
ਸਰਬੱਤ ਖ਼ਾਲਸਾ ਦੇ ਜਥੇਦਾਰ ਧਿਆਨ ਸਿੰਘ ਮੰਡ ਨੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਨੂੰ ਧੋਖੇਬਾਜ਼ ਕਰਾਰ ਦਿਤਾ ਹੈ।
ਬਠਿੰਡਾ (ਬਲਵਿੰਦਰ ਸ਼ਰਮਾ): ਸਰਬੱਤ ਖ਼ਾਲਸਾ ਦੇ ਜਥੇਦਾਰ ਧਿਆਨ ਸਿੰਘ ਮੰਡ ਨੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਨੂੰ ਧੋਖੇਬਾਜ਼ ਕਰਾਰ ਦਿਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਹੀ ਕਿਉਂ, ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ, ਕੁਲਬੀਰ ਸਿੰਘ ਜ਼ੀਰਾ ਅਤੇ ਹਰਮੰਦਰ ਸਿੰਘ ਗਿੱਲ ਨੂੰ ਵੀ ਤੁਰਤ ਅਸਤੀਫ਼ਾ ਦੇਣਾ ਚਾਹੀਦਾ ਹੈ।
Sukhjinder Singh Randhawa
ਜਥੇਦਾਰ ਮੰਡ ਦਾ ਇਹ ਬਿਆਨ ਬੇਅਦਬੀ ਮਾਮਲਿਆਂ ਸਬੰਧੀ ਚੱਲ ਰਹੇ ਅਦਾਲਤੀ ਕੇਸ ਬਾਰੇ ਬਣੀ ਸਿਟ ਦੀ ਰਿਪੋਰਟ ਖ਼ਾਰਜ ਹੋਣ ਦੀ ਪ੍ਰਤੀਕਿਰਿਆ ਹੈ ਕਿਉਂਕਿ ਇਸ ਮਾਮਲੇ ’ਚ ਜਲਦੀ ਫ਼ੈਸਲਾ ਹੁੰਦਾ ਨਜ਼ਰ ਨਹੀਂ ਆ ਰਿਹਾ। ਜਥੇਦਾਰ ਮੰਡ ਨੇ ਕਿਹਾ ਕਿ ਸਿਟ ਖ਼ਾਰਜ ਹੋਣ ਨੂੰ ਲੈ ਕੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅਤੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਅਸਤੀਫ਼ਾ ਦੇਣ ਦੀ ਪਹਿਲ ਦਾ ਉਹ ਸਵਾਗਤ ਕਰਦੇ ਹਨ।
Dhian Singh Mand
ਉਨ੍ਹਾਂ ਕਿਹਾ ਕਿ ਉਕਤ ਦੋਵੇਂ ਮੰਤਰੀ ਅਤੇ ਤਿੰਨ ਵਿਧਾਇਕ ਬਰਗਾੜੀ ਮੋਰਚੇ ਵਿਚ ਕੈਪਟਨ ਅਮਰਿੰਦਰ ਸਿੰਘ ਦੇ ਦੂਤ ਬਣ ਕੇ ਪਹੁੰਚੇ ਸਨ, ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ’ਚ ਸਿੱਖ ਸੰਗਤਾਂ ਨੂੰ ਭਰੋਸਾ ਦਿਵਾਇਆ ਸੀ ਕਿ ਉਹ ਬਰਗਾੜੀ ਮੋਰਚੇ ਦੀਆਂ ਸਾਰੀਆਂ ਮੰਗਾਂ ਹਰ ਹਾਲ ਪੂਰੀਆਂ ਕਰਵਾਉਣਗੇ ਪਰ ਕੈਪਟਨ ਸਰਕਾਰ ਦੀ ਲਾਪ੍ਰਵਾਹੀ ਸਦਕਾ ਹਾਈ ਕੋਰਟ ਵਲੋਂ ਸਿਟ ਹੀ ਰੱਦ ਕਰ ਦਿਤੀ ਗਈ। ਉਲਟਾ ਹਾਈ ਕੋਰਟ ਦਾ ਆਦੇਸ਼ ਹੈ ਕਿ ਨਵੀਂ ਸਿਟ ਬਣਾਈ ਜਾਵੇ।