
ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਸੋਸ਼ਲ ਮੀਡੀਆ 'ਤੇ ਚਲ ਰਹੀਆਂ ਉਨ੍ਹਾਂ ਅਫ਼ਵਾਹਾਂ ਦਾ ਖੰਡਨ ਕੀਤਾ ਹੈ...........
ਅੰਮ੍ਰਿਤਸਰ, : ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਸੋਸ਼ਲ ਮੀਡੀਆ 'ਤੇ ਚਲ ਰਹੀਆਂ ਉਨ੍ਹਾਂ ਅਫ਼ਵਾਹਾਂ ਦਾ ਖੰਡਨ ਕੀਤਾ ਹੈ ਜਿਸ ਵਿਚ ਦਰਬਾਰ ਸਾਹਿਬ 'ਤੇ ਲੱਗੇ ਸੋਨੇ ਨੂੰ ਪੁਰਾਣਾ ਹੋਣ ਕਾਰਨ ਬਦਲਣ ਦੀ ਗੱਲ ਆਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦਰਬਾਰ ਸਾਹਿਬ ਦੇ ਸੋਨੇ ਨੂੰ ਨਾ ਤਾਂ ਬਦਲਿਆ ਜਾ ਰਿਹਾ ਹੈ ਅਤੇ ਨਾ ਹੀ ਇਸ ਨੂੰ ਬਦਲਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਦੀ ਸਾਂਭ-ਸੰਭਾਲ ਅਤੇ ਸਾਫ਼-ਸਫਾਈ ਲਈ ਸ਼੍ਰੋਮਣੀ ਕਮੇਟੀ ਵਲੋਂ ਸਮੇਂ-ਸਮੇਂ ਸੇਵਾ ਕਰਵਾਈ ਜਾਂਦੀ ਹੈ।
ਡਾ. ਰੂਪ ਸਿੰਘ ਅਨੁਸਾਰ ਦਰਬਾਰ ਸਾਹਿਬ ਦੇ ਸੋਨੇ ਦੀ ਧੁਆਈ ਦੀ ਸੇਵਾ ਭਾਈ ਮਹਿੰਦਰ ਸਿੰਘ ਮੁਖੀ ਨਿਸ਼ਕਾਮ ਸੇਵਕ ਜਥਾ ਬਰਮਿੰਘਮ ਇੰਗਲੈਂਡ ਵਲੋਂ ਕੁਦਰਤੀ ਢੰਗ ਨਾਲ ਕੀਤੀ ਜਾਂਦੀ ਹੈ ਜਿਸ ਨਾਲ ਸੋਨੇ ਦੀ ਚਮਕ ਅਤੇ ਸੁੰਦਰਤਾ ਬਰਕਰਾਰ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ 'ਤੇ ਬਿਨਾਂ ਕਿਸੇ ਪ੍ਰਮਾਣਕਤਾ ਦੇ ਜਾਣ-ਬੁਝ ਕੇ ਅਫ਼ਵਾਹਾਂ ਫ਼ੈਲਾਈਆਂ ਜਾਂਦੀਆਂ ਹਨ ਜਿਨ੍ਹਾਂ ਤੋਂ ਸੰਗਤ ਸੁਚੇਤ ਰਹੇ।