
ਪੇਸ਼ਾਵਰ ਵਿਚ ਸਿੱਖਾਂ ਨੂੰ ਮੋਟਰਸਾਈਕਲ ਦੀ ਸਵਾਰੀ ਕਰਨ ਦੌਰਾਨ ਹੈਲਮੈਟ ਪਾਉਣ ਤੋਂ ਛੋਟ ਮਿਲ ਗਈ..........
ਪੇਸ਼ਾਵਰ : ਪੇਸ਼ਾਵਰ ਵਿਚ ਸਿੱਖਾਂ ਨੂੰ ਮੋਟਰਸਾਈਕਲ ਦੀ ਸਵਾਰੀ ਕਰਨ ਦੌਰਾਨ ਹੈਲਮੈਟ ਪਾਉਣ ਤੋਂ ਛੋਟ ਮਿਲ ਗਈ ਹੈ। ਇਕ ਅਖ਼ਬਾਰ ਮੁਤਾਬਕ ਘੱਟ ਗਿਣਤੀ ਭਾਈਚਾਰੇ ਦੇ ਇਕ ਮੈਂਬਰ ਨੇ ਖ਼ੈਬਰ ਪਖ਼ਤੂਨਖ਼ਵਾ ਅਸੈਂਬਲੀ ਵਿਚ ਇਸ ਮੁੱਦੇ ਨੂੰ ਚੁਕਿਆ ਸੀ ਜਿਸ ਤੋਂ ਬਾਅਦ ਪੇਸ਼ਾਵਰ ਪੁਲਿਸ ਨੇ ਭਾਈਚਾਰੇ ਦੇ ਲੋਕਾਂ ਨੂੰ ਇਹ ਛੋਟ ਦਿਤੀ। ਇਹ ਛੋਟ ਉਨ੍ਹਾਂ ਲੋਕਾਂ ਲਈ ਹੈ ਜੋ ਪੱਗ ਬੰਨ੍ਹਦੇ ਹਨ। ਖ਼ੈਬਰ ਪਖ਼ਤੂਨਖ਼ਵਾ ਵਿਚ 60,000 ਸਿੱਖ ਰਹਿੰਦੇ ਹਨ, ਜਿਸ 'ਵਿਚ 15,000 ਤਾਂ ਪੇਸ਼ਾਵਰ ਵਿਚ ਹੀ ਰਹਿੰਦੇ ਹਨ।
ਪੇਸ਼ਾਵਰ ਵਿਚ ਆਵਾਜਾਈ ਐਸ.ਐਸ.ਪੀ. ਕਾਸ਼ਿਫ਼ ਜੁਫ਼ਲਕਾਰ ਨੇ ਘੱਟ ਗਿਣਤੀ ਭਾਈਚਾਰੇ ਨੂੰ ਪੂਰੇ ਸਹਿਯੋਗ ਦਾ ਭਰੋਸਾ ਦਿਤਾ। ਲਾਹੌਰ ਵਿਚ ਵੀ ਹੈਲਮੈਟ ਨਹੀਂ ਪਾਉਣ ਵਾਲੇ ਦੋ ਪਹੀਆ ਵਾਹਨ ਸਵਾਰ ਲੋਕਾਂ ਵਿਰੁਧ ਕਾਰਵਾਈ ਹੋ ਰਹੀ ਹੈ। ਸਤੰਬਰ ਦੇ ਅੰਤ ਤਕ ਸਿਟੀ ਟ੍ਰੈਫ਼ਿਕ ਪੁਲਿਸ ਲਾਹੌਰ ਨੇ ਹੈਲਮੈਟ ਨਹੀਂ ਪਾਉਣ ਵਾਲੇ 58,066 ਮੋਟਰਸਾਈਕਲ ਚਾਲਕਾਂ 'ਤੇ ਕਾਰਵਾਈ ਕੀਤੀ। ਸੀ.ਟੀ.ਪੀ.ਐਲ. ਦੀ ਮੁਹਿੰਮ ਤੋਂ ਬਾਅਦ ਹੈਲਮੈਟ ਦੀਆਂ ਕੀਮਤਾਂ ਵੱਧ ਗਈਆਂ ਹਨ। 400-500 ਦੀ ਕੀਮਤ ਵਾਲਾ ਹੈਲਮੈਟ 1000-1500 ਰੁਪਏ ਤਕ ਪਹੁੰਚ ਗਿਆ ਹੈ। (ਪੀ.ਟੀ.ਆਈ)