
ਪਾਕਿਸਤਾਨ ਗਏ ਪਰਮਜੀਤ ਸਿੰਘ ਸਰਨਾ ਨੇ ਕੀਤਾ ਮਤਾ ਪੇਸ਼
ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਵਲੋਂ ਅੱਜ ਪਾਕਿਸਤਾਨ ਸਥਿਤ ਗੁਰਦੁਆਰਾ ਨਨਕਾਣ ਸਾਹਿਬ ਵਿਖੇ ਇਕ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਨਨਕਾਣਾ ਸਾਹਿਬ ਨੂੰ ਛੇਵਾਂ ਤਖ਼ਤ ਐਲਾਨਣ ਦਾ ਮਤਾ ਪੇਸ਼ ਕੀਤਾ ਜਿਸ ਨੂੰ ਸੰਗਤਾਂ ਨੇ ਜੈਕਰਿਆ ਦੀ ਗੂੰਜ ਵਿਚ ਹੱਥ ਖੜੇ ਕਰ ਕੇ ਪ੍ਰਵਾਨਗੀ ਦਿਤੀ। ਨਨਕਾਣਾ ਸਾਹਿਬ ਤੋਂ ਫ਼ੋਨ 'ਤੇ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਸ. ਹਰਵਿੰਦਰ ਸਿੰਘ ਸਰਨਾ ਨੇ ਦਸਿਆ ਕਿ ਨਨਕਾਣਾ ਸਾਹਿਬ ਵਿਖੇ ਦੇਸ਼ ਵਿਦੋਸ਼ ਤੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਵਿਚ ਵਿਸ਼ੇਸ਼ ਤੌਰ 'ਤੇ ਭਾਗ ਲੈਣ ਪੁੱਜੀਆ
ਸੰਗਤਾਂ ਨੂੰ ਅਖੰਡ ਪਾਠ ਦੇ ਭੋਗ ਪੈਣ ਉਪਰੰਤ ਵੱਖ-ਵੱਖ ਬੁਲਾਰਿਆਂ ਵਲੋਂ ਕੀਤੇ ਗਏ ਭਾਸ਼ਨਾਂ ਵਿਚ ਉਸ ਵੇਲੇ ਆਕਾਸ਼ ਗੂੰਜਾਉ ਜੈਕਾਰੇ ਗੂੰਜਣੇ ਸ਼ੁਰੂ ਹੋ ਗਏ ਜਦੋਂ ਸ. ਪਰਮਜੀਤ ਸਿੰਘ ਸਰਨਾ ਨੇ ਗੁਰੂ ਸਾਹਿਬ ਦੀਆਂ ਸਿਖਿਆਵਾਂ ਦਾ ਸੁਨੇਹਾ ਘਰ-ਘਰ ਪਹੁੰਚਾਉਣ ਦਾ ਸੰਦੇਸ਼ ਦਿੰਦਿਆਂ ਸੰਗਤਾਂ ਅੱਗੇ ਇਹ ਵੀ ਮਤਾ ਪੇਸ਼ ਕਰ ਦਿਤਾ ਕਿ ਨਨਕਾਣਾ ਸਾਹਿਬ ਨੂੰ ਛੇਵਾਂ ਤਖ਼ਤ ਐਲਾਨਿਆ ਜਾਵੇ ਤਾਂ ਇਸ ਮਤੇ ਨੂੰ ਸਮੂਹ ਸੰਗਤਾਂ ਨੇ ਉੱਚੀ ਅਵਾਜ਼ ਵਿਚ ਜੈਕਰਿਆ ਦਾ ਗੂੰਜ ਵਿਚ ਹੱਥ ਖੜੇ ਕਰ ਕੇ ਪ੍ਰਵਾਨਗੀ ਦਿਤੀ।
Harvinder Singh Sarna
ਸ. ਹਰਵਿੰਦਰ ਸਿੰਘ ਸਰਨਾ ਨੇ ਦਸਿਆ ਕਿ ਸ. ਪਰਮਜੀਤ ਸਿੰਘ ਸਰਨਾ ਵਲੋਂ ਪੇਸ਼ ਕੀਤੇ ਗਏ ਮਤੇ ਨੂੰ ਜਿਥੇ ਦੇਸ਼ਾਂ ਵਿਦੇਸ਼ਾਂ ਤੋਂ ਆਏ ਹੋਰ ਬੁਲਾਰਿਆ ਨੇ ਸ਼ਲਾਘਾ ਕੀਤੀ ਉਥੇ ਸ਼੍ਰੋਮਣੀ ਕਮੇਟੀ ਦੇ ਜਥੇ ਦੀ ਅਗਵਾਈ ਕਰ ਰਹੇ ਸ਼੍ਰੋਮਣੀ ਕਮੇਟੀ ਮੈਂਬਰ ਸ. ਅਮਰਜੀਤ ਸਿੰਘ ਭਲਾਈਪੁਰ ਨੇ ਇਸ ਮਤੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਇਸ ਮਤੇ ਨਾਲ ਪੂਰੀ ਤਰ੍ਹਾਂ ਸਹਿਮਤ ਹਨ ਤੇ ਇਸ ਮਤੇ ਨੂੰ ਅਮਲੀਜਾਮਾ ਪਹਿਨਾਉਣ ਲਈ ਕੋਈ ਵੀ ਕਸਰ ਬਾਕੀ ਨਹੀਂ ਛਡਣਗੇ।