
ਬਠਿੰਡਾ, 9 ਜਨਵਰੀ (ਸੁਖਜਿੰਦਰ ਮਾਨ): ਬਠਿੰਡਾ ਥਰਮਲ ਨੂੰ ਬੰਦ ਕਰਨ ਵਿਰੁਧ ਇੰਜੀਨੀਅਰਾਂ ਦਾ ਗੁੱਸਾ ਭੜਕ ਗਿਆ। ਅੱਜ ਇੰਜੀਨੀਅਰਜ ਐਸੋਸੀਏਸ਼ਨ ਦੇ ਸੱਦੇ 'ਤੇ ਸੈਂਕੜੇ ਇੰਜੀਨੀਅਰਾਂ ਨੇ ਥਰਮਲ ਪਲਾਂਟ ਦੇ ਗੇਟ 'ਤੇ ਰੋਸ ਰੈਲੀ ਕੀਤੀ। ਰੈਲੀ ਨੂੰ ਪੀ.ਐਸ.ਈ.ਬੀ. ਇੰਜੀਨੀਅਰਜ਼ ਐਸੋਸੀਏਸ਼ਨ ਦੇ ਪ੍ਰਧਾਨ ਇੰਜੀ: ਸੰਜੀਵ ਸੂਦ, ਇੰਜੀ: ਰਜਿੰਦਰ ਭਗਤ, ਸੀਨੀ. ਉਪ ਪ੍ਰਧਾਨ ਅਤੇ ਜਨਰਲ ਸਕੱਤਰ ਇੰਜੀ: ਦਵਿੰਦਰ ਗੋਇਲ ਨੇ ਸੰਬੋਧਨ ਕੀਤਾ। ਇਸ ਰੈਲੀ ਵਿਚ ਕੇਂਦਰੀ ਕਾਰਜਕਾਰਨੀ ਕਮੇਟੀ ਵਲੋਂ ਇੰਜੀ: ਪਰਮਿੰਦਰ ਬਾਂਸਲ ਸੰਯੁਕਤ ਸਕੱਤਰ ਅਤੇ ਹੋਰ ਅਹੁਦੇਦਾਰ ਵੀ ਸ਼ਾਮਲ ਹੋਏ।ਬੁਲਾਰਿਆਂ ਨੇ ਦੋਸ਼ ਲਗਾਇਆ ਕਿ ਬਠਿੰਡਾ ਥਰਮਲ ਪਲਾਂਟ ਨੂੰ ਕੇਂਦਰੀ ਬਿਜਲੀ ਅਥਾਰਟੀ ਵਲੋਂ ਦਿਤੀਆਂ ਹਦਾਇਤਾਂ ਤੇ ਸੇਧਾਂ ਦਾ ਬਹਾਨਾਂ ਬਣਾ ਕੇ ਬੰਦ ਕੀਤਾ ਜਾ ਰਿਹਾ ਹੈ ਜਦੋਂ ਕਿ ਅਸਲ ਵਿਚ ਇਸ ਅਥਾਰਟੀ ਵਲੋਂ ਅਜਿਹੀਆਂ ਕੋਈ ਹਦਾਇਤਾਂ ਨਹੀਂ। ਕੇਂਦਰੀ ਬਿਜਲੀ ਅਥਾਰਟੀ ਵਲੋਂ ਸਿਰਫ਼ ਉਨ੍ਹਾਂ ਪਲਾਂਟਾ ਨੂੰ ਬੰਦ ਕਰਨ ਲਈ ਕਿਹਾ ਗਿਆ ਹੈ ਜਿਨ੍ਹਾਂ ਵਿਚ ਰੀ-ਹੀਟ ਦੀ ਸੁਵਿਧਾ ਨਹੀਂ ਹੈ ਅਤੇ ਜਿਨ੍ਹਾਂ ਦੀ ਸਮਰੱਥਾ 100 ਮੈਗਾਵਾਟ ਤੋਂ ਘੱਟ ਹੈ। ਬਠਿੰਡਾ ਥਰਮਲ ਪਲਾਂਟ ਵਿਚ ਰੀ-ਹੀਟ ਦੀ ਸੁਵਿਧਾ ਵੀ ਹੈ ਅਤੇ ਇਸ ਦੀ ਸਮਰੱਥਾ ਵੀ 100 ਮੈਗਾਵਾਟ ਤੋਂ ਉਪਰ ਹੈ।
ਇੰਜ: ਸੰਜੀਵ ਸੂਦ ਨੇ ਦਸਿਆ 715 ਕਰੋੜ ਰੁ: ਦੀ ਲਾਗਤ ਨਾਲ-ਨਾਲ ਬਠਿੰਡਾ ਦੇ ਯੂਨਿਟ ਨੰ: 1 ਅਤੇ 2 ਨੂੰ ਰੈਨੋਵੇਟ ਕਰਨ ਕਰ ਕੇ ਇਨ੍ਹਾਂ ਜੀਵਨ ਸਮਾਂ 2022 ਤਕ ਵੱਧ ਗਿਆ ਹੈ ਅਤੇ ਯੂਨਿਟ ਨੰ: 3 ਅਤੇ 4 ਦਾ ਜੀਵਨ ਸਮਾਂ ਰੈਨੋਵੇਟ ਹੋਣ ਕਰ ਕੇ 2029 ਤੱਕ ਵਧ ਗਿਆ ਹੈ। ਇਹ ਇਕ ਸਵਾਲ ਹੈ ਕਿ ਪਲਾਂਟ ਦੇ ਨਵੀਨੀਕਰਣ ਉਪਰ 715 ਕਰੋੜ ਰੁ: ਲਾਉਣ ਉਪਰੰਤ ਵੀ ਸਰਕਾਰ ਇਸ ਨੂੰ ਬੰਦ ਕਿਉਂ ਕਰਨਾ ਚਾਹੁਦੀ ਹੈ? ਐਸੋਸੀਏਸ਼ਨ ਨੇ ਮੰਗ ਕੀਤੀ ਕਿ ਰੋਪੜ ਵਿਚ ਅਲਟਰਾ ਸੁਪਰ ਕਰਿਟੀਕਲ ਥਰਮਲ ਪਲਾਂਟ ਦੇ 3 ਨੰ: 800 ਮੈਗਾਵਾਟ ਦੇ ਯੂਨਿਟਾਂ ਦੀ ਉਸਾਰੀ ਤੁਰਤ ਸ਼ੁਰੂ ਕੀਤੀ ਜਾਵੇ ਅਤੇ ਇਹ ਪਲਾਂਟ ਦੇ ਕਮਿਸ਼ਨ ਹੋਣ ਤੋਂ ਬਾਅਦ ਹੀ ਬਠਿੰਡਾ ਥਰਮਲ ਪਲਾਂਟ ਨੂੰ ਬੰਦ ਕਰਨ ਦੀ ਤਜਵੀਜ਼ ਤੇ ਗੌਰ ਕੀਤਾ ਜਾਵੇ। ਇੰਜੀਨੀਅਰਾਂ ਨੇ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਅਪਣਾ ਰਵਈਆ ਨਾ ਬਦਲਿਆਂ ਤਾਂ ਉਹ ਅਪਣੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਮਜਬੂਰ ਹੋਣਗੇ।