ਸੋ ਦਰ ਤੇਰਾ ਕਿਹਾ- ਕਿਸਤ 59
Published : Jul 10, 2018, 5:00 am IST
Updated : Nov 22, 2018, 1:19 pm IST
SHARE ARTICLE
So Dar Tera Keha-59
So Dar Tera Keha-59

ਸ਼ਬਦ ਦੀ ਅੰਤਰੀਵ ਭਾਵਨਾ ਸਮਝ ਲੈਣ ਮਗਰੋਂ ਹੁਣ ਅਸੀ ਤੁਕ-ਵਾਰ ਵਿਆਖਿਆ ਕਰਨ ਸਮੇਂ ਕੋਈ ਠੋਕਰ ਠੇਡੇ ਨਹੀਂ ਖਾਵਾਂਗੇ ਤੇ ਸ਼ੁਰੂ ਤੋਂ ਅਖ਼ੀਰ ਤਕ, ਬਾਬੇ ...

ਅੱਗੇ...

ਸ਼ਬਦ ਦੀ ਅੰਤਰੀਵ ਭਾਵਨਾ ਸਮਝ ਲੈਣ ਮਗਰੋਂ ਹੁਣ ਅਸੀ ਤੁਕ-ਵਾਰ ਵਿਆਖਿਆ ਕਰਨ ਸਮੇਂ ਕੋਈ ਠੋਕਰ ਠੇਡੇ ਨਹੀਂ ਖਾਵਾਂਗੇ ਤੇ ਸ਼ੁਰੂ ਤੋਂ ਅਖ਼ੀਰ ਤਕ, ਬਾਬੇ ਨਾਨਕ ਦੇ ਸੰਦੇਸ਼ ਨੂੰ ਭਲੀ ਭਾਂਤ ਸਮਝ ਸਕਾਂਗੇ। ਸਿਰੀ ਰਾਗ ਮਹਲਾ ੧ ਦਾ ਇਹ ਤੀਜਾ ਸ਼ਬਦ ਹੈ। ਕੁਲ 33 ਸ਼ਬਦ ਹਨ। ਹਰ ਸ਼ਬਦ ਵਿਚ ਪ੍ਰਾਣੀ ਮਾਤਰ ਲਈ ਘੱਟੋ ਘੱਟ ਇਕ ਜੀਵਨਜਾਚ ਨੂੰ ਖੋਲ੍ਹ ਕੇ ਸਮਝਾਇਆ ਗਿਆ ਹੈ। ਸਾਰੇ 33 ਸ਼ਬਦਾਂ ਵਿਚਲੇ ਉਪਦੇਸ਼ ਇਕੱਠੇ ਕਰ ਲਏ ਜਾਣ ਤਾਂ ਕਿਸੇ ਇਕ ਧਰਮ ਨੂੰ ਮੰਨਣ ਵਾਲੇ ਲੋਕਾਂ ਦੀ ਨਹੀਂ ਸਗੋਂ ਸਾਰੀ ਮਨੁੱਖਤਾ ਦੀ ਇਕ ਸੁੰਦਰ ਆਚਾਰ-ਸਾਰਣੀ ਬਣ ਜਾਏਗੀ।

ਇਹ ਜਿਹੜੀ 'ਅਕਾਲ ਤਖ਼ਤ ਦੀ ਮਰਿਆਦਾ' ਤੇ 'ਵਿਦਵਾਨਾਂ ਦੀ ਮਰਿਆਦਾ' ਤੇ 'ਬਾਬਿਆਂ ਦੀ ਮਰਿਆਦਾ' ਤਿਆਰ ਕੀਤੀ ਜਾਂਦੀ ਹੈ, ਇਹ ਬਾਬੇ ਨਾਨਕ ਦੀ ਆਚਾਰ-ਸਾਰਣੀ ਦੇ ਸਾਹਮਣੇ ਕੁੱਝ ਵੀ ਨਹੀਂ। ਇਨ੍ਹਾਂ ਸਾਰੀਆਂ 'ਮਰਿਆਦਾਵਾਂ' ਦਾ ਮਕਸਦ ਕੁੱਝ ਮਨੁੱਖਾਂ ਨੂੰ ਉੱਚੇ ਦਸ ਕੇ, ਬਾਕੀਆਂ ਨੂੰ ਉੁਨ੍ਹਾਂ ਸਾਹਮਣੇ ਸਿਰ ਝੁਕਾਅ ਦੇਣ ਲਈ ਤਿਆਰ ਕਰਨ ਤੋਂ ਵੱਧ ਕੁੱਝ ਨਹੀਂ ਹੁੰਦਾ ਜਦਕਿ ਬਾਬਾ ਨਾਨਕ ਦੀ 'ਆਚਾਰ ਸਾਰਣੀ' ਜਾਂ ਮਰਿਆਦਾ, ਦੁਨੀਆਂ ਦੇ ਸਮੂਹ ਮਨੁੱਖਾਂ ਦੀ ਉਹ 'ਮਰਿਆਦਾ' ਬਣ ਸਕਦੀ ਹੈ ਜੋ ਮਨੁੱਖ ਨੂੰ ਕੇਵਲ ਤੇ ਕੇਵਲ ਰੱਬ ਨੂੰ ਅਪਣਾ ਗੁਰੂ, ਪੀਰ, ਮਹਿਰਮ ਮੰਨਣ ਲਈ ਤਿਆਰ ਕਰ ਸਕਦੀ ਹੈ

ਤੇ ਕਿਸੇ ਵੀ ਹੋਰ ਮਨੁੱਖ ਅੱਗੇ ਸਿਰ ਝੁਕਾਉਣ ਤੋਂ ਰੋਕ ਦੇਂਦੀ ਹੈ। ਇਹ 'ਮਰਿਆਦਾ' ਰੱਬ ਨਾਲ ਵੀ ਕੇਵਲ ਸੱਚੇ ਪ੍ਰੇਮ ਦਾ ਰਿਸ਼ਤਾ ਜੋੜਦੀ ਹੈ ਤੇ ਪੁਜਾਰੀ ਸ਼੍ਰੇਣੀ ਦਾ ਇਹ ਪ੍ਰਚਾਰ ਝੂਠਾ ਦਸਦੀ ਹੈ ਜੋ ਰੱਬ ਨੂੰ ਸਜ਼ਾ ਦੇਣ ਵਾਲੀ ਕਿਸੇ ਜ਼ਾਲਮ ਤੇ ਡਰਾਉਣੀ ਹਸਤੀ ਵਜੋਂ ਪੇਸ਼ ਕਰਦਾ ਹੈ। ਬਾਬੇ ਨਾਨਕ ਦੀ ਇਸ ਮਰਿਆਦਾ ਨੂੰ ਮੰਨਣ ਵਾਲਾ ਮਨੁੱਖ ਅਗੰਮੀ ਰੋਸ਼ਨੀ ਵਿਚ ਨਹਾਤਾ ਹੋਇਆ, ਸਾਫ਼, ਪਵਿੱਤਰ ਤੇ ਹਰ ਇਕ ਨੂੰ ਪਿਆਰਾ ਲੱਗਣ ਵਾਲਾ ਮਨੁੱਖ ਹੋਵੇਗਾ ਕਿਉਂਕਿ ਉਸ ਵਿਚੋਂ ਉਨ੍ਹਾਂ ਸਾਰੇ ਭਰਮਾਂ, ਭੁਲੇਖਿਆਂ, ਪਖੰਡਾਂ, ਵਹਿਮਾਂ ਭਰਮਾਂ, ਵਿਖਾਵਿਆਂ ਦੀ ਮੈਲ ਧੋਤੀ ਜਾ ਚੁੱਕੀ ਹੋਵੇਗੀ ਜੋ ਉਸ ਨੂੰ ਮੈਲਾ, ਮਲੀਨ ਤੇ ਮਨਮੱਤੀ ਬਣਾ ਦੇਂਦੀ ਹੈ।

ਤੇਤੀ ਸ਼ਬਦਾਂ ਦੀ ਵਿਆਖਿਆ ਦੀ ਸਮਾਪਤੀ ਤੇ ਤੁਸੀ ਆਪ ਕਹਿ ਉਠੋਗੇ, ਤੁਸੀ ਗੁਰਮਤਿ ਦਾ ਰਸ ਚੱਖ ਬੈਠੇ ਹੋ ਤੇ ਪੂਰੇ ਅਨੰਦ ਦੀ ਪ੍ਰਾਪਤੀ ਤੁਹਾਨੂੰ ਹੋ ਚੁੱਕੀ ਹੈ। ਤੁਸੀ ਪੁੱਛੋਗੇ, ਰੋਜ਼ ਅਖੰਡ ਪਾਠ ਹੁੰਦੇ ਨੇ, ਰੋਜ਼ ਕਥਾ ਹੁੰਦੀ ਏ, ਉਹਨਾਂ ਨੂੰ ਅਨੰਦ ਦੀ ਪ੍ਰਾਪਤੀ ਕਿਉਂ ਨਹੀਂ ਹੋਈ? ਅੱਖਰਾਂ ਦੀ ਵਿਆਖਿਆ ਤੇ ਭਾਵਨਾ ਦੀ ਵਿਆਖਿਆ ਦਾ ਫ਼ਰਕ ਛੇਤੀ ਹੀ ਤੁਸੀ ਆਪ ਮਹਿਸੂਸ ਕਰਨ ਲੱਗੋਗੇ। ਪਰ ਪਹਿਲਾਂ 33 ਸ਼ਬਦਾਂ ਦੀ ਭਾਵਨਾ ਦੀ ਵਿਆਖਿਆ ਪੂਰੀ ਹੋ ਲੈਣ ਦਿਉ। ਅਸੀ ਇਸ ਵੇਲੇ ਸਿਰੀ ਰਾਗ ਦੇ ਤੀਜੇ ਸ਼ਬਦ ਦੀ ਵਿਆਖਿਆ 'ਤੇ ਪਹੁੰਚੇ ਹਾਂ।

ਇਸ ਸ਼ਬਦ ਦੀ ਭਾਵਨਾ ਨੂੰ ਸਮਝਣ ਦਾ ਯਤਨ ਅਸੀ ਕਰ ਚੁੱਕੇ ਹਾਂ। ਹੁਣ ਅਸੀ ਇਸ ਦੀ ਤੁਕ-ਵਾਰ ਸਰਲ ਵਿਆਖਿਆ ਜਾਂ ਅਨੁਵਾਦ ਕਰਦੇ ਹਾਂ :- ਹੇ ਜਗਿਆਸੂ, ਤੂੰ ਬੇਸ਼ਕ ਸਦਾ ਉਸ ਜਗਤ ਦੇ ਸੁਪਨੇ ਲੈਂਦਾ ਰਹਿੰਦਾ ਹੈਂ ਜਿਥੇ ਹਰ ਚੀਜ਼ ਦੇ ਅਖੁਟ ਭੰਡਾਰ ਹੋਣ, ਨਿਰੰਤਰ ਮਿਲਣ ਵਾਲੀਆਂ ਖ਼ੁਸ਼ੀਆਂ ਹੋਣ, ਮੌਤ ਅਤੇ  ਸੋਗ ਦਾ ਨਾਂ ਨਾ ਹੋਵੇ ਅਤੇ ਸਾਰੇ ਸੰਗੀ ਬੇਲੀ ਦਿਲੋਂ ਪਿਆਰ ਕਰਨ ਵਾਲੇ, ਸਦਾ ਨਾਲ ਚਲਣ ਵਾਲੇ ਹੋਣ ਪਰ ਭੁੱਲੀਂ ਨਾ, ਤੂੰ ਜਿਸ ਸੰਸਾਰ ਵਿਚ ਭੇਜਿਆ ਗਿਆ ਹੈਂ, ਇਥੇ ਹਰ ਚੀਜ਼ ਲੇਖੇ ਅੰਦਰ ਹੁੰਦੀ ਹੈ। ਇਥੇ ਤਾਂ ਤੇਰੇ ਬੋਲ ਅਤੇ ਤੇਰਾ ਖਾਣ ਪੀਣ ਵੀ ਲੇਖੇ ਤੋਂ ਬਾਹਰ ਨਹੀਂ ਹੁੰਦਾ।

ਇਥੇ ਤਾਂ ਤੇਰਾ ਚਲਣਾ ਫਿਰਨਾ, ਸੁਣਨਾ ਤੇ ਵੇਖਣਾ ਵੀ ਲੇਖੇ ਤੋਂ ਬਾਹਰ ਦਾ ਨਹੀਂ ਹੋ ਸਕਦਾ। ਇਥੇ ਤਾਂ ਤੇਰੇ ਸਵਾਸ ਵੀ ਲੇਖੇ ਵਿਚ ਹੀ ਹਨ। ਜਿਸ ਦਿਨ ਤੇਰੇ ਸਵਾਸਾਂ ਦਾ ਲੇਖਾ ਮੁਕ ਗਿਆ, ਦੁਨੀਆਂ ਦੀ ਕੋਈ ਤਾਕਤ ਤੈਨੂੰ ਉਪਰ ਦੱਸੇ ਕਾਰਜ ਕਰਨ ਦੀ ਤਾਕਤ ਵੀ ਨਹੀਂ ਦੇ ਸਕੇਗੀ। ਇਹ ਏਨਾ ਵੱਡਾ ਸੱਚ ਹੈ ਕਿ ਤੂੰ ਕਿਸੇ ਵੀ ਸਿਆਣੇ ਨੂੰ ਪੁਛ ਕੇ ਵੇਖ ਲੈ, ਉਹ ਤੈਨੂੰ ਇਹੀ ਦੱਸੇਗਾ। ਇਹ ਜੋ ਲੇਖੇ ਵਾਲਾ ਸੰਸਾਰ ਤੈਨੂੰ ਅਸਲੀ ਨਜ਼ਰ ਆ ਰਿਹਾ ਹੈ, ਇਹ ਅਸਲ ਵਿਚ ਮਾਇਆ ਜਾਲ ਹੈ, ਅਸਲੀਅਤ ਨਹੀਂ ਹੈ।

ਉਹ ਬੰਦਾ ਗਿਆਨ ਪੱਖੋਂ ਅੰਨ੍ਹਾ ਹੀ ਹੁੰਦਾ ਹੈ ਜੋ ਅਕਾਲ ਪੁਰਖ ਨੂੰ ਵਿਸਾਰ ਕੇ ਤੇ ਇਸ ਮਾਇਆ ਜਾਲ ਨੂੰ ਅਸਲੀ ਸਮਝ ਕੇ, ਇਸ ਉਤੇ ਹੀ ਮੋਹਿਤ ਹੋ ਜਾਂਦਾ ਹੈ। ਉਸ ਕੋਲੋਂ ਇਹ ਮਾਇਆ-ਜਾਲ ਤਾਂ ਖੁਸਣਾ ਹੀ ਹੈ, ਨਾਸਮਝੀ ਕਾਰਨ ਉਸ ਸੱਚੇ ਜਗਤ ਨੂੰ ਵੀ ਗਵਾ ਲੈਂਦਾ ਹੈ ਜਿਸ ਬਾਰੇ ਉਹ ਸੋਚਦਾ ਤਾਂ ਰਹਿੰਦਾ ਹੈ ਪਰ ਉਸ ਨੂੰ ਪ੍ਰਾਪਤ ਕਰਨ ਲਈ ਯੋਗ ਸਾਧਨ ਨਹੀਂ ਅਪਣਾਉਂਦਾ। ਭਾਈ ਸਮਝ ਲੈ ਕਿ ਇਹ ਸੰਸਾਰ ਤਾਂ ਜੰਮਣ ਮਰਨ ਦੀ ਗੇੜੀ ਵਾਲਾ ਹੀ ਸੰਸਾਰ ਹੈ ਤੇ ਇਥੇ ਅੰਤ ਹੋਣਾ ਹੀ ਹੋਣਾ ਹੈ। ਜਿਥੇ ਪਹੁੰਚ ਕੇ ਸਾਰੀ ਗੱਲ ਸਮਝ ਆਉਂਦੀ ਹੈ, ਉਥੇ ਤੇਰੇ ਨਾਲ ਕੋਈ ਨਹੀਂ ਹੁੰਦਾ ਜਿਸ ਨਾਲ ਤੂੰ ਗੱਲ ਵੀ ਕਰ ਸਕੇਂ।

ਜਿਹੜੇ ਤੇਰੇ ਚਲਾਣੇ ਸਮੇਂ ਬੈਠ ਕੇ ਰੋਂਦੇ ਸਨ, ਉਹ ਵੀ ਪਰਾਲੀ ਦੀ ਪੰਡ ਵਾਂਗ ਉਠ ਕੇ ਚਲਦੇ ਬਣੇ ਸਨ। ਭਾਈ ਇਸ ਦੁਨੀਆਂ ਵਿਚ ਸੱਚੇ ਮਾਲਕ ਦੀਆਂ ਸਿਫ਼ਤਾਂ ਤਾਂ ਬਹੁਤ ਬਹੁਤ ਸੁਣਨ ਨੂੰ ਮਿਲ ਜਾਣਗੀਆਂ ਤੇ ਹਰ ਕੋਈ ਇਕ ਦੂਜੇ ਤੋਂ ਵੱਧ ਕੇ ਉਸ ਪ੍ਰੀਤਮ ਦੇ ਗੁਣਾਂ ਬਾਰੇ ਦੱਸੇਗਾ। ਪਰ ਸੱਚ ਮੰਨੀਂ, ਉਸ ਪ੍ਰੀਤਮ ਦਾ ਅੰਤ ਕਿਸੇ ਨੇ ਨਹੀਂ ਪਾਇਆ, ਨਾ ਉਸ ਨੂੰ ਸਮਝਣ ਵਿਚ ਹੀ ਕੋਈ ਸਫ਼ਲ ਹੋਇਆ ਹੈ। ਉਸ ਦੀ ਉਪਮਾ ਵਿਚ ਚਲਦੀਆਂ ਏਨੀਆਂ ਜੀਭਾਂ ਵੀ ਉਸ ਦੀ ਅਸਲ ਵਡਿਆਈ ਬਿਆਨ ਨਹੀਂ ਕਰ ਸਕਦੀਆਂ।

ਅਸੀ ਤਾਂ ਕੇਵਲ ਇਕ ਮੰਡਲ ਵੇਖ ਸਕਦੇ ਹਾਂ ਤੇ ਇਸ ਉਤੇ ਮੌਜੂਦ ਪ੍ਰਾਣੀ ਵੇਖ ਸਕਦੇ ਹਾਂ ਪਰ ਉਸ ਦੇ ਮੰਡਲਾਂ ਤੇ ਉਨ੍ਹਾਂ ਉਤੇ ਵਸਦੇ ਪ੍ਰਾਣੀਆਂ ਦਾ ਤਾਂ ਅੰਤ ਹੀ ਕੋਈ ਨਹੀਂ ਬਿਆਨ ਕਰ ਸਕਦਾ। ਪ੍ਰਭੂ ਦੇ ਉਸ ਸੰਸਾਰ ਦੀ ਝਲਕ ਪ੍ਰਾਪਤ ਕਰਨੀ ਚਾਹੇਂ ਤਾਂ ਇਸ ਸੰਸਾਰ ਵਿਚ ਸਦਾ ਨੀਚ ਤੇ ਨਿਮਾਣੇ, ਨਿਆਸਰੇ ਕਹੇ ਜਾਂਦੇ ਲੋਕਾਂ ਦਾ ਸਾਥ ਦੇਣ ਦੀ ਕੋਸ਼ਿਸ਼ ਕਰ। ਨੀਵਿਆਂ 'ਚੋਂ ਵੀ ਅਤਿ ਨੀਵੇਂ ਅਰਥਾਤ ਅਤਿ ਦੇ ਦੁਖੀਆਂ ਦਾ ਸਾਥ ਦੇ ਤੇ ਅਪਣੇ ਆਪ ਨੂੰ ਉਨ੍ਹਾਂ ਦਾ ਭਾਈ ਭੈਣ ਹੀ ਸਮਝ, ਉੁਨ੍ਹਾਂ ਦਾ ਦਰਦ ਵੰਡਣ ਦੀ ਕੋਸ਼ਿਸ਼ ਕਰ।

ਇਨ੍ਹਾਂ ਗ਼ਰੀਬਾਂ, ਅਨਾਥਾਂ ਤੇ ਕਥਿਤ ਨੀਵੀਂ ਜਾਤੀ ਵਾਲਿਆਂ ਦਾ ਸਾਥ ਦੇਣ ਲਗਿਆਂ, ਅਪਣੇ ਤੋਂ ਵੱਡਿਆਂ ਵਲ ਕਦੇ ਨਾ ਵੇਖ। ਇਕ ਗੱਲ ਨਾਨਕ ਤੈਨੂੰ ਵਾਰ ਵਾਰ ਕਹਿੰਦਾ ਹੈ, ਜਿਥੇ ਗ਼ਰੀਬ, ਨਿਮਾਣੇ ਤੇ ਕਥਿਤ ਨੀਚਾਂ ਦੀ ਸੇਵਾ ਸੰਭਾਲ ਹੁੰਦੀ ਹੈ, ਉਥੇ ਹੀ ਰੱਬ ਦੀ ਬਖ਼ਸ਼ਿਸ਼ ਤੇ ਮਿਹਰ ਵੀ ਹੁੰਦੀ ਹੈ। ਇਹ ਬਖ਼ਸ਼ਿਸ਼ ਹੀ ਤਾਂ ਤੈਨੂੰ ਲੇਖਿਆਂ ਵਾਲੇ ਇਸ ਸੰਸਾਰ ਤੋਂ ਬਖ਼ਸ਼ਿਸ਼ਾਂ ਵਾਲੇ ਉਸ ਸੰਸਾਰ ਵਿਚ ਲੈ ਜਾਏਗੀ ਜਿਥੇ ਸੱਭ ਕੁੱਝ ਅਮੁਕ ਹੈ ਤੇ ਕੁੱਝ ਵੀ ਲੇਖੇ ਜਾਂ ਤੋਲ ਮੋਲ ਨਾਲ ਨਹੀਂ ਹੁੰਦਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Robbers Posing As Cops Loot Family Jandiala Guru: ਬੰਧਕ ਬਣਾ ਲਿਆ ਪਰਿਵਾਰ, ਕਰਤਾ ਵੱਡਾ ਕਾਂਡ !

31 Dec 2025 3:27 PM

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM
Advertisement