰਘ ਸ਼ੈਡੀ): ਕਈ ਵਾਰ ਕੁੱਝ ਲੋਕਾਂ ਵਲੋਂ ਅਪਣੀਆਂ ਦੁਕਾਨਾਂ ਦੇ ਜਾਂ ਕੰਪਨੀਆਂ ਨਾਲ ਗੁਰੂ ਸਾਹਿਬਾਨ, ਸਿੱਖ ਸ਼ਹੀਦਾਂ ਦੇ ਨਾਮ 'ਤੇ ਰੱਖੇ ਜਾਂਦੇ ਹਨ ਪਰ ਨਾਵਾਂ ਦੀ ਆੜ ਹੇਠ ਗ਼ਲਤ ਕੰਮ ਕੀਤੇ ਜਾਂਦੇ ਹਨ ਜੋ ਕਿ ਗੁਰਮਤਿ ਸਿਧਾਂਤਾਂ ਦੇ ਉਲਟ ਹੁੰਦੇ ਹਨ।
Sikh
ਇਸੇ ਤਰ੍ਹਾਂ ਸਿੱਖ ਧਰਮ ਗੁਰਬਾਣੀ ਦੇ ਵਿਚ ਖ਼ਾਲਸਾ ਸ਼ਬਦ ਇਕ ਅਹਿਮ ਸਥਾਨ ਰਖਦਾ ਹੈ। ਪਰ ਅੱਜਕਲ ਦੇ ਦਿਨਾਂ ਵਿਚ ਦਿੱਲੀ ਦੀ ਇਕ ਖ਼ਾਲਸਾ ਫ਼ੂਡ ਪ੍ਰੋਡੈਕਟ ਕੰਪਨੀ ਵਲੋਂ ਵਰਤਾਂ ਦੇ ਦਿਨਾਂ ਨੂੰ ਅਹਿਮ ਜਾਣਦਿਆਂ ਸਪੈਸ਼ਲ ਵਰਤ ਲੱਡੂ ਕੱਢੇ ਗਏ ਹਨ। ਇਨ੍ਹਾਂ ਲਿਫ਼ਾਫ਼ਿਆਂ ਤੇ ਹਿੰਦੀ ਦੇ ਵੱਡੇ ਅੱਖਰਾਂ ਵਿਚ ਖ਼ਾਲਸਾ ਜੀ ਲਿਖਿਆ ਹੈ ਅਤੇ ਹੇਠਾਂ ਸਪੈਸ਼ਲ ਵਰਤ ਲੱਡੂ ਲਿਖ ਕੇ ਵੇਚਿਆ ਜਾ ਰਿਹਾ ਹੈ ਜੋ ਕਿ ਖ਼ਾਲਸਾ ਸ਼ਬਦ ਦੇ ਨਾਲ ਸ਼ਰੇਆਮ ਖਿਲਵਾੜ ਕੀਤਾ ਜਾ ਰਿਹਾ ਹੈ।
Photo
ਇਸ ਸਬੰਧੀ ਗੱਲ ਕਰਦਿਆਂ ਗੁਰਮਤਿ ਦੇ ਉਘੇ ਪ੍ਰਚਾਰਕ ਭਾਈ ਸੁਖਵਿੰਦਰ ਸਿੰਘ ਦਦੇਹਰ, ਭਾਈ ਸੰਦੀਪ ਸਿੰਘ ਖਾਲੜਾ, ਭਾਈ ਗੁਰਸ਼ਰਨ ਸਿੰਘ ਡੱਲ, ਭਾਈ ਨਿਰਮਲ ਸਿੰਘ ਸੁਰਸਿੰਘ, ਭਾਈ ਕਰਨਬੀਰ ਸਿੰਘ ਨਾਰਲੀ ਨੇ ਕਿਹਾ ਕਿ ਹਿੰਦੂ ਵੀਰ/ਭੈਣਾਂ ਇਹ ਵਰਤ ਜਦੋਂ ਮਰਜ਼ੀ ਰੱਖਣ ਸਾਨੂੰ ਕੋਈ ਇਤਰਾਜ਼ ਨਹੀਂ ਹੈ, ਪ੍ਰੰਤੂ ਸਿੱਖ ਧਰਮ ਦੇ ਮੁਢਲੇ ਸਿਧਾਂਤਾਂ ਨੂੰ 'ਖ਼ਾਲਸਾ ਜੀ ਕੇ ਵਰਤ ਵਾਲੇ ਲੱਡੂ' ਬਣਾ ਕੇ ਬਜ਼ਾਰਾਂ ਵਿਚ ਸ਼ਰੇਆਮ ਚੈਲੰਜ ਕਰਨਾ ਇਹ ਸਿੱਖ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ।
Photo
ਹਿੰਦੂਮਤ ਵਿਚ ਏਕਾਦਸੀ ਜਨਮ ਅਸ਼ਟਮੀ ਆਦਿਕ ਅਨੇਕਾਂ ਵਰਤ ਰੱਖਣੇ ਵਿਧਾਨ ਹਨ, ਪਰ ਸਿੱਖ ਧਰਮ 'ਚ ਇਨ੍ਹਾਂ ਬਾਬਤ ਆਗਿਆ ਨਹੀਂ ਹੈ। ਇਹ ਸਾਡੇ ਲਈ ਖ਼ਤਰੇ ਦੀ ਘੰਟੀ ਹੈ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ 'ਤੇ ਜ਼ਬਰਦਸਤ ਹਮਲਾ ਹੈ। ਇਸ ਸਬੰਧੀ ਸੋਸ਼ਲ ਮੀਡੀਆ ਤੇ ਜਨਮ ਸਿੰਘ ਨਾਮ ਦੇ ਵਿਅਕਤੀ ਵਲੋਂ ਵੀ ਲਿਖਿਆ ਗਿਆ ਹੈ ਕਿ ਜਿਥੇ ਦੁਕਾਨਦਾਰ ਇਸ ਵਿਚੋਂ ਜ਼ਿਆਦਾ ਫ਼ਾਇਦਾ ਲੈਣ ਲਈ ਦੁਕਾਨ ਤੇ ਆਉਣ ਵਾਲੀਆਂ ਸਿੱਖ ਬੀਬੀਆਂ ਨੂੰ ਪ੍ਰਚਾਰ ਵੀ ਕਰਦੇ ਹਨ ਅਤੇ ਕਹਿੰਦੇ ਸੁਣੇ ਗਏ ਹਨ ਕਿ ਇਹ ਤਾਂ ਤੁਹਾਡੇ ਖ਼ਾਲਸਾ ਧਰਮ ਦੇ ਹੀ ਵਰਤ ਵਾਲੇ ਲੱਡੂ ਹਨ।
Sikh
ਜੇਕਰ ਕੋਈ ਸਿੱਖ ਬੀਬੀ ਕਹਿ ਦਿੰਦੀ ਹੈ ਕਿ ਸਾਡੇ ਸਿੱਖ ਧਰਮ ਵਿਚ ਵਰਤ ਨਹੀਂ ਰੱਖੇ ਜਾਂਦੇ ਤਾਂ ਦੁਕਾਨਦਾਰ ਮਰਦ/ਔਰਤ ਹੱਸ ਕੇ ਗੱਲ ਇਹ ਕਹਿ ਕੇ ਟਾਲ ਦਿੰਦੇ ਹਨ ਕਿ ਤੁਸੀਂ ਨਹੀਂ ਰੱਖਦੇ ਨਾ ਸਹੀ, ਅਪਣੀ ਕਿਸੀ ਹਿੰਦੂ ਸਹੇਲੀ ਨੂੰ ਖ਼ਾਲਸਾ ਜੀ ਦੇ ਵਰਤ ਵਾਲੇ ਲੱਡੂ ਹੀ ਤੋਹਫ਼ੇ ਵਿਚ ਦੇ ਦੇਣਾ।