
ਪੰਥਦਰਦੀਆਂ ਮੁਤਾਬਕ ਬਾਦਲ ਵਿਰੋਧੀਆਂ ਦੀ ਪਾਟੋ-ਧਾੜ ਨਾਲ ਹੋਇਆ ਨੁਕਸਾਨ
ਕੋਟਕਪੂਰਾ (ਗੁਰਿੰਦਰ ਸਿੰਘ) : ਦਿੱਲੀ ਸਿੱਖ ਗੁਰਦਵਾਰਾ ਮੈਨੇਜਮੈਂਟ ਕਮੇਟੀ (Delhi Sikh Gurdwara Management Committee) ਦੀਆਂ ਚੋਣਾਂ ਦੇ ਨਤੀਜੇ ਮੁਤਾਬਕ ਬਾਦਲ ਅਕਾਲੀ ਦਲ (Akali Dal Badal) ਨਾਲ ਸਬੰਧਤ 27 ਉਮੀਦਵਾਰ ਜੇਤੂ ਰਹੇ ਹਨ, ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਇਸ ਨੂੰ ਪੰਥਕ ਫ਼ਤਵਾ ਬਾਦਲ ਦਲ ਦੇ ਹੱਕ ਵਿਚ ਮਿਲਣ ਦਾ ਦਾਅਵਾ ਕੀਤਾ ਹੈ ਪਰ ਪੰਥਦਰਦੀ ਇਸ ਨੂੰ ਪੰਥਕ ਫ਼ਤਵਾ ਮੰਨਣ ਲਈ ਬਿਲਕੁਲ ਵੀ ਤਿਆਰ ਨਹੀਂ।
Delhi Gurdwara Committee election results
ਪੰਥਦਰਦੀਆਂ ਮੁਤਾਬਕ ਦਿੱਲੀ ਦੇ 63 ਫ਼ੀ ਸਦੀ ਸਿੱਖ ਵੋਟਰਾਂ ਨੇ ਇਸ ਚੋਣ ਪ੍ਰਕਿਰਿਆ ਨੂੰ ਨਕਾਰਦਿਆਂ ਵੋਟ ਨਾ ਪਾਉਣ ਦਾ ਫ਼ੈਸਲਾ ਕੀਤਾ ਅਤੇ 3 ਲੱਖ 42 ਹਜ਼ਾਰ ਵੋਟਰਾਂ ’ਚੋਂ ਸਿਰਫ਼ 50 ਹਜ਼ਾਰ ਵੋਟਾਂ ਮਿਲਣ ਨਾਲ ਸਮੁੱਚੇ ਪੰਥ ਦਾ ਫ਼ਤਵਾ ਅਪਣੇ ਹੱਕ ਵਿਚ ਦਰਸਾਉਣਾ ਪੰਥਦਰਦੀਆਂ ਦੇ ਗਲੇ ਤੋਂ ਨਹੀਂ ਉਤਰ ਰਿਹਾ। ਦਿੱਲੀ ਗੁਰਦਵਾਰਾ ਚੋਣਾਂ ਦਾ ਅਹਿਮ ਤੇ ਦਿਲਚਸਪ ਪਹਿਲੂ ਇਹ ਦੇਖਣ ਨੂੰ ਮਿਲਿਆ ਕਿ ਕਰੀਬ 4 ਸਾਲ ਪਹਿਲਾਂ 2017 ਦੀਆਂ ਆਮ ਚੋਣਾਂ ਵਿਚ ਬਾਦਲ ਦਲ ਵਲੋਂ ਪ੍ਰਧਾਨਗੀ ਪਦ ਦੇ ਉਮੀਦਵਾਰ ਮਨਜੀਤ ਸਿੰਘ ਜੀ.ਕੇ. ਨੇ ਬਾਦਲਾਂ ਨੂੰ ਦਿੱਲੀ ਚੋਣਾਂ ਤੋਂ ਦੂਰ ਰਹਿਣ ਦੀ ਨਸੀਅਤ ਦਿੰਦਿਆਂ ਐਲਾਨ ਕੀਤਾ ਸੀ ਕਿ ਫ਼ਲੈਕਸਾਂ ਉਪਰ ਬਾਦਲਾਂ ਦੀ ਤਸਵੀਰ ਨਹੀਂ ਲੱਗੇਗੀ ਅਤੇ ਬੇਅਦਬੀ ਕਾਂਡ ਦਾ ਭਖਦਾ ਮੁੱਦਾ ਭਾਰੂ ਹੋਣ ਕਰ ਕੇ ਕਿਸੇ ਵੀ ਮੰਚ ਤੋਂ ਬਾਦਲਾਂ ਦਾ ਨਾਮ ਨਹੀਂ ਲਿਆ ਜਾਵੇਗਾ।
Manjit Singh GK
ਹੋਰ ਪੜ੍ਹੋ: ਜਲਦਬਾਜ਼ੀ ’ਚ ਚੁੱਕੇ ਕਦਮ ਕਾਰਨ ਨਰਾਜ਼ ਮੰਤਰੀਆਂ ਤੇ ਵਿਧਾਇਕਾਂ ’ਤੇ ਭਾਰੀ ਪਏ ਕੈਪਟਨ
ਉਸ ਸਮੇਂ 46 ਵਿਚੋਂ 35 ਸੀਟਾਂ ਮਿਲਣ ਦੇ ਐਲਾਨ ਦੇ ਤੁਰਤ ਬਾਅਦ ਸੁਖਬੀਰ ਸਿੰਘ ਬਾਦਲ ਦੀ ਦਿੱਲੀ ਵਿਖੇ ਆਮਦ ਨੇ ਸਿੱਖ ਵੋਟਰਾਂ ਨੂੰ ਹੈਰਾਨ ਤੇ ਪੇ੍ਰਸ਼ਾਨ ਕਰ ਦਿਤਾ ਸੀ, ਕਿਉਂਕਿ ਸਿੱਖ ਵੋਟਰ ਖ਼ੁਦ ਨੂੰ ਠੱਗਿਆ ਠੱਗਿਆ ਮਹਿਸੂਸ ਕਰਨ ਲੱਗ ਗਿਆ ਕਿ ਉਨ੍ਹਾਂ ਬਾਦਲਾਂ ਨੂੰ ਤਾਂ ਵੋਟਾਂ ਨਹੀਂ ਪਾਈਆਂ ਪਰ ਗੁਰਦਵਾਰਾ ਕਮੇਟੀ ’ਤੇ ਕਬਜ਼ਾ ਫਿਰ ਬਾਦਲਾਂ ਦਾ ਹੋ ਗਿਆ। ਇਸ ਵਾਰ ਵੀ ਬਿਲਕੁਲ ਉਸੇ ਤਰ੍ਹਾਂ ਵਾਪਰਿਆ, ਮਨਜਿੰਦਰ ਸਿੰਘ ਸਿਰਸਾ ਖ਼ੁਦ ਤਾਂ ਲਗਭਗ 500 ਵੋਟਾਂ ਦੇ ਫ਼ਰਕ ਨਾਲ ਹਰਵਿੰਦਰ ਸਿੰਘ ਸਰਨਾ ਤੋਂ ਹਾਰ ਗਏ ਪਰ 27 ਸੀਟਾਂ ਮਿਲਣ ਦੀ ਖ਼ੁਸ਼ੀ ਵਿਚ ਸੁਖਬੀਰ ਸਿੰਘ ਬਾਦਲ ਨੇ ਤੁਰਤ ਦਿੱਲੀ ਪਹੁੰਚਦਿਆਂ ਐਲਾਨ ਕਰ ਦਿਤਾ ਕਿ ਬਾਦਲ ਦਲ ਨੂੰ ਸਮੁੱਚੇ ਪੰਥ ਦਾ ਫ਼ਤਵਾ ਮਿਲ ਗਿਆ ਹੈ।
Sukhbir Badal
ਹੋਰ ਪੜ੍ਹੋ: ਸੰਪਾਦਕੀ: ਭਾਰਤ ਵਿਚ ਪਹਿਲੀ ਵਾਰ, ਇਕ ਰਾਜ ਸਰਕਾਰ ਨੇ ਇਕ ਕੇਂਦਰੀ ਮੰਤਰੀ ਨੂੰ ਗ੍ਰਿਫ਼ਤਾਰ ਕੀਤਾ!
ਪੰਥਕ ਧਿਰਾਂ ਇਸ ਨੂੰ ਬਾਦਲ ਵਿਰੋਧੀਆਂ ਦੀ ਪਾਟੋ-ਧਾੜ ਕਰ ਕੇ ਹੋਇਆ ਨੁਕਸਾਨ ਦਰਸਾ ਰਹੀਆਂ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਜੇਕਰ ਬਾਦਲ ਵਿਰੋਧੀ ਧਿਰਾਂ ਇਕ ਮੰਚ ’ਤੇ ਇਕੱਤਰ ਹੋ ਜਾਂਦੀਆਂ ਤਾਂ ਬਾਦਲਾਂ ਨੂੰ ਹਰਾਇਆ ਜਾ ਸਕਦਾ ਸੀ, ਇਸ ਨਾਲ ਜਿਥੇ ਮੈਨੇਜਮੈਂਟ ਕਮੇਟੀ ਦੇ ਅਧੀਨ ਆਉਂਦੇ ਬਾਲਾ ਸਾਹਿਬ ਹਸਪਤਾਲ, ਸਕੂਲ, ਗੁਰਦਵਾਰਿਆਂ ਦੇ ਖਾਤਿਆਂ ਦੀ ਜਾਂਚ ਅਤੇ ਹੋਰ ਭਿ੍ਰਸ਼ਟਾਚਾਰ ਵਾਲੇ ਮੁੱਦਿਆਂ ਦੀ ਜਾਂਚ ਕਰਵਾਉਣੀ ਆਸਾਨ ਹੋ ਜਾਂਦੀ ਉੱਥੇ ਗੁਰਦਵਾਰਾ ਬੰਗਲਾ ਸਾਹਿਬ ਦੀ ਸਟੇਜ ਤੋਂ ਪੰਥ ਵਿਰੋਧੀ ਤਾਕਤਾਂ ਦਾ ਕਬਜ਼ਾ ਵੀ ਹਟਾ ਲਿਆ ਜਾਂਦਾ।
Manjinder Sirsa
ਇਥੇ ਇਹ ਦਸਣਾ ਵੀ ਜ਼ਰੂਰੀ ਹੈ ਕਿ ਸਾਰੇ ਹਲਕਿਆਂ ’ਚ 33 ਫ਼ੀ ਸਦੀ ਤੋਂ ਵੀ ਘੱਟ ਪੋਲਿੰਗ ਹੋਈ ਪਰ ਮਨਜਿੰਦਰ ਸਿੰਘ ਸਿਰਸਾ ਦੇ ਹਲਕੇ ਵਿਚ 54 ਫ਼ੀ ਸਦੀ ਤੋਂ ਵੱਧ ਪੋਲਿੰਗ ਹੋਣ ਦੇ ਬਾਵਜੂਦ ਸਿਰਸਾ ਦੇ ਹਾਰ ਜਾਣ ਦੀ ਘਟਨਾ ਤੋਂ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਦਿੱਲੀ ਦਾ ਸਿੱਖ ਵੋਟਰ ਬਾਦਲਾਂ ਦੀ ਕਾਰਗੁਜ਼ਾਰੀ ਤੋਂ ਖ਼ੁਸ਼ ਜਾਂ ਸੰਤੁਸ਼ਟ ਨਹੀਂ।