
ਪਿਛਲੇ ਦਿਨੀਂ ਦਿੱਲੀ ਦੇ ਪੰਜ ਤਾਰਾ ਹੋਟਲ 'ਲੀਅ ਮੈਰੀਡੀਅਨ' 'ਚ ਦਿੱਲੀ ਦੇ ਸਿੱਖ ਪਤਵੰਤਿਆਂ ਨਾਲ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮਾੜੇ ਪ੍ਰਬੰਧਾਂ ਬਾਰੇ....
ਨਵੀਂ ਦਿੱਲੀ : ਪਿਛਲੇ ਦਿਨੀਂ ਦਿੱਲੀ ਦੇ ਪੰਜ ਤਾਰਾ ਹੋਟਲ 'ਲੀਅ ਮੈਰੀਡੀਅਨ' 'ਚ ਦਿੱਲੀ ਦੇ ਸਿੱਖ ਪਤਵੰਤਿਆਂ ਨਾਲ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮਾੜੇ ਪ੍ਰਬੰਧਾਂ ਬਾਰੇ ਚਰਚਾ ਕਰਨ ਪਿਛੋਂ ਅੱਜ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਸ. ਹਰਵਿੰਦਰ ਸਿੰਘ ਸਰਨਾ ਨੇ ਹੁਣ ਪਤਵੰਤੇ ਸਿੱਖਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਦਿੱਲੀ ਕਮੇਟੀ ਦੇ ਪ੍ਰਧਾਨ ਸ.ਮਨਜੀਤ ਸਿੰਘ ਜੀ ਕੇ ਵਲੋਂ ਸੱਦੀ ਚਾਹ ਪਾਰਟੀ ਵਿਚ ਉਨ੍ਹਾਂ ਦਾ ਸਾਥ ਦੇਣ ਦੀ ਬਜਾਏ ਗੁਰਦੁਆਰਾ ਗੋਲਕ ਦੀ ਦੁਰਵਰਤੋਂ ਬਾਰੇ ਸਵਾਲ ਪੁਛਣ।
ਉਨ੍ਹਾਂ ਕਿਹਾ ਪਤਵੰਤੇ ਸਿੱਖ ਸ.ਜੀ.ਕੇ. ਦੀ ਮਾੜੀ ਕਾਰਗੁਜ਼ਾਰੀਆਂ ਵਿਚ ਉਨ੍ਹਾਂ ਦਾ ਸਾਥ ਨਾ ਦੇਣ, ਅਜਿਹਾ ਕਰ ਕੇ, ਪਤਵੰਤੇ ਸਿੱਖ ਆਪਣੇ ਪੁਰਖਿਆਂ ਦੀ ਸ਼ਹੀਦੀਆਂ ਨੂੰ ਮਿੱਟੀ ਵਿਚ ਹੀ ਰੋਲ ਰਹੇ ਹੋਣਗੇ ਜਿਨ੍ਹਾਂ ਗੁਰਦਵਾਰਿਆਂ ਦੇ ਸੁਧਾਰ ਹਿਤ ਆਪਣਾ ਆਪਾ ਵਾਰਿਆ। ਸ. ਸਰਨਾ ਨੇ ਕਿਹਾ ਕਿ ਹੁਣ ਜਦ ਸ. ਜੀ.ਕੇ. ਵਲੋਂ ਕਮੇਟੀ ਵਿਚ ਕੀਤੀ ਜਾ ਰਹੀਆਂ ਅਖੌਤੀ ਹੇਰਾਫੇਰੀਆਂ ਨਸ਼ਰ ਹੋ ਰਹੀਆਂ ਹਨ, ਤਾਂ ਉਹ ਪਤਵੰਤੇ ਸਿੱਖਾਂ ਨੂੰ ਚਾਹ 'ਤੇ ਬੁਲਾ ਰਹੇ ਹਨ । ਉਨ੍ਹਾਂ ਇਹ ਵੀ ਕਿਹਾ ਕਿ 2019 ਦੀਆਂ ਲੋਕ ਸਭਾ ਚੋਣਾਂ ਲਈ ਫੰਡ ਇਕੱਠਾ ਕਰਨ ਲਈ ਇਹ ਚਾਹ ਪਾਰਟੀ ਸੱਦੀ ਗਈ ਹੈ।
ਉਨ੍ਹਾਂ ਕਿਹਾ ਕਿ ਇਹ ਸ਼ਰਮਨਾਕ ਹੈ ਕਿ ਬਾਦਲ ਦਲ ਦੀ ਅਗਵਾਈ ਵਾਲੀ ਕਮੇਟੀ ਦੇ ਪ੍ਰਧਾਨ ਸ.ਮਨਜੀਤ ਸਿੰਘ ਜੀ ਕੇ ਪੰਜਾਬ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਬਾਰੇ ਨਹੀਂ ਬੋਲਦੇ। ਉਨਾਂ੍ਹ ਕਿਹਾ ਕਿ ਪਤਵੰਤੇ ਸਿੱਖਾਂ ਨੂੰ ਚਾਹੀਦਾ ਹੈ ਕਿ ਉਹ ਸ.ਜੀ.ਕੇ. ਦੀ ਚਾਹ ਪਾਰਟੀ ਵਿਚ ਮਹਿਮਾਨ ਬਣਨ ਦੀ ਥਾਂ ਗੁਰੂ ਦੇ ਸਿੱਖ ਹੋਣ ਦੇ ਨਾਤੇ ਗੁਰਦਵਾਰਾ ਕਮੇਟੀ ਵਿਚ ਹੋ ਰਹੀ ਗੁਰਦਵਾਰਾ ਗੋਲਕ ਤੇ ਹੋਰ ਸੋਮਿਆਂ ਦੀ ਹੋ ਰਹੀ ਅਖੌਤੀ ਲੁੱਟ ਖਸੁੱਟ ਬਾਰੇ ਸਵਾਲ ਕਰਨ ਤਾਂ ਚੰਗਾ ਰਹੇਗਾ।
ਉਨ੍ਹਾਂ ਇਥੋਂ ਤੱਕ ਆਖ ਦਿਤਾ ਕਿ ਜਦ ਕਮੇਟੀ ਪ੍ਰਧਾਨ ਦਾ ਦਾਮਨ ਦਾਗਦਾਰ ਹੋ ਚੁਕਾ ਹੈ ਤਾਂ ਅਜਿਹੇ ਵਿਚ ਉਨ੍ਹਾਂ ਨਾਲ ਬੈਠਣਾ ਵੀ ਸੰਗਤ ਦੀਆਂ ਨਜ਼ਰਾਂ ਵਿਚ ਨਵੇਂ ਸਵਾਲਾਂ ਨੂੰ ਜਨਮ ਦੇਵੇਗਾ। ਇਹ ਚਾਹ ਪਾਰਟੀ ਇਕ ਸਿਆਸੀ ਚਾਲ ਹੈ, ਹੁਣ ਵੇਖਣਾ ਹੈ ਕਿ ਪਤਵੰਤੇ ਸਿੱਖ ਇਸ ਚਾਲ ਵਿਚ ਫੱਸਦੇ ਹਨ ਜਾਂ ਆਪਣਾ ਫ਼ਰਜ਼ ਨਿਭਾਅ ਕੇ, ਗੁਰਦਵਾਰਾ ਗੋਲਕ ਦਾ ਹਿਸਾਬ ਮੰਗਦੇ ਹਨ।