
ਖਡੂਰ ਸਾਹਿਬ ਦੇ ਰੁੜੀ ਵਾਲਾ ਬਾਜ਼ਾਰ ਵਿਚ ਮਾਝਾ ਸੈਲੂਨ ਨਾਮਕ ਇਕ ਦੁਕਾਨਦਾਰ ਨੇ ਸਿੱਖ ਪਰੰਪਰਾਵਾਂ ਦੀਆਂ ਧਜੀਆਂ ਉਡਾਉਦਿਆਂ ਇਕ ਪੋਸਟਰ ਲਗਾ ਕੇ ਪੇਸ਼ਕਸ਼ ਕੀਤੀ.............
ਤਰਨਤਾਰਨ : ਖਡੂਰ ਸਾਹਿਬ ਦੇ ਰੁੜੀ ਵਾਲਾ ਬਾਜ਼ਾਰ ਵਿਚ ਮਾਝਾ ਸੈਲੂਨ ਨਾਮਕ ਇਕ ਦੁਕਾਨਦਾਰ ਨੇ ਸਿੱਖ ਪਰੰਪਰਾਵਾਂ ਦੀਆਂ ਧਜੀਆਂ ਉਡਾਉਦਿਆਂ ਇਕ ਪੋਸਟਰ ਲਗਾ ਕੇ ਪੇਸ਼ਕਸ਼ ਕੀਤੀ ਹੈ ਕਿ 5 ਤਰੀਕ ਨੂੰ ਦਾਹੜੀ ਦੀ ਕਟਿੰਗ ਮੁਫ਼ਤ ਹੋਵੇਗੀ। ਪ੍ਰਭਜੀਤ ਸਿੰਘ ਨਾਮਕ ਇਸ ਦੁਕਾਨਦਾਰ ਦਾ ਇਹ ਪੋਸਟਰ ਜਿਸ 'ਤੇ ਇਕ ਸਿੱਖ ਨੌਜਵਾਨ ਦੀ ਕਟਿੰਗ ਅਤੇ ਇਕ ਖੁਲ੍ਹੇ ਦਾਹੜੇ ਦੀ ਤਸਵੀਰ ਵੀ ਹੈ। ਪੋਸਟਰ 'ਤੇ ਮੋਬਾਈਲ ਨੰਬਰ ਵੀ ਲਿਖਿਆ ਹੋਇਆ ਹੈ। ਜਾਣਕਾਰੀ ਮੁਤਾਬਕ ਪ੍ਰਭਜੀਤ ਸਿੰਘ ਖਡੂਰ ਸਾਹਿਬ ਵਿਚ ਅਪਣਾ ਸੈਲੂਨ ਚਲਾਉਂਦਾ ਹੈ।
ਬੀਤੇ ਕੁੱਝ ਦਿਨਾਂ ਤੋਂ ਇਸ ਦਾ ਇਹ ਪੋਸਟਰ ਫ਼ੇਸਬੁਕ, ਅਤੇ ਵਟਸਐਪ 'ਤੇ ਆਮ ਘੁੰਮ ਰਿਹਾ ਹੈ ਜਦ ਇਨ੍ਹਾਂ ਨੰਬਰਾਂ 'ਤੇ ਸੰਪਰਕ ਕੀਤਾ ਗਿਆ ਤਾਂ ਪ੍ਰਭਜੋਤ ਸਿੰਘ ਨੇ ਮੰਨਿਆ ਕਿ ਉਸ ਦਾ ਅਪਣਾ ਸੈਲੂਨ ਹੈ ਤੇ ਇਹ ਪੋਸਟਰ ਉਸ ਨੇ ਬਣਵਾਇਆ ਜ਼ਰੂਰ ਹੈ ਪਰ ਉਸ ਨੇ ਕਿਧਰੇ ਲਗਾਇਆ ਨਹੀਂ ਸੀ। ਉਸ ਨੇ ਦਸਿਆ ਕਿ ਇਸ ਪੋਸਟਰ 'ਤੇ ਆਮ ਲੋਕਾਂ ਨੇ ਇਤਰਾਜ਼ ਕੀਤਾ ਸੀ ਤਾਂ ਉਨ੍ਹਾਂ ਇਸ ਪੋਸਟਰ ਨੂੰ ਹਟਾ ਕੇ ਸਾੜ ਦਿਤਾ। ਉਨ੍ਹਾਂ ਮੰਨਿਆ ਕਿ ਇਹ ਪੋਸਟਰ ਗ਼ਲਤ ਹੈ ਤੇ ਇਸ ਲਈ ਉਹ ਖਿਮਾ ਦੇ ਜਾਚਕ ਹਨ।