
ਲੰਮੇ ਸਮੇਂ ਤਕ ਹੁੰਦਾ ਰਿਹਾ ਨਸਲੀ ਵਿਤਕਰਾ
ਨਿਊਯਾਰਕ : ਅਕਸਰ ਵਿਦੇਸ਼ਾਂ ਵਿਚ ਸਿੱਖਾਂ ਦੀ ਪਛਾਣ ਸਬੰਧੀ ਭੰਬਲਭੂਸਾ ਬਣਿਆ ਰਹਿੰਦਾ ਹੈ ਤੇ ਸਾਡੇ ਪੰਥਕ ਆਗੂ ਬਿਆਨਬਾਜ਼ੀ ਕਰ ਕੇ ਡੰਗ ਸਾਰ ਲੈਂਦੇ ਹਨ ਪਰ ਇਹ ਹੰਭਲਾ ਨਹੀਂ ਮਾਰ ਸਕਦੇ ਕਿ ਉਹ ਵਿਸ਼ਵ ਪੱਧਰ 'ਤੇ ਸਿੱਖੀ ਦੀ ਪਛਾਣ ਦੇ ਖ਼ਾਸ ਲੱਛਣ ਲੋਕਾਂ ਸਾਹਕਣੇ ਰੱਖ ਸਕਣ ਜਿਸ ਕਾਰਨ ਕਈ ਵਾਰ ਸਿੱਖੀ ਭੇਸ਼ ਵਾਲੇ ਲੋਕਾਂ ਨੂੰ ਨਸਲੀ ਵਿਤਕਰੇ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਅਮਰੀਕੀ ਸੂਬੇ ਮੇਰੀਲੈਂਡ ਦੇ ਇਕ ਸਿੱਖ ਡਰਾਈਵਰ ਨੂੰ ਕਈ ਸਾਲਾਂ ਬੱਧੀ ਤਕ ਨਸਲੀ ਵਿਤਕਰੇ ਤੇ ਭੇਦਭਾਵ ਦਾ ਸਾਹਮਣਾ ਕਰਨਾ ਪਿਆ ਹੈ।
Sawinder Singh
ਅਮਰੀਕਾ ਵਰਗੇ ਅਗਾਂਹ-ਵਧੂ ਦੇਸ਼ ਦਾ ਇਹ ਹਾਲ ਹੈ, ਬਾਕੀ ਦੇ ਘੱਟ-ਵਿਕਸਤ ਦੇਸ਼ਾਂ ਵਿਚ ਕੀ ਬਣਦਾ ਹੋਵੇਗਾ, ਇਸ ਦਾ ਅਨੁਮਾਨ ਸਹਿਜੇ ਹੀ ਲਾਇਆ ਜਾ ਸਕਦਾ ਹੈ। ਇਹ ਮਾਮਲਾ ਹੁਣ ਸਾਹਮਣੇ ਆਇਆ ਹੈ। ਮੇਰੀਲੈਂਡ 'ਚ ਇਕ ਸਕੂਲ ਬੱਸ ਦੇ ਡਰਾਈਵਰ ਵਜੋਂ ਨੌਕਰੀ ਕਰਦੇ ਸਵਿੰਦਰ ਸਿੰਘ ਨੇ ਇਹ ਸ਼ਿਕਾਇਤ ਕੀਤੀ ਹੈ। ਉਨ੍ਹਾਂ ਦਸਿਆ ਕਿ ਉਨ੍ਹਾਂ ਨੂੰ ਅਪਣੀ ਨੌਕਰੀ ਦੇ ਪਹਿਲੇ ਹੀ ਦਿਨ ਤੋਂ ਅਪਣੇ ਨਾਂ ਨਾਲ ਸ਼ਬਦ 'ਟੈਰਰਿਸਟ' (ਦਹਿਸ਼ਤਗਰਦ) ਸੁਣਨਾ ਪਿਆ। ਸਵਿੰਦਰ ਸਿੰਘ ਨੂੰ ਹੋਰ ਬਹੁਤ ਸਾਰੇ ਲੋਕ 'ਓਸਾਮਾ ਬਿਨ ਲਾਦੇਨ' ਵੀ ਆਖਦੇ ਰਹੇ।
Sikh Turban
ਅਜਿਹਾ ਭੇਦਭਾਵ ਤੇ ਵਿਤਕਰਾ ਉਨ੍ਹਾਂ ਨਾਲ ਸਿਰਫ਼ ਉਨ੍ਹਾਂ ਦੀ ਦਸਤਾਰ ਕਾਰਨ ਹੁੰਦਾ ਰਿਹਾ। ਇਸ ਦਾ ਮੁੱਖ ਕਾਰਨ ਇਹ ਰਿਹਾ ਕਿ ਸਿੱਖ ਕੌਮ ਦੇ ਆਗੂ ਅਪਣੀ ਵਖਰੀ ਪਛਾਣ ਬਾਰੇ ਵਿਦੇਸ਼ੀ ਲੋਕਾਂ ਨੂੰ ਜਾਗਰੂਕ ਨਹੀਂ ਕਰ ਸਕੇ। ਉਨ੍ਹਾਂ ਦਸਿਆ ਕਿ ਉਨ੍ਹਾਂ ਨੂੰ ਅਜਿਹੇ ਸ਼ਬਦਾਂ ਨਾਲ ਉਨ੍ਹਾਂ ਨਾਲ ਕੰਮ ਕਰਦੇ ਹੋਰ ਮੁਲਾਜ਼ਮ-ਸਾਥੀ, ਸੁਪਰਵਾਈਜ਼ਰ ਤੇ ਵਿਦਿਆਰਥੀ ਤਕ ਵੀ ਸੰਬੋਧਨ ਕਰਦੇ ਰਹੇ।
Sawinder Singh
ਸਵਿੰਦਰ ਸਿੰਘ ਨੇ ਦਸਿਆ ਕਿ ਇਕ ਦਿਨ ਉਹ ਮਿੰਟਗੁਮਰੀ ਕਾਊਂਟੀ ਦੀਆਂ ਸੜਕਾਂ ਉੱਤੇ ਜਾਂਦੇ ਸਮੇਂ ਗ਼ਲਤੀ ਨਾਲ ਕਿਸੇ ਹੋਰ ਸੜਕ 'ਤੇ ਮੁੜ ਗਏ। ਤਦ ਸਕੂਲ ਬੱਸ ਵਿਚ ਬੈਠੇ ਮਿਡਲ ਜਮਾਤਾਂ ਵਿਚ ਪੜ੍ਹਦੇ ਵਿਦਿਆਰਥੀਆਂ, ਵਿਦਿਆਰਥਣਾਂ ਤੇ ਹੋਰਨਾਂ ਨੇ ਚੀਕ-ਚੀਕ ਕੇ ਰੌਲਾ ਪਾਉਣਾ ਸ਼ੁਰੂ ਕਰ ਦਿਤਾ ਕਿ ਉਨ੍ਹਾਂ ਨੂੰ ਅਗ਼ਵਾ ਕਰ ਕੇ ਲਿਜਾਂਦਾ ਜਾ ਰਿਹਾ ਹੈ। ਹੋਰ ਤਾਂ ਹੋਰ ਸਕੂਲ ਵਿਚ ਬੈਠੇ ਵਿਦਿਆਰਥੀਆਂ ਤੇ ਹੋਰਨਾਂ ਨੇ ਤਦ ਉਨ੍ਹਾਂ ਉਤੇ ਇਹ ਵੀ ਦੋਸ਼ ਲਾਇਆ ਸੀ ਕਿ ਡਰਾਈਵਰ ਤਾਂ ਬੱਸ ਨੂੰ ਬੰਬ ਨਾਲ ਉਡਾਉਣ ਜਾ ਰਿਹਾ ਸੀ।
Sawinder Singh is a master of traditional Indian music,an observant Sikh, a Montgomery County School bus driver. For years he says he has been harassed on the job because of his religion and appearance. Now he has won a major victory. I'll have his story on @ABC7News pic.twitter.com/qsiQaHULGW
— Brad Bell (@ABC7Brad) 28 May 2019
45 ਸਾਲਾ ਸਵਿੰਦਰ ਸਿੰਘ ਨੇ ਦਸਿਆ ਕਿ ਉਨ੍ਹਾਂ ਨੂੰ ਕਾਊਂਟੀ ਦੇ ਸਕੂਲ ਸਿਸਟਮ ਨਾਲ ਜੁੜਿਆਂ 13 ਵਰ੍ਹੇ ਬੀਤ ਚੁੱਕੇ ਹਨ। ਹੁਣ ਉਨ੍ਹਾਂ ਨੇ ਅਪਣੇ ਇਕ ਪੇਜ ਉਤੇ ਅਪਣੇ ਅਜਿਹੇ ਤਜਰਬੇ ਸਾਂਝੇ ਕਰਨੇ ਸ਼ੁਰੂ ਕੀਤੇ ਹਨ। ਸਵਿੰਦਰ ਸਿੰਘ ਦੀ ਇਸ ਕੋਸ਼ਿਸ਼ ਨਾਲ ਭਾਵੇਂ ਅਮਰੀਕਾ ਵਿਚ ਲੋਕ ਜਾਗਰੂਕ ਹੋ ਰਹੇ ਹਨ ਪਰ ਅੱਜ ਵੀ ਸਵਿੰਦਰ ਸਿੰਘ ਵਰਗੇ ਅਨੇਕਾਂ ਲੋਕ ਹਨ ਜਿਹੜੇ ਅਜਿਹੇ ਹਮਲਿਆਂ ਦਾ ਸ਼ਿਕਾਰ ਹਨ। ਅਖੌਤੀ ਪੰਥਕ ਆਗੂਆਂ ਨੂੰ ਸਿਆਸੀ ਲੋਕਾਂ ਦੀ ਚਾਪਲੂਸੀ ਛੱਡ ਕੇ ਸਿੱਖੀ ਦੀ ਨਿਆਰੀ ਪਛਾਣ ਸਬੰਧੀ ਵਿਦੇਸ਼ੀ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ।