
ਗੁਰੂ ਨਾਨਕ ਦੇਵ ਯੂਨੀਵਰਸਟੀ ਵਿਚ ਗੁਰੂ ਗ੍ਰੰਥ ਸਾਹਿਬ ਖੋਜ ਕੇਂਦਰ ਦਾ ਕੰਮ ਬੰਦ ਪਿਆ ਹੈ........
ਅੰਮ੍ਰਿਤਸਰ : ਗੁਰੂ ਨਾਨਕ ਦੇਵ ਯੂਨੀਵਰਸਟੀ ਵਿਚ ਗੁਰੂ ਗ੍ਰੰਥ ਸਾਹਿਬ ਖੋਜ ਕੇਂਦਰ ਦਾ ਕੰਮ ਬੰਦ ਪਿਆ ਹੈ। ਇਸ ਦਾ ਕਾਰਨ ਕੇਂਦਰ ਵਲੋਂ ਫ਼ੰਡ ਜਾਰੀ ਨਾ ਕਰਨ ਦਾ ਮਸਲਾ ਦਸਿਆ ਗਿਆ ਹੈ। ਫ਼ੰਡ ਜਾਰੀ ਨਾ ਕਰਨ ਕਰ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਲਾਨਾ ਪ੍ਰਕਾਸ਼ ਉਤਸਵ ਸਬੰਧੀ ਸੈਮੀਨਾਰ ਵੀ ਨਹੀਂ ਕਰਵਾਇਆ ਜਾ ਸਕਿਆ। ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਮਨੁੱਖੀ ਵਸੀਲਿਆਂ ਬਾਰੇ ਯਾਦ-ਪੱਤਰ ਦਿੰਦਿਆਂ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਸਾਰੀ ਮਾਨਵਤਾ ਦੇ ਸਾਂਝੇ ਗ੍ਰੰਥ ਲਈ ਫ਼ੰਡ ਕਿਉਂ ਨਹੀਂ ਜਾਰੀ ਕੀਤਾ।
2004 ਦੇ ਸ਼ੁਰੂ ਵਿਚ ਗਰੂ ਗ੍ਰੰਥ ਸਾਹਿਬ ਦੇ 400 ਸਾਲਾ ਸਥਾਪਨਾ ਦਿਵਸ ਨੂੰ ਸਹੀ ਅਰਥਾਂ ਵਿਚ ਮਨਾਉਂਦਿਆਂ ਉਸ ਵੇਲੇ ਦੇ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਦੇ ਯਤਨਾਂ ਸਦਕਾ ਕੇਂਦਰ ਸਰਕਾਰ ਵਲੋਂ ਗੁਰੂ ਨਾਨਕ ਦੇਵ ਯੁਨੀਵਰਸਟੀ ਵਿਚ ਗੁਰੂ ਗ੍ਰੰਥ ਸਾਹਿਬ ਉਚ ਪੱਧਰ ਦੀ ਖੋਜ ਕੇਂਦਰ ਸਥਾਪਤ ਕੀਤਾ। ਇਸ ਦੀ ਸਥਾਪਨਾ 1 ਸਤੰਬਰ 2011 ਵਿਚ ਹੋਈ, ਜਿਸ ਲਈ ਕੇਂਦਰ ਦੀ ਉੱਚ ਵਿਦਿਆ ਦੇ ਪਸਾਰੇ ਤੇ ਕੰਟਰੋਲ ਲਈ ਬਣਾਈ, ਆਜ਼ਾਦ ਸੰਸਥਾ ਯੂ.ਜੀ.ਸੀ ਵਲੋਂ ਯੂਨੀਵਰਸਟੀ ਨੂੰ ਗੁਰੂ ਗ੍ਰੰਥ ਸਾਹਿਬ ਖੋਜ ਕੇਂਦਰ ਸ਼ੁਰੂ ਕਰਨ ਅਤੇ ਇਸ ਨੂੰ ਚਲਦਾ ਰੱਖਣ ਲਈ ਹਰ ਤਰ੍ਹਾਂ ਦੀ ਮਾਲੀ ਮਦਦ ਦਾ ਭਰੋਸਾ ਦਵਾਇਆ ਸੀ।
ਪਰ 2016 ਤੋਂ ਬਾਅਦ ਯੂਜੀਸੀ ਨੇ ਇਸ ਖੋਜ ਕੇਂਦਰ ਨੂੰ ਚਲਦਾ ਰੱਖਣ ਲਈ ਕੋਈ ਵੀ ਪੈਸਾ ਨਹੀਂ ਭੇਜਿਆ, ਇਸ ਖੋਜ ਕੇਂਦਰ ਨੂੰ ਦੁਬਾਰਾ ਸ਼ੁਰੂ ਕਰਨ ਲਈ ਅੰਮ੍ਰਿਤਸਰ ਦੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕੇਂਦਰੀ ਮੰਤਰੀ ਪ੍ਰਕਾਸ਼ ਜਾਵੇਡਕਰ ਨੂੰ ਪੱਤਰ ਲਿਖ ਕੇ ਇਸ ਖੋਜ ਕੇਂਦਰ ਲਈ ਰਾਸ਼ੀ ਜਾਰੀ ਕਰਨ ਦੀ ਅਪੀਲ ਕੀਤੀ। ਔਜਲਾ ਨੇ ਤੁਰਤ ਫ਼ੰਡ ਜਾਰੀ ਕਰਨ ਦੀ ਮੰਗ ਕੀਤੀ ਹੈ।