
ਦੋ ਔਰਤਾਂ ਸਮੇਤ ਨੌਂ ਜਣੇ ਦੋ ਦਿਨ ਦੇ ਪੁਲਿਸ ਰੀਮਾਂਡ 'ਤੇ
ਅੰਮ੍ਰਿਤਸਰ, 28 ਫ਼ਰਵਰੀ (ਸੁਖਵਿੰਦਰਜੀਤ ਸਿੰਘ ਬਹੋੜੂ): ਥਾਣਾ ਏਅਰਪੋਰਟ ਦੀ ਪੁਲਿਸ ਨੇ ਇੰਦਰਪ੍ਰੀਤ ਸਿੰਘ ਚੱਢਾ ਖ਼ੁਦਕੁਸ਼ੀ ਕਾਂਡ ਨਾਲ ਸਬੰਧਤ ਗ੍ਰਿਫ਼ਤਾਰ ਕੀਤੇ 2 ਔਰਤਾਂ ਸਮੇਤ 9 ਵਿਅਕਤੀਆਂ ਨੂੰ ਅੱਜ ਸਥਾਨਕ ਅਦਾਲਤ ਵਿਚ ਪੇਸ਼ ਕੀਤਾ। ਪੁਲਿਸ ਵਲੋਂ ਇਸ ਮੌਕੇ ਭਾਰੀ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਮਾਣਯੋਗ ਰਾਜਬੀਰ ਕੌਰ ਦੀ ਅਦਾਲਤ 'ਚ ਪੇਸ਼ ਕੀਤੇ ਸੁਰਜੀਤ ਸਿੰਘ, ਉਮਟ ਸੀ.ਏ, ਹਰਜੀਤ ਸਿੰਘ ਚੱਢਾ (ਪੁੱਤਰ ਚਰਨਜੀਤ ਸਿੰਘ ਚੱਢਾ ਸਾਬਕਾ ਪ੍ਰਧਾਨ ਚੀਫ਼ ਖ਼ਾਲਸਾ ਦੀਵਾਨ), ਕੁਲਜੀਤ ਕੌਰ ਘੁੰਮਣ, ਵਰਮਦੀਪ ਸਿੰਘ ਬਮਰਾ, ਪ੍ਰਿੰਸੀਪਲ ਰਵਿੰਦਰ ਕੌਰ ਬਮਰਾ, ਗੁਰਸੇਵਕ ਸਿੰਘ ਮੁਲਾਜਮ ਹੋਟਲ ਐਚ ਕੇ ਕਲਾਰਕ, ਦਵਿੰਦਰ ਸਿੰਘ ਸੰਧੂ ਆਫ਼ ਡਬਲਿਊ ਡਬਲਿਊ ਆਈ ਸੀ ਐਸ, ਹਰੀ ਸਿੰਘ ਸੰਧੂ ਦਾ 2 ਦਿਨਾਂ ਪੁਲਿਸ ਰੀਮਾਂਡ ਦਿਤਾ। ਦੂਸਰੇ ਪਾਸੇ ਪੰਜਾਬ ਪੁਲਿਸ ਦੀ ਸਪੈਸ਼ਲ ਇੰਨਵੈਸਟੀਗੇਸ਼ਨ ਟੀਮ (ਸਿੱਟ) ਅੱਗੇ ਚੰਡੀਗੜ੍ਹ ਵਿਖੇ ਚੀਫ਼ ਖ਼ਾਲਸਾ ਦੀਵਾਨ ਦੇ ਸਾਬਕਾ ਆਨਰੇਰੀ ਸਕੱਤਰ ਭਾਗ ਸਿੰਘ ਅਣਖੀ,ਚੀਫ਼ ਖ਼ਾਲਸਾ ਦੀਵਾਨ ਦੇ ਰੈਂਜੀਡੈਟ ਪ੍ਰਧਾਨ ਨਿਰਮਲ ਸਿੰਘ, ਪ੍ਰੋਫ਼ੈਸਰ ਹਰੀ ਸਿੰਘ, ਰਮਣੀਕ ਸਿੰਘ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਬੁਲਾਰੇ ਮਨਦੀਪ ਸਿੰਘ ਮੰਨਾ ਪੇਸ਼ ਹੋਏ ਅਤੇ ਆਪੋ ਅਪਣੇ ਬਿਆਨ ਕਲਮਬੰਦ ਕਰਨ ਬਾਅਦ ਇਨ੍ਹਾਂ ਨੂੰ ਕਲੀਨ ਚਿੱਟ ਦੇ ਦਿਤੀ ਗਈ। ਜ਼ਿਲ੍ਹਾ ਪੁਲਿਸ ਦੇ ਕਈ ਅਧਿਕਾਰੀਆਂ ਨੇ ਨਾਮ ਵੀ ਸ਼ਾਮਲ ਹੋਣ ਬਾਰੇ ਚਰਚਾ ਹੈ ਪਰ ਕਿਸੇ ਦੀ ਵੀ ਕੋਈ ਪੁੱਛਗਿਛ ਨਹੀਂ ਹੋਈ।
ਇੰਦਰਪ੍ਰੀਤ ਸਿੰਘ ਚੱਢਾ ਦੇ ਬੇਟੇ ਪ੍ਰਭਜੀਤ ਸਿੰਘ ਅੰਗਦ ਦੇ ਬਿਆਨਾਂ ਤੇ 14 ਵਿਅਕਤੀਆਂ ਵਿਰੁਧ ਪਰਚਾ ਦਰਜ ਕੀਤਾ ਸੀ ਜਿਨ੍ਹਾਂ 'ਚੋਂ 9 ਨੂੰ ਬੀਤੇ ਦਿਨ ਗ੍ਰਿਫ਼ਤਾਰ ਕਰ ਲਿਆ ਸੀ ਤੇ ਅਦਾਲਤ ਨੇ ਉਨ੍ਹਾਂ ਨੂੰ ਪੁੱਛਗਿਛ ਲਈ ਦੋ ਦਿਨਾਂ ਲਈ ਪੁਲਿਸ ਹਿਰਾਸਤ ਵਿਚ ਭੇਜ ਦਿਤਾ ਹੈ। ਕੇਸ ਵਿਚ ਪੀੜਤ ਪ੍ਰਿੰ ਰਵਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਨਾਲ ਪੂਰੀ ਤਰ੍ਵਾ ਬੇਇਨਸਾਫ਼ੀ ਹੋ ਰਹੀ ਹੈ। ਅਦਾਲਤ ਤੋਂ ਉਨ੍ਹਾਂ ਨੂੰ ਇਨਸਾਫ਼ ਦੀ ਪੂਰੀ ਪੂਰੀ ਆਸ ਹੈ। ਇਸੇ ਤਰ੍ਹਾਂ ਕੁਲਜੀਤ ਕੌਰ ਘੁੰਮਣ ਦੇ ਇਕ ਰਿਸ਼ਤੇਦਾਰ ਨੇ ਕਿਹਾ ਕਿ ਉਨ੍ਹਾਂ ਦਾ ਕੇਸ ਹਾਈ ਕੋਰਟ ਵਿਚ ਪਹਿਲਾਂ ਹੀ ਚੱਲ ਰਿਹਾ ਹੈ ਪਰ ਪੁਲਿਸ ਨੇ ਉਸ ਦੀ ਕੋਈ ਪ੍ਰਵਾਹ ਨਹੀਂ ਕੀਤੀ। ਹਿਰਾਸਤ ਵਿਚ ਲਏ 9 ਵਿਅਕਤੀਆਂ ਵਿਚ ਚਰਨਜੀਤ ਸਿੰਘ ਚੱਢਾ ਦਾ ਛੋਟਾ ਸਪੁੱਤਰ ਤੇ ਮਰਹੂਮ ਇੰਦਰਪ੍ਰੀਤ ਸਿੰਘ ਚੱਢਾ ਦਾ ਛੋਟਾ ਭਰਾ ਹਰਜੀਤ ਸਿੰਘ ਚੱਢਾ ਵੀ ਸ਼ਾਮਲ ਹੈ। ਚਰਨਜੀਤ ਸਿੰਘ ਚੱਢਾ ਲਈ ਇਹ ਬਹੁਤ ਵੱਡਾ ਝਟਕਾ ਹੈ ਕਿ ਇਕ ਪੁੱਤਰ ਸਦਾ ਲਈ ਵਿਛੜ ਗਿਆ ਤੇ ਦੂਸਰਾ ਜੇਲ ਵਿਚ ਬੰਦ ਹੈ। ਇਸ ਕਾਂਡ ਕਾਰਨ ਚੀਫ਼ ਖ਼ਾਲਸਾ ਦੀਵਾਨ ਦਾ ਵਿਵਾਦ ਬੜਾ ਡੂੰਘਾ ਹੋ ਗਿਆ ਹੈ, ਜਿਸ ਦੇ ਨਵੇਂ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ 25 ਮਾਰਚ ਨੂੰ ਹੋ ਰਹੀ ਹੈ।