ਸੱਚੀਆਂ ਘਟਨਾਵਾਂ 'ਤੇ ਅਧਾਰਤ ਹਨ ਬਾਲੀਵੁੱਡ ਦੀਆਂ ਇਹ 10 ਬਿਹਤਰੀਨ ਫਿਲਮਾਂ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਬਾਲੀਵੁੱਡ ਵਿਚ ਬਾਇਓਪਿਕ ਫਿਲਮਾਂ ਬਣਾਉਣ ਦਾ ਕਾਫੀ ਰੁਝਾਨ ਹੈ ਪਰ ਕੁਝ ਫਿਲਮਾਂ ਅਜਿਹੀਆਂ ਵੀ ਹਨ ਜੋ ਬਾਇਓਪਿਕ ਨਾ ਹੋ ਕੇ ਕਿਸੇ ਸੱਚੀ ਘਟਨਾ ’ਤੇ ਅਧਾਰਤ ਹੁੰਦੀਆਂ ਹਨ।

Bollywood movies based on true events

ਚੰਡੀਗੜ੍ਹ: ਬਾਲੀਵੁੱਡ ਵਿਚ ਬਾਇਓਪਿਕ ਫਿਲਮਾਂ ਬਣਾਉਣ ਦਾ ਕਾਫੀ ਰੁਝਾਨ ਹੈ ਪਰ ਕੁਝ ਫਿਲਮਾਂ ਅਜਿਹੀਆਂ ਵੀ ਹਨ ਜੋ ਪੂਰੀ ਤਰ੍ਹਾਂ ਬਾਇਓਪਿਕ ਨਾ ਹੋ ਕੇ ਕਿਸੇ ਸੱਚੀ ਘਟਨਾ ’ਤੇ ਅਧਾਰਤ ਹੁੰਦੀਆਂ ਹਨ। ਚਾਹੇ ਇਹ ਫਿਲਮਾਂ ਬਾਕਸ ਆਫਿਸ ’ਤੇ ਕੁਝ ਖ਼ਾਸ ਕਮਾਲ ਨਾ ਦਿਖਾਉਣ ਪਰ ਇਹ ਫਿਲਮਾਂ ਦਰਸ਼ਕਾਂ ਦੇ ਦਿਲਾਂ ਵਿਚ ਛਾਪ ਛੱਡ ਜਾਂਦੀਆਂ ਹਨ। ਆਓ ਜਾਣਦੇ ਹਾਂ ਸੱਚੀਆਂ ਘਟਨਾਵਾਂ ’ਤੇ ਅਧਾਰਤ 10 ਬਿਹਤਰੀਨ ਫਿਲਮਾਂ -

 

1. ਭਾਗ ਮਿਲਖਾ ਭਾਗ (Bhaag Milkha Bhaag)

ਇਹ ਫਿਲਮ ਮਰਹੂਮ ਭਾਰਤੀ ਅਥਲੀਟ ਮਿਲਖਾ ਸਿੰਘ ਦੇ ਜੀਵਨ ’ਤੇ ਅਧਾਰਤ ਹੈ। ਇਸ ਵਿਚ ਫਰਹਾਨ ਅਖਤਰ ਨੇ ਮੁੱਖ ਭੂਮਿਕਾ ਨਿਭਾਈ ਸੀ। ਇਸ ਫਿਲਮ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ। ਇਸ ਦੇ ਨਾਲ ਹੀ ਇਹ ਫਿਲਮ ਕਾਫੀ ਹਿੱਟ ਸਾਬਤ ਹੋਈ।

 

2. ਸਰਬਜੀਤ (Sarbjit)

ਇਹ ਫਿਲਮ ਕਿਸਾਨ ਸਰਬਜੀਤ ਸਿੰਘ ਅਤੇ ਉਸ ਦੇ ਪਰਿਵਾਰ ਦੇ ਜੀਵਨ ਅਤੇ ਸੰਘਰਸ਼ ’ਤੇ ਅਧਾਰਤ ਹੈ। ਇਸ ਵਿਚ ਰਣਦੀਪ ਹੁੱਡਾ ਨੇ ਮੁੱਖ ਭੂਮਿਕਾ ਨਿਭਾਈ ਸੀ। ਸਰਬਜੀਤ ਨੂੰ ਪਾਕਿਸਤਾਨ ਨੇ ਜਾਸੂਸੀ ਅਤੇ ਅਤਿਵਾਦ ਦਾ ਦੋਸ਼ੀ ਠਹਿਰਾਉਂਦੇ ਹੋਏ ਕੈਦ ਕਰ ਲਿਆ ਸੀ। ਇਸ ਤੋਂ ਬਾਅਦ ਪਰਿਵਾਰ ਨੇ ਜ਼ਿੰਦਗੀ ਭਰ ਸੰਘਰਸ਼ ਕੀਤਾ।

 

3. ਛਪਾਕ (Chhapaak)

ਮਸ਼ਹੂਰ ਗੀਤਕਾਰ ਗੁਲਜ਼ਾਰ ਦੀ ਧੀ ਮੇਘਨਾ ਗੁਲਜ਼ਾਰ ਵੱਲੋਂ ਨਿਰਦੇਸ਼ਤ ਫਿਲਮ ਛਪਾਕ ਤੇਜ਼ਾਬ ਹਮਲੇ ਵਿਚ ਬਚੀ ਲਕਸ਼ਮੀ ਅਗਰਵਾਲ ਦੀ ਜ਼ਿੰਦਗੀ 'ਤੇ ਅਧਾਰਤ ਸੀ। ਦੀਪਿਕਾ ਪਾਦੁਕੋਣ ਨੇ ਇਸ ਫਿਲਮ ਵਿਚ ਲਕਸ਼ਮੀ ਦੀ ਭੂਮਿਕਾ ਨਿਭਾਈ ਸੀ। ਇਸ ਫਿਲਮ ਵਿਚ ਦੀਪਿਕਾ ਦੀ ਅਦਾਕਾਰੀ ਨੇ ਲਕਸ਼ਮੀ ਦੀ ਜ਼ਿੰਦਗੀ ਨੂੰ ਲੱਖਾਂ ਦਰਸ਼ਕਾਂ ਸਾਹਮਣੇ ਲਿਆਂਦਾ।

 

4. ਗੁੰਜਨ ਸਕਸੈਨਾ- ਦ ਕਾਰਗਿਲ ਗਰਲ (Gunjan Saxena: The Kargil Girl)

ਇਹ ਫਿਲਮ ਦੇਸ਼ ਦੀ ਪਹਿਲੀ ਮਹਿਲਾ ਏਅਰਫੋਰਸ ਪਾਇਲਟ ਦੇ ਜੀਵਨ 'ਤੇ ਅਧਾਰਤ ਹੈ। ਗੁੰਜਨ ਸਕਸੈਨਾ ਕਾਰਗਿਲ ਯੁੱਧ ਦੌਰਾਨ ਭਾਰਤੀ ਹਵਾਈ ਫੌਜ ਵਿਚ ਪਾਇਲਟ ਸਨ। ਉਸਨੇ 1999 ਵਿਚ ਜੰਗ ਦੌਰਾਨ ਬਹਾਦਰੀ ਨਾਲ ਭਾਰਤੀ ਫੌਜ ਦੀ ਸਹਾਇਤਾ ਕੀਤੀ ਅਤੇ ਜ਼ਖਮੀ ਫੌਜੀਆਂ ਨੂੰ ਬਚਾਇਆ। ਫਿਲਮ ਵਿਚ ਜਾਹਨਵੀ ਕਪੂਰ, ਪੰਕਜ ਤ੍ਰਿਪਾਠੀ ਅਤੇ ਅੰਗਦ ਬੇਦੀ ਮੁੱਖ ਭੂਮਿਕਾਵਾਂ ਵਿਚ ਹਨ।

 

5. ਦੰਗਲ (Dangal)

ਸਾਲ 2016 ਵਿਚ ਆਈ ਫਿਲਮ 'ਦੰਗਲ' ਸਾਲ 2016 ਦੀ ਸਭ ਤੋਂ ਵੱਡੀ ਹਿੱਟ ਰਹੀ ਸੀ। ਫਿਲਮ ਨੂੰ ਨਾ ਸਿਰਫ ਦੇਸ਼ ਵਿਚ ਬਲਕਿ ਵਿਦੇਸ਼ਾਂ ਵਿਚ ਵੀ ਭਰਵਾਂ ਹੁੰਗਾਰਾ ਮਿਲਿਆ ਸੀ। ਇਹ ਫਿਲਮ ਭਾਰਤੀ ਪੇਸ਼ੇਵਰ ਪਹਿਲਵਾਨ ਅਤੇ ਓਲੰਪਿਕ ਕੋਚ ਮਹਾਂਵੀਰ ਸਿੰਘ ਫੋਗਟ ਅਤੇ ਉਹਨਾਂ ਦੀਆਂ ਧੀਆਂ ਦੇ ਜੀਵਨ 'ਤੇ ਅਧਾਰਤ ਸੀ।

 

6. ਐਮ.ਐਸ.ਧੋਨੀ- ਦ ਅਨਟੋਲਡ ਸਟੋਰੀ (M.S. Dhoni: The Untold Story)

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਜੀਵਨ 'ਤੇ ਅਧਾਰਤ, ਇਹ ਫਿਲਮ ਉਹਨਾਂ ਦੇ ਜੀਵਨ ਨਾਲ ਜੁੜੀਆਂ ਕਹਾਣੀਆਂ ਬਾਰੇ ਦੱਸਦੀ ਹੈ, ਜਿਨ੍ਹਾਂ ਨੂੰ ਬਹੁਤ ਘੱਟ ਲੋਕ ਜਾਣਦੇ ਸਨ। ਫਿਲਮ ਨੂੰ ਦਰਸ਼ਕਾਂ ਦਾ ਬਹੁਤ ਪਿਆਰ ਮਿਲਿਆ। ਇਸ ਫਿਲਮ ਵਿਚ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਮੁੱਖ ਭੂਮਿਕਾ ਵਿਚ ਸਨ।

 

7. ਸੰਜੂ (Sanju)

ਅਭਿਨੇਤਾ ਸੰਜੇ ਦੱਤ ਦੇ ਜੀਵਨ 'ਤੇ ਅਧਾਰਤ ਫਿਲਮ ਸੰਜੂ ਇਕ ਬਲਾਕਬਸਟਰ ਬਾਇਓਪਿਕ ਸਾਬਤ ਹੋਈ। ਇਸ ਵਿਚ ਸੰਜੇ ਦੱਤ ਦੇ ਜੀਵਨ ਦੇ ਉਹਨਾਂ ਪੰਨਿਆਂ ਨੂੰ ਖੋਲ੍ਹਿਆ ਗਿਆ, ਜਿਨ੍ਹਾਂ ਬਾਰੇ ਸ਼ਾਇਦ ਹੀ ਕਿਸੇ ਨੂੰ ਪਤਾ ਹੋਵੇ। ਰਣਬੀਰ ਕਪੂਰ ਨੇ ਇਸ ਫਿਲਮ ਵਿਚ ਸੰਜੂ ਵਰਗਾ ਦਿਖਣ ਲਈ ਸਖ਼ਤ ਮਿਹਨਤ ਕੀਤੀ ਸੀ। ਇਹ ਫਿਲਮ ਨਾ ਸਿਰਫ ਹਿੱਟ ਰਹੀ ਬਲਕਿ ਫਿਲਮ ਨੇ ਚੰਗਾ ਕਾਰੋਬਾਰ ਵੀ ਕੀਤਾ।

 

8. ਸ਼ੇਰ ਸ਼ਾਹ (Shershaah)

ਇਹ ਫਿਲਮ ਕਾਰਗਿਲ ਯੁੱਧ ਦੇ ਸ਼ਹੀਦ ਕੈਪਟਨ ਵਿਕਰਮ ਬੱਤਰਾ ਦੀ ਬਾਇਓਪਿਕ ਹੈ, ਜੋ ਜੰਗ ਵਿਚ ਡਿਊਟੀ ਦੌਰਾਨ ਸ਼ਹੀਦ ਹੋਏ ਸਨ। ਇਹ ਕਹਾਣੀ ਵਿਕਰਮ ਬੱਤਰਾ ਦੇ ਜੀਵਨ, ਦੇਸ਼ ਅਤੇ ਡਿੰਪਲ ਲਈ ਉਹਨਾਂ ਦੇ ਪਿਆਰ ਨੂੰ ਦਰਸਾਉਂਦੀ ਹੈ। ਇਸ ਫਿਲਮ ਵਿਚ ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਮੁੱਖ ਭੂਮਿਕਾਵਾਂ ਵਿਚ ਸਨ।

 

9. ਸੁਪਰ 30 (Super 30)

'ਸੁਪਰ -30' ਬਿਹਾਰ ਦੀ ਰਾਜਧਾਨੀ ਪਟਨਾ ਦੇ ਮਸ਼ਹੂਰ ਗਣਿਤ ਸ਼ਾਸਤਰੀ ਆਨੰਦ ਕੁਮਾਰ ਦੇ ਜੀਵਨ ਅਤੇ ਮਿਹਨਤ ਨੂੰ ਦਰਸਾਉਂਦੀ ਇਕ ਫਿਲਮ ਸੀ। ਫਿਲਮ ਵਿਚ ਆਈਆਈਟੀ ਪ੍ਰਤੀ ਉਹਨਾਂ ਦਾ ਜਨੂੰਨ ਅਤੇ ਸਮਰਪਣ ਫਿਲਮ ਵਿਚ ਦੇਖਣਯੋਗ ਸੀ।  ਇਸ ਵਿਚ ਰਿਤਿਕ ਰੋਸ਼ਨ ਨੇ ਮੁੱਖ ਭੂਮਿਕਾ ਨਿਭਾਈ ਸੀ।

 

10. ਸੂਰਮਾ (Soorma)

ਦਿਲਜੀਤ ਦੋਸਾਂਝ, ਤਾਪਸੀ ਪੰਨੂ ਅਤੇ ਅੰਗਦ ਬੇਦੀ ਦੀ ਫਿਲਮ 'ਸੂਰਮਾ' ਹਾਕੀ ਦੇ ਮਹਾਨਾਇਕ ਸੰਦੀਪ ਸਿੰਘ ਦੇ ਜੀਵਨ 'ਤੇ ਅਧਾਰਤ ਹੈ। ਇਸ ਫਿਲਮ 'ਚ ਦਿਲਜੀਤ ਸੰਦੀਪ ਦੀ ਭੂਮਿਕਾ ਨਿਭਾਈ ਹੈ। ਇਸ ਫਿਲਮ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ।