
ਜੇਕਰ ਜਸਟਿਸ ਰਣਜੀਤ ਸਿੰਘ ਵਲੋਂ ਤਿਆਰ ਕੀਤੀ ਗਈ ਬੇਅਦਬੀ ਕਾਂਡ ਦੀ ਜਾਂਚ ਰੀਪੋਰਟ ਦਾ ਪੰਜਾਬ ਵਿਧਾਨ ਸਭਾ 'ਚੋਂ ਸਿੱਧਾ ਪ੍ਰਸਾਰਣ ਕੀਤਾ ਜਾਵੇ...........
ਕੋਟਕਪੂਰਾ: ਜੇਕਰ ਜਸਟਿਸ ਰਣਜੀਤ ਸਿੰਘ ਵਲੋਂ ਤਿਆਰ ਕੀਤੀ ਗਈ ਬੇਅਦਬੀ ਕਾਂਡ ਦੀ ਜਾਂਚ ਰੀਪੋਰਟ ਦਾ ਪੰਜਾਬ ਵਿਧਾਨ ਸਭਾ 'ਚੋਂ ਸਿੱਧਾ ਪ੍ਰਸਾਰਣ ਕੀਤਾ ਜਾਵੇ ਤਾਂ ਦੁਨੀਆਂ ਦੇ ਕੋਨੇ ਕੋਨੇ 'ਚ ਬੈਠੇ ਲੋਕ ਖ਼ੁਦ ਨਿਤਾਰਾ ਕਰ ਦੇਣਗੇ ਕਿ ਤਤਕਾਲੀਨ ਬਾਦਲ ਸਰਕਾਰ ਅਤੇ ਮੌਜੂਦਾ ਕੈਪਟਨ ਸਰਕਾਰ ਨੇ ਇਸ ਸਮੱਸਿਆ ਨੂੰ ਉਲਝਾਉਣ ਜਾਂ ਸੁਲਝਾਉਣ ਲਈ ਕਿਸ ਤਰ੍ਹਾਂ ਦੀ ਭੂਮਿਕਾ ਨਿਭਾਈ ਹੈ।
ਨੇੜਲੇ ਪਿੰਡ ਸੰਧਵਾਂ ਵਿਖੇ ਮਰਹੂਮ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੇ ਬੇਟੇ ਜੋਗਿੰਦਰ ਸਿੰਘ ਨਮਿਤ ਹੋਏ ਸ਼ਰਧਾਂਜਲੀ ਸਮਾਗਮ ਦੌਰਾਨ ਸ਼ਿਰਕਤ ਕਰਨ ਲਈ ਆਏ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦੇਣ ਮੌਕੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਮੁੱਖ ਮੰਤਰੀ ਅਤੇ ਸਪੀਕਰ ਕੋਲ ਬੇਨਤੀ ਕਰ ਕੇ ਸੈਸ਼ਨ ਦਾ ਸਮਾਂ ਵਧਾਉਣ ਦੀ ਮੰਗ ਕੀਤੀ ਜਾਵੇਗੀ ਤਾਂ ਜੋ ਸਾਰਿਆਂ ਨੂੰ ਬੋਲਣ ਦਾ ਮੌਕਾ ਮਿਲ ਸਕੇ। ਉਨ੍ਹਾਂ ਆਖਿਆ ਕਿ ਇਹ ਕੋਈ ਆਮ ਨਹੀਂ ਬਲਕਿ ਗੰਭੀਰ ਮੁੱਦਾ ਹੈ ਜਿਸ ਉਪਰ ਖੁਲ੍ਹੀ ਬਹਿਸ ਅਤੇ ਚਰਚਾ ਹੋਣੀ ਚਾਹੀਦੀ ਹੈ।
ਸੁਖਬੀਰ ਸਿੰਘ ਬਾਦਲ ਵਲੋਂ ਗਵਾਹ ਨੰਬਰ 245 ਹਿੰਮਤ ਸਿੰਘ ਦੇ ਮੁੱਦੇ 'ਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਅਤੇ ਸੁਖਜਿੰਦਰ ਸਿੰਘ ਰੰਧਾਵਾ ਵਿਰੁਧ ਸਰਕਾਰ ਆਉਣ 'ਤੇ ਪਰਚਾ ਦਰਜ ਕਰਨ ਦੀ ਦਿਤੀ ਚਿਤਾਵਨੀ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਸ. ਰੰਧਾਵਾ ਨੇ ਆਖਿਆ ਕਿ ਉਹ ਅਜਿਹੀਆਂ ਗਿੱਦੜਭਬਕੀਆਂ ਤੋਂ ਨਹੀਂ ਡਰਦੇ, ਮੇਰੇ ਵਿਰੁਧ ਭਾਵੇਂ ਹਾਈ ਕੋਰਟ ਅਤੇ ਭਾਵੇਂ ਸੁਪਰੀਮ ਕੋਰਟ 'ਚ ਜਾਣ, ਉਨ੍ਹਾਂ ਦੀ ਹਰ ਗੱਲ ਦਾ ਜਵਾਬ ਦੇਣ ਦੀ ਮੈਂ ਸਮਰਥਾ ਰੱਖਦਾ ਹਾਂ।
ਵਿਰਸਾ ਸਿੰਘ ਵਲਟੋਹਾ ਵਲੋਂ ਗੁਰਬਾਣੀ ਦੀਆਂ ਤੁਕਾਂ ਦੀ ਨਿਰਾਦਰੀ ਵਾਲੇ ਦੋਸ਼ਾਂ ਦੇ ਸਬੰਧ 'ਚ ਉਨ੍ਹਾਂ ਆਖਿਆ ਕਿ ਉਹ ਵਲਟੋਹਾ ਸਮੇਤ ਹੋਰ ਅਕਾਲੀਆਂ ਨਾਲੋਂ ਜ਼ਿਆਦਾ ਗੁਰਬਾਣੀ ਅਤੇ ਅਕਾਲ ਤਖ਼ਤ ਸਾਹਿਬ ਦਾ ਸਤਿਕਾਰ ਕਰਦਾ ਹਨ ਤੇ ਉਸ ਨੇ ਕਦੇ ਅਜਿਹੀ ਅਣਗਹਿਲੀ ਨਹੀਂ ਕੀਤੀ ਪਰ ਗੁਰਬਾਣੀ ਦੀ ਬੇਅਦਬੀ ਜਾਂ ਸਤਿਕਾਰ ਬਾਰੇ 27 ਅਗੱਸਤ ਦਿਨ ਸੋਮਵਾਰ ਨੂੰ ਵਿਧਾਨ ਸਭਾ ਦੇ ਸੈਸ਼ਨ 'ਚ ਸੱਭ ਕੁੱਝ ਸਾਹਮਣੇ ਆ ਜਾਵੇਗਾ।
ਇਕ ਸਵਾਲ ਦੇ ਜਵਾਬ 'ਚ ਸੁਖਜਿੰਦਰ ਸਿੰਘ ਰੰਧਾਵਾ ਨੇ ਹੈਰਾਨੀ ਪ੍ਰਗਟਾਈ ਕਿ ਸੁਖਬੀਰ ਸਿੰਘ ਬਾਦਲ ਅਜੇ ਵੀ ਸਰਕਾਰ ਬਣਨ ਦੀ ਆਸ ਲਾਈ ਬੈਠਾ ਹੈ ਪਰ ਉਸ ਦਾ ਹੰਕਾਰ ਵਿਧਾਨ ਸਭਾ ਦੇ ਇਸ ਸੈਸ਼ਨ 'ਚ ਟੁਟ ਜਾਵੇਗਾ, ਕਿਉਂਕਿ ਜੇਕਰ ਪਾਰਟੀ ਹਾਈ ਕਮਾਂਡ ਨੇ ਮੈਨੂੰ ਬੋਲਣ ਲਈ ਖੁਲ੍ਹਾ ਸਮਾਂ ਦਿਤਾ ਤਾਂ ਮੈਂ ਅੰਕੜਿਆਂ ਸਹਿਤ ਦਲੀਲਾਂ ਨਾਲ ਇਹ ਸਿੱਧ ਕਰਾਂਗਾ ਕਿ ਬਾਦਲ ਸਰਕਾਰ ਮੌਕੇ ਜੋ ਡੀਜੀਪੀ, ਏਡੀਜੀਪੀ, ਆਈ.ਜੀ., ਡੀਆਈਜੀ ਸਮੇਤ ਉੱਚ ਪੁਲਿਸ ਅਧਿਕਾਰੀ ਸਨ,
ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਬਣੀ ਕਾਂਗਰਸ ਸਰਕਾਰ ਨੇ ਉਕਤ ਕਿਸੇ ਵੀ ਪੁਲਿਸ ਅਧਿਕਾਰੀ ਦੀ ਬਦਲੀ ਨਹੀਂ ਕੀਤੀ, ਫਿਰ ਕੈਪਟਨ ਸਰਕਾਰ ਮੌਕੇ ਉਨ੍ਹਾਂ ਹੀ ਪੁਲਿਸ ਅਧਿਕਾਰੀਆਂ ਨੇ ਕੁੱਝ ਦਿਨਾਂ'ਚ ਹੀ ਬੇਅਦਬੀ ਕਾਂਡ ਦਾ ਮਸਲਾ ਕਿਵੇਂ ਸੁਲਝਾਅ ਲਿਆ?
ਉਨ੍ਹਾਂ ਮੰਨਿਆ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰੀਪੋਰਟ ਵਿਧਾਨ ਸਭਾ 'ਚ ਪੇਸ਼ ਕਰ ਦਿਤੇ ਜਾਣ ਤੋਂ ਬਾਅਦ ਜਿਥੇ ਬਰਗਾੜੀ ਮੋਰਚੇ 'ਤੇ ਬੈਠੇ ਪੰਥਕ ਆਗੂਆਂ ਦੀਆਂ ਮੰਗਾਂ ਮੰਨੀਆਂ ਜਾਣਗੀਆਂ, ਉੱਥੇ ਬਹੁਤ ਸਾਰੇ ਲੋਕਾਂ ਦਾ ਪੰਥਕ ਮੁਖੋਟਾ ਵੀ ਬੇਨਕਾਬ ਹੋ ਜਾਵੇਗਾ ਕਿ ਕਿਸ ਤਰ੍ਹਾਂ ਬੇਅਦਬੀ ਕਾਂਡ ਦੇ ਮਸਲੇ ਨੂੰ ਸੁਲਝਾਉਣ ਦੀ ਬਜਾਏ ਬਦਲੇ 'ਚ ਵੋਟਾਂ ਅਰਥਾਤ ਵੋਟ ਰਾਜਨੀਤੀ ਕੀਤੀ ਗਈ?
ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੇ ਵੀ ਮੰਨਿਆ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰੀਪੋਰਟ ਪੇਸ਼ ਹੋਣ ਨਾਲ ਜਿਥੇ ਪੀੜਤ ਪਰਵਾਰਾਂ ਦੇ ਜ਼ਖ਼ਮੀ ਹਿਰਦਿਆਂ ਨੂੰ ਮੱਲਮ ਲੱਗੇਗੀ ਅਤੇ ਪੀੜਤ ਪਰਵਾਰ ਰਾਹਤ ਮਹਿਸੂਸ ਕਰਨਗੇ, ਉਥੇ ਦੋਸ਼ੀਆਂ ਨੂੰ ਸਜ਼ਾਵਾਂ ਮਿਲਣ ਨਾਲ ਪੀੜਤਾਂ ਨੂੰ ਇਨਸਾਫ਼ ਮਿਲਣ ਦੀਆਂ ਸੰਭਾਵਨਾਵਾਂ 'ਚ ਵਾਧਾ ਹੋਵੇਗਾ। ਉਨ੍ਹਾਂ ਇਹ ਵੀ ਮੰਨਿਆ ਕਿ ਹੁਣ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਨੂੰ ਅਪਣਾ ਹੀ ਪਾਲਾ ਡਰਾ ਰਿਹਾ ਹੈ।