ਅਨੁਸ਼ਕਾ ਤੇ ਡਾਇਰੈਕਟਰ ਨੂੰ ਨੋਟਿਸ ਜਾਰੀ, ਮਾਮਲੇ ਉੱਤੇ 30 ਜੁਲਾਈ ਲਈ ਸੁਣਵਾਈ ਤੈਅ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਵੈੱਬਸੀਰੀਜ਼ 'ਪਤਾਲ ਲੋਕ' ਵਿਚ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ

Notice issued to Anushka and director, hearing scheduled for July 30

ਚੰਡੀਗੜ੍ਹ  : ਵਿਵਾਦਤ ਵੈਬਸੀਰੀਜ਼ 'ਪਤਾਲ ਲੋਕ' ਉੱਤੇ ਰੋਕ ਲਗਾਉਣ ਦੀ ਮੰਗ ਨੂੰ ਲੈ ਕੇ ਦਾਇਰ ਪਟੀਸ਼ਨ 'ਤੇ ਵੀਰਵਾਰ ਨੂੰ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਜਵਾਬ ਦਾਖ਼ਲ ਕਰਨ ਲਈ ਸਮਾਂ ਮੰਗਿਆ ਹੈ । ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪ੍ਰੋਡਿਊਸਰ/ਅਦਾਕਾਰਾ ਅਨੁਸ਼ਕਾ ਸ਼ਰਮਾ ਅਤੇ ਡਾਇਰੈਕਟਰ ਨੂੰ ਦੁਬਾਰਾ ਨੋਟਿਸ ਜਾਰੀ ਕਰਦੇ ਹੋਏ ਮਾਮਲੇ 'ਤੇ 30 ਜੁਲਾਈ ਲਈ ਸੁਣਵਾਈ ਤੈਅ ਕੀਤੀ ਹੈ । ਜਸਟਿਸ ਅਨੂਪਿੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਤੈਅ ਤਾਰੀਖ ਤੋਂਂ ਪਹਿਲਾਂ ਸਾਰੇ ਸਬੰਧਤ ਪੱਖ ਅਪਣਾ ਜਵਾਬ ਦਰਜ ਕਰ ਦੇਣ।

ਦੱਸਣਯੋਗ ਹੈ ਕਿ ਬਾਲੀਵੁੱਡ ਐਕਟਰ ਅਨੁਸ਼ਕਾ ਸ਼ਰਮਾ ਦੀ ਵੈੱਬ ਸੀਰੀਜ਼ 'ਪਤਾਲ ਲੋਕ' ਅਦਾਲਤੀ ਚੁਣੌਤੀ ਦਾ ਵਿਸ਼ਾ ਬਣ ਚੁੱਕੀ ਹੈ। ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਲਾਉਂਦੇ ਹੋਏ ਇਸ 'ਤੇ ਰੋਕ ਲਾਉਣ ਅਤੇ ਸੀਰੀਜ਼ ਨਾਲ ਸਬੰਧਤ ਲੋਕਾਂ 'ਤੇ ਅਪਰਾਧਕ ਮਾਮਲਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਇਹ ਪਟੀਸ਼ਨ ਦਾਖ਼ਲ ਕੀਤੀ ਗਈ ਸੀ।

ਅਦਾਲਤ ਨੇ ਦੋ ਹਫ਼ਤੇ ਪਹਿਲਾਂ ਇਸ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਅਨੁਸ਼ਕਾ ਸ਼ਰਮਾ ਅਤੇ ਹੋਰ ਐਸੋਸੀਏਟਸ ਨੂੰ 2 ਜੁਲਾਈ ਲਈ ਨੋਟਿਸ ਜਾਰੀ ਕਰ ਕੇ ਜਵਾਬ ਤਲਬ ਕੀਤਾ ਸੀ। ਐਡਵੋਕੇਟ ਗੁਰਦੀਪਿੰਦਰ ਸਿੰਘ ਢਿੱਲੋਂ ਨੇ ਇਹ ਪਟੀਸ਼ਨ ਦਾਇਰ ਕਰ ਕੇ ਦੋਸ਼ ਲਗਾਇਆ ਹੈ ਕਿ ਉਕਤ ਪਲੇਟਫਾਰਮ 'ਤੇ ਵੈੱਬਸੀਰੀਜ਼ 'ਪਾਤਾਲ ਲੋਕ' ਵਿਚ ਪੰਜਾਬ ਅਧਾਰਤ ਇਕ ਵਿਸ਼ੇਸ਼ ਜਾਤ 'ਤੇ ਉੱਚ ਜਾਤ ਵਿਚਾਲੇ ਹਿੰਸਕ ਟਕਰਾਅ ਅਤੇ  ਜਿਣਸੀ ਤਸ਼ੱਦਦ ਵਿਖਾਇਆ ਗਿਆ ਹੈ।

ਇਸ ਦੇ  ਨਾਲ ਹੀ ਕੁਝ ਵਿਅਕਤੀਆਂ ਦੂਆਰਾ  ਇਕ ਨਿਪਾਲੀ ਬੱਚੇ ਦਾ ਜਿਣਸੀ ਸੋਸ਼ਣ ਕਰਦਿਆਂ ਵਿਖਾਇਆ ਗਿਆ ਹੈ। ਪਟੀਸ਼ਨ ਤਹਿਤ ਦੋਸ਼ ਲਾਇਆ ਗਿਆ ਹੈ ਕਿ ਇਸ ਪੇਸ਼ਕਾਰੀ ਨਾਲ ਪੰਜਾਬ ਵਿਚ ਸਮਾਜਿਕ ਟਕਰਾਓ ਪੈਦਾ ਹੋ ਸਕਦਾ  ਹੈ ? ਇਸ ਤੋਂ ਇਲਾਵਾ ਇਸ ਵੈੱਬ ਸੀਰੀਜ਼ ਨਾਲ ਪੰਜਾਬੀਆਂ ਤੇ ਸਿੱਖਾਂ ਦੇ ਅਕਸ ਨੂੰ ਢਾਹ ਲੱਗੀ ਹੈ। ਪਟੀਸ਼ਨ 'ਚ ਕੇਂਦਰੀ ਬ੍ਰਾਡਕਾਸਟਿੰਗ ਮੰਤਰਾਲੇ, ਸੈਂਟਰਲ ਬੋਰਡ ਆਫ ਫ਼ਿਲਮ ਸਰਟੀਫੀਕੇਸ਼ਨ, ਡੀਜੀਪੀ ਪੰਜਾਬ, ਬਿਊਰੋ ਆਫ ਇਨਵੈਸਟੀਗੇਸ਼ਨ ਅਤੇ ਹੋਰਨਾਂ ਨੂਂੰ ਵੀ ਧਿਰ ਬਣਾਇਆ ਗਿਆ ਹੈ।