
ਦੇਸ਼ ਦਾ ਸਰਬਉੱਚ ਸਨਮਾਨ ਹੁਣ ਤਕ ਅਰਬ ਦੇ ਸ਼ਾਹ ਸਲਮਾਨ, ਬਹਰੀਨ ਦੇ ਸ਼ਾਹ ਹਮਾਦ, ਚੀਨ ਦੇ ਰਾਸ਼ਟਰਪਤੀ ਸ਼ੀ ਚਿਨਪਿੰਗ ਨੂੰ ਮਿਲ ਚੁਕਾ ਹੈ
ਰਾਮੱਲਾ, 10 ਫ਼ਰਵਰੀ : ਫ਼ਲਸਤੀਨ ਦੇ ਰਾਸ਼ਟਰਪਤੀ ਮਹਿਮੂਦ ਅੱਬਾਸ ਨੇ ਭਾਰਤ ਅਤੇ ਫ਼ਲਸਤੀਨ ਵਿਚਕਾਰ ਸਬੰਧਾਂ ਨੂੰ ਹੱਲਾਸ਼ੇਰੀ ਦੇਣ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਯੋਗਦਾਨ ਨੂੰ ਵੇਖਦਿਆਂ ਅੱਜ ਉਨ੍ਹਾਂ ਨੂੰ 'ਗਰੈਂਡ ਕਾਲਰ ਆਫ਼ ਦਾ ਸਟੇਟ ਆਫ਼ ਫ਼ਲਸਤੀਨ' ਨਾਲ ਸਨਮਾਨਤ ਕੀਤਾ। ਦੋਹਾਂ ਆਗੂਆਂ ਦੀ ਦੁਵੱਲੀ ਬੈਠਕ ਮਗਰੋਂ ਅੱਬਾਸ ਨੇ ਮੋਦੀ ਨੂੰ ਉਕਤ ਸਨਮਾਨ ਨਾਲ ਸਨਮਾਨਤ ਕੀਤਾ। ਮੋਦੀ ਫ਼ਲਸਤੀਨ ਦੀ ਅਧਿਕਾਰਤ ਯਾਤਰਾ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਹਨ। ਇਹ ਸਨਮਾਨ ਵਿਦੇਸ਼ੀ ਸ਼ਖ਼ਸੀਅਤਾਂ, ਦੇਸ਼ ਮੁਖੀਆਂ ਆਦਿ ਨੂੰ ਦਿਤਾ ਜਾਣਾ ਵਾਲਾ ਫ਼ਲਸਤੀਨ ਦਾ ਸਰਬਉੱਚ ਸਨਮਾਨ ਹੈ। ਪੱਤਰ ਵਿਚ ਲਿਖਿਆ ਗਿਆ ਹੈ, 'ਇਹ ਸਨਮਾਨ ਉਨ੍ਹਾਂ ਦੀ ਕਾਬਲ ਅਗਵਾਈ ਅਤੇ ਉਨ੍ਹਾਂ ਦੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਕਦ ਅਤੇ ਦੋਹਾਂ ਦੇਸ਼ਾਂ ਦੇ ਸਬੰਧ ਸੁਧਾਰਨ ਲਈ ਉਨ੍ਹਾਂ ਦੇ ਯਤਨਾਂ ਨੂੰ ਵੇਖਦਿਆਂ ਦਿਤਾ ਗਿਆ ਹੈ। ਖੇਤਰ ਵਿਚ ਸ਼ਾਂਤੀ ਕਾਇਮ ਰੱਖਣ ਲਈ ਆਜ਼ਾਦੀ ਅਤੇ ਸਾਡੇ ਲੋਕਾਂ ਦੇ ਆਜ਼ਾਦੀ ਦੇ ਹੱਕ ਲਈ ਉਨ੍ਹਾਂ ਦੇ ਸਮਰਥਨ ਦਾ ਸਨਮਾਨ ਕੀਤਾ ਗਿਆ ਹੈ।' ਇਸ ਤੋਂ ਪਹਿਲਾਂ ਇਹ ਸਨਮਾਨ ਸਾਊਦੀ ਅਰਬ ਦੇ ਸ਼ਾਹ ਸਲਮਾਨ, ਬਹਰੀਨ ਦੇ ਸ਼ਾਹ ਹਮਾਦ, ਚੀਨ ਦੇ ਰਾਸ਼ਟਰਪਤੀ ਸ਼ੀ ਚਿਨਪਿੰਗ ਅਤੇ ਹੋਰਾਂ ਨੂੰ ਦਿਤਾ ਜਾ ਚੁਕਾ ਹੈ। ਮੋਦੀ ਫ਼ਲਸਤੀਨ ਆਗੂ ਯਾਸਰ ਅਰਾਫ਼ਾਤ ਨੂੰ ਸ਼ਰਧਾਂਜਲੀ ਦੇਣ ਮਗਰੋਂ ਉਸ ਨਾਲ ਸਬੰਧਤ ਅਜਾਇਬ ਘਰ ਵਿਚ ਵੀ ਗਏ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਕਲ ਪਛਮੀ ਏਸ਼ੀਆ ਦੀ ਪੰਜ ਦਿਨਾ ਯਾਤਰਾ 'ਤੇ ਰਵਾਨਾ ਹੋਏ ਸਨ। ਯਾਤਰਾ ਦੇ ਪਹਿਲੇ ਪੜਾਅ ਵਜੋਂ ਉਹ ਕਲ ਸ਼ਾਮ ਜਾਰਡਨ ਪੁੱਜੇ ਸਨ ਅਤੇ ਉਥੋਂ ਅੱਜ ਫ਼ਲਸਤੀਨ ਪੁੱਜੇ। ਪਿਛਲੇ ਦਿਨੀਂ ਇਜ਼ਰਾਈਲ ਦੇ ਮੁਖੀ ਭਾਰਤ ਦੌਰੇ 'ਤੇ ਆਏ ਸਨ। ਫ਼ਲਸਤੀਨ ਤੇ ਇਜ਼ਰਾਈਲ ਵਿਚਕਾਰ ਲੰਮੇ ਸਮੇਂ ਤੋਂ ਝਗੜਾ ਚੱਲ ਰਿਹਾ ਹੈ। ਸੂਤਰਾਂ ਮੁਤਾਬਕ ਭਾਰਤ ਨੇ ਇਜ਼ਰਾਈਲ ਨੂੰ ਕਾਫ਼ੀ ਸਮਾਂ ਪਹਿਲਾਂ ਹੀ ਪ੍ਰਧਾਨ ਮੰਤਰੀ ਦੇ ਫ਼ਲਸਤੀਨ ਦੌਰੇ ਬਾਰੇ ਦੱਸ ਦਿਤਾ ਸੀ। ਫ਼ਲਸਤੀਨ ਰਾਸ਼ਟਰਪਤੀ ਅੱਬਾਸ ਨੇ ਕਿਹਾ ਕਿ ਫ਼ਲਸਤੀਨ ਹਮੇਸ਼ਾ ਤੋਂ 1967 ਅਤੇ ਅੰਤਰਰਾਸ਼ਟਰੀ ਪੱਧਰ 'ਤੇ ਵਾਜਬ ਤਜਵੀਜ਼ਾਂ ਮੁਤਾਬਕ ਦੋ ਰਾਸ਼ਟਰ ਦੇ ਸਿਧਾਂਤ ਮੁਤਾਬਕ ਆਜ਼ਾਦੀ ਹਾਸਲ ਕਰਨ ਲਈ ਗੱਲਬਾਤ ਕਰਨ ਨੂੰ ਤਿਆਰ ਹੈ ਤਾਕਿ ਫ਼ਲਸਤੀਨ ਤੇ ਇਜ਼ਰਾਇਲ ਦੀ ਸ਼ਾਂਤਮਈ ਤੇ ਸੁਰੱਖਿਅਤ ਸਹਿ-ਹੋਂਦ ਰਹਿ ਸਕੇ ਹਾਲਾਂਕਿ ਸ਼ਰਤ ਇਹ ਹੈ ਕਿ ਪੂਰਬੀ ਯਰੂਸ਼ਲਮ ਫ਼ਲਸਤੀਨੀ ਰਾਜ ਦੀ ਰਾਜਧਾਨੀ ਰਹਿਣੀ ਚਾਹੀਦੀ ਹੈ। (ਏਜੰਸੀ)