
ਜਸਟਿਸ (ਸੇਵਾ ਮੁਕਤ) ਰਣਜੀਤ ਸਿੰਘ ਵਲੋਂ ਬਹਿਬਲ ਕਲਾਂ ਗੋਲੀ ਕਾਂਡ ਅਤੇ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੀ ਸਰਕਾਰ ਨੂੰ ਪੇਸ਼ ਰੀਪੋਰਟ...........
ਭੀਖੀ : ਜਸਟਿਸ (ਸੇਵਾ ਮੁਕਤ) ਰਣਜੀਤ ਸਿੰਘ ਵਲੋਂ ਬਹਿਬਲ ਕਲਾਂ ਗੋਲੀ ਕਾਂਡ ਅਤੇ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੀ ਸਰਕਾਰ ਨੂੰ ਪੇਸ਼ ਰੀਪੋਰਟ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਪਸ਼ਟ ਸ਼ਮੂਲੀਅਤ ਦਰਸਾਈ ਗਈ ਹੈ, ਨੂੰ ਲੈ ਕੇ ਸਿੱਖਾਂ ਵਿਚ ਭਾਰੀ ਗੁੱਸਾ ਹੈ। ਅੱਜ ਅਪਣੇ ਰੋਸ ਦਾ ਪ੍ਰਦਰਸ਼ਨ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਬਲਵੀਰ ਸਿੰਘ ਬੰਛੂਆਣਾ ਦੀ ਅਗਵਾਈ ਵਿਚ ਬਰਨਾਲਾ ਚੌਕ ਵਿਚ ਪੁਤਲਾ ਫੂਕ ਕੇ ਬਾਦਲ ਪਰਵਾਰ ਵਿਰੁਧ ਨਾਹਰੇਬਾਜ਼ੀ ਕੀਤੀ।
ਇਸ ਮੌਕੇ ਹਾਜ਼ਰ ਪ੍ਰਤੀਨਿਧਾਂ ਨੇ ਵਿਚਾਰ ਪ੍ਰਗਟ ਕਰਦਿਆਂ ਕਿ ਬਾਦਲ ਪਰਵਾਰ ਨੇ ਸੱਤਾ ਹਥਿਆਉਣ ਲਈ ਗੁਰੂ ਗ੍ਰੰਥ ਸਾਹਿਬ ਅਤੇ ਬਹਿਬਲ ਕਲਾਂ ਵਿਚ ਨਿਰਦੋਸ਼ ਅਤੇ ਨਿਹੱਥੇ ਸਿੱਖਾਂ ਨੂੰ ਮਾਰ ਕੇ ਡੇਰਾਵਾਦੀਆਂ ਦੀ ਪੁਸ਼ਤ ਪਨਾਹੀ ਕੀਤੀ ਹੈ। ਬੁਲਾਰਿਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕਰਦਿਆਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਮੁਤਾਬਕ ਦੋਸ਼ੀਆਂ ਨੂੰ ਸਖ਼ਤ ਸ਼ਜਾਵਾਂ ਦੇਣ ਲਈ ਤੁਰਤ ਕਾਰਵਾਈ ਕੀਤੀ ਜਾਵੇ।