ਪ੍ਰਿਅੰਕਾ ਨੇ ਕੀਤੀ ਗ਼ੈਰ-ਕਾਨੂੰਨੀ ਉਸਾਰੀ, ਬੀਐਮਸੀ ਨੇ ਦਿਤਾ ਲੀਗਲ ਨੋਟਿਸ
ਬਾਲੀਵੁਡ - ਹਾਲੀਵੁਡ ਅਦਾਕਾਰਾ ਪ੍ਰਿਅੰਕਾ ਚੋਪੜਾ ਨੂੰ ਮੁੰਬਈ ਦੇ ਅਪਣੇ ਓਸ਼ਿਵਾਰਾ ਦਫ਼ਤਰ ਵਿਚ ਗ਼ੈਰ-ਕਾਨੂੰਨੀ ਉਸਾਰੀ ਕਰਨ ਲਈ ਮੁੰਬਈ ਮਿਉਨਿਸਿਪਲ ਕਾਰਪੋਰੇਸ਼ਨ (ਬੀਐਮਸੀ)...
ਮੰਬਈ : ਬਾਲੀਵੁਡ - ਹਾਲੀਵੁਡ ਅਦਾਕਾਰਾ ਪ੍ਰਿਅੰਕਾ ਚੋਪੜਾ ਨੂੰ ਮੁੰਬਈ ਦੇ ਅਪਣੇ ਓਸ਼ਿਵਾਰਾ ਦਫ਼ਤਰ ਵਿਚ ਗ਼ੈਰ-ਕਾਨੂੰਨੀ ਉਸਾਰੀ ਕਰਨ ਲਈ ਮੁੰਬਈ ਮਿਉਨਿਸਿਪਲ ਕਾਰਪੋਰੇਸ਼ਨ (ਬੀਐਮਸੀ) ਨੇ ਨੋਟਿਸ ਭੇਜਿਆ ਹੈ। ਪ੍ਰਿਅੰਕਾ ਦੇ ਇਸ ਦਫ਼ਤਰ ਤੋਂ ਇਲਾਵਾ ਇਕ ਹੋਰ ਕਮਰਸ਼ਿਅਲ ਜਗ੍ਹਾ ਲਈ ਵੀ ਪ੍ਰਿਅੰਕਾ ਨੂੰ ਨੋਟਿਸ ਭੇਜਿਆ ਗਿਆ ਹੈ ਜਿਸ ਨੂੰ ਉਨ੍ਹਾਂ ਨੇ ਕਿਰਾਏ 'ਤੇ ਦੇ ਰੱਖਿਆ ਹੈ।
ਬੀਐਮਸੀ ਨੇ ਅਪਣੀ ਚੈਕਿੰਗ ਵਿਚ ਪਾਇਆ ਪ੍ਰਿਅੰਕਾ ਚੋਪੜਾ ਵਲੋਂ ਕਿਰਾਏ 'ਤੇ ਦਿਤੀ ਗਈ ਜਗ੍ਹਾ 'ਤੇ ਚੱਲ ਰਹੇ ਕਰਿਸ਼ਮਾ ਬਿਊਟੀ ਸਪਾ ਐਂਡ ਸਲੂਨ ਵਿਚ ਗ਼ੈਰ-ਕਾਨੂਨੀ ਤਰੀਕੇ ਨਾਲ ਇਕ ਮੈਜਨਿਨ ਫਲੋਰ ਬਣਾ ਰੱਖਿਆ ਹੈ। ਇਸ ਤੋਂ ਇਲਾਵਾ ਬੀਐਮਸੀ ਨੂੰ ਉਸ ਬਿਲਡਿੰਗ ਵਿਚ ਵੀ ਗ਼ੈਰ-ਕਾਨੂੰਨੀ ਉਸਾਰੀ ਮਿਲੀ ਹੈ ਜਿਸ ਦੀ ਵਰਤੋਂ ਪ੍ਰਿਅੰਕਾ ਚੋਪੜਾ ਅਪਣੇ ਦਫ਼ਤਰ ਦੇ ਤੌਰ 'ਤੇ ਕਰਦੀ ਹੈ। ਪ੍ਰਿਅੰਕਾ ਤੋਂ ਇਲਾਵਾ ਸਪਾ ਦੀ ਮਾਲਕਣ ਮਾਨਿਕ ਸੋਨੀ ਨੂੰ ਵੀ ਬੀਐਮਸੀ ਨੇ ਨੋਟਿਸ ਦੇ ਦਿਤਾ ਹੈ।
ਮਾਨਿਕ ਸੋਨੀ ਨੇ ਇਹ ਦਸਿਆ ਹੈ ਕਿ ਪ੍ਰਿਅੰਕਾ ਦੀ ਮਾਂ ਮਧੁ ਚੋਪੜਾ ਨੇ ਇਹ ਫਲੋਰ ਉਨ੍ਹਾਂ ਨੂੰ ਕਿਰਾਏ 'ਤੇ ਦਿਤਾ ਸੀ। ਅਪਣੇ ਨੋਟਿਸ ਵਿਚ ਬੀਐਮਸੀ ਨੇ ਪ੍ਰਿਅੰਕਾ ਨੂੰ ਗ਼ੈਰ-ਕਾਨੂੰਨੀ ਉਸਾਰੀ ਨੂੰ ਹਟਾਏ ਜਾਣ ਦਾ ਨਿਰਦੇਸ਼ ਦਿਤਾ ਹੈ। ਜੇਕਰ ਪ੍ਰਿਅੰਕਾ ਇਸ ਗ਼ੈਰ-ਕਾਨੂੰਨੀ ਉਸਾਰੀ ਨੂੰ ਨਹੀਂ ਹਟਾਉਂਦੀ ਹਨ ਤਾਂ ਬੀਐਮਸੀ 30 ਦਿਨ ਬਾਅਦ ਅਪਣੇ ਆਪ ਹੀ ਇਸ ਨੂੰ ਤੋੜ ਦੇਵੇਗਾ।
ਇਕ ਸੀਨੀਅਰ ਬੀਐਮਸੀ ਅਧਿਕਾਰੀ ਨੇ ਦਸਿਆ ਕਿ ਅਸੀਂ ਪਹਿਲਾਂ ਵੀ ਇਸ ਬਾਰੇ ਵਿਚ ਪ੍ਰਿਅੰਕਾ ਚੋਪੜਾ ਨੂੰ ਕਿਹਾ ਸੀ ਕਿ ਗ਼ੈਰ-ਕਾਨੂੰਨੀ ਉਸਾਰੀ ਹਟਾ ਲਵੋ ਪਰ ਉਨ੍ਹਾਂ ਨੇ ਸਾਨੂੰ ਕੋਈ ਜਵਾਬ ਨਹੀਂ ਦਿਤਾ। ਇਸ ਤੋਂ ਬਾਅਦ ਅਸੀਂ ਮਹਾਰਾਸ਼ਟਰ ਰੀਜ਼ਨਲ ਟਾਉਨ ਪਲਾਨਿੰਗ ਐਕਟ ਦੇ ਤਹਿਤ ਉਨ੍ਹਾਂ ਨੂੰ ਨੋਟਿਸ ਭੇਜਿਆ ਹੈ। ਇਸ ਮਾਮਲੇ 'ਤੇ ਪੁੱਛੇ ਜਾਣ 'ਤੇ ਪ੍ਰਿਅੰਕਾ ਚੋਪੜਾ ਨੇ ਕੋਈ ਵੀ ਕਾਮੈਂਟ ਨਹੀਂ ਕੀਤਾ ਹੈ।