
ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਹੈ ਕਿ ਸੰਸਦ ਭਵਨ ਵਿਚ ਬਾਬਾ ਲੱਖੀ ਸ਼ਾਹ ਵਣਜਾਰਾ ਦੀ ਯਾਦਗਾਰ ਕਾਇਮ ਕੀਤੀ ਜਾਣੀ ਚਾਹੀਦੀ ਹੈ..........
ਦਿੱਲੀ/ਚੰਡੀਗੜ੍ਹ• : ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਹੈ ਕਿ ਸੰਸਦ ਭਵਨ ਵਿਚ ਬਾਬਾ ਲੱਖੀ ਸ਼ਾਹ ਵਣਜਾਰਾ ਦੀ ਯਾਦਗਾਰ ਕਾਇਮ ਕੀਤੀ ਜਾਣੀ ਚਾਹੀਦੀ ਹੈ। ਧਰਮਸੋਤ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਦਿੱਲੀ ਵਿਖੇ ਹੋਏ ਬਾਬਾ ਲੱਖੀ ਸ਼ਾਹ ਬੰਜਾਰਾ ਜਾਗ੍ਰਿਤੀ ਸਮਾਰੋਹ ਨੂੰ ਸੰਬਧਨ ਕਰ ਰਹੇ ਸਨ। ਸਮਾਰੋਹ 'ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਧਰਮਸੋਤ ਨੇ ਕਿਹਾ ਕਿ ਬਾਬਾ ਲੱਖੀ ਸ਼ਾਹ ਵਣਜਾਰਾ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਦੇਹ ਦਾ ਅੰਤਮ ਸਸਕਾਰ ਕਰ ਕੇ ਸਿੱਖ ਕੌਮ ਵਿਚ ਅਪਣੀ ਵਖਰੀ ਥਾਂ ਬਣਾਈ।
ਦਿੱਲੀ ਦਾ ਜ਼ਿਆਦਾ ਹਿੱਸਾ ਬਾਬਾ ਲੱਖੀ ਸ਼ਾਹ ਵਣਜਾਰਾ ਦੀ ਜ਼ਮੀਨ ਸੀ ਤੇ ਦੇਸ਼ ਦਾ ਸੰਸਦ ਭਵਨ ਤੇ ਸਾਰੇ ਮੰਤਰਾਲੇ ਵੀ ਉਨ੍ਹਾਂ ਦੀ ਜ਼ਮੀਨ 'ਤੇ ਬਣੇ ਹੋਏ ਹਨ।
ਧਰਮਸੋਤ ਨੇ ਕਿਹਾ ਕਿ ਵਣਜਾਰਾ ਸਮਾਜ ਦਲੇਰ ਅਤੇ ਨਿਡਰ ਕੌਮ ਹੈ। ਇਸ ਨੇ ਮੁਗਲਾਂ ਨਾਲ ਡਟ ਕੇ ਟੱਕਰ ਲਈ ਤੇ ਅਪਣੇ ਹਕਾਂ ਦੀ ਲੜਾਈ ਲੜੀ। ਬੰਜਾਰਾਂ ਸਮਾਜ ਨੇ ਗੁਰੂਆਂ ਨਾਲ ਸ਼ਹੀਦੀਆਂ ਵੀ ਦਿਤੀਆਂ ਪਰ ਕੁੱਝ ਲੋਕ ਸਿਆਸੀ ਜਾਂ ਨਿਜੀ ਹਿਤਾਂ ਲਈ ਇਨ੍ਹਾਂ ਨੂੰ ਮੁਗਲਾਂ ਨਾਲ ਵੰਡ ਕੇ ਖੇਰੂ ਖੇਰੂ ਕਰ ਗਏ। ਅੱਜ ਵਣਜਾਰਾ ਸਮਾਜ ਪਛੜ ਕੇ ਰਹਿ ਗਿਆ ਹੈ।
ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਕਿਹਾ ਕਿ ਬਾਬਾ ਲੱਖੀ ਸ਼ਾਹ ਵਣਜਾਰਾ ਦੀ ਸਿੱਖ ਕੌਮ ਲਈ ਦਿਤੀ ਵੱਡੀ ਕੁਰਬਾਨੀ ਨੂੰ ਭੁਲਾਇਆ ਨਹੀਂ ਜਾ ਸਕਦਾ। ਇਸ ਮੌਕੇ ਪ੍ਰਭੂ ਸਿੰਘ ਚੌਹਾਨ ਵਿਧਾਇਕ ਕਰਨਾਟਕ, ਪ੍ਰੋ. ਸ਼ਿਆਮ ਬਿਹਾਰੀ ਲਾਲ ਵਿਧਾਇਕ ਬਰੇਲੀ (ਯੂ.ਪੀ), ਕੁਲਵੰਤ ਵਿਧਾਇਕ ਕੁਰਕਸ਼ੇਤਰ (ਹਰਿਆਣਾ), ਹਰੀ ਬਾਬੂ ਵਿਧਾਇਕ (ਮਹਾਰਾਸ਼ਟਰਾ), ਰਾਮ ਕੁਮਾਰ ਵਿਧਾਇਕ (ਹਿਮਾਚਲ), ਅਮਰ ਸਿੰਘ ਸ਼ਿਲਾਵਤ ਸਾਬਕਾ ਮੰਤਰੀ, ਰੇਨੂੰ ਸਾਬਕਾ ਮੰਤਰੀ ਯੂਪੀ ਆਦਿ ਹਾਜ਼ਰ ਸਨ।