ਕਾਂਗਰਸ 'ਚ ਸ਼ਾਮਲ ਹੋ ਸਕਦੈ ਬਾਲੀਵੁਡ ਅਦਾਕਾਰ ਰਾਜਪਾਲ ਯਾਦਵ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਸ਼ੀਲਾ ਦੀਕਸ਼ਿਤ ਨੂੰ ਮਿਲਣ ਲਈ ਉਨ੍ਹਾਂ ਦੇ ਘਰ ਪੁੱਜੇ ਰਾਜਪਾਲ ਯਾਦਵ

Rajpal Yadav

ਨਵੀਂ ਦਿੱਲੀ : ਲੋਕ ਸਭਾ ਚੋਣਾਂ ਜਿਵੇਂ-ਜਿਵੇਂ ਨੇੜੇ ਆਉਂਦੀਆਂ ਜਾ ਰਹੀਆਂ ਹਨ, ਰੋਜ਼ਾਨਾ ਕਿਸੇ ਨਾ ਕਿਸੇ ਪ੍ਰਸਿੱਧ ਸ਼ਖ਼ਸੀਅਤ ਦੀ ਸਿਆਸਤ 'ਚ ਐਂਟਰੀ ਹੋ ਰਹੀ ਹੈ। ਆਪਣੀ ਕਾਮੇਡੀ ਅਤੇ ਅਦਾਕਾਰੀ ਲਈ ਪ੍ਰਸਿੱਧ ਫ਼ਿਲਮੀ ਕਲਾਕਾਰ ਰਾਜਪਾਲ ਯਾਦਵ ਕਾਂਗਰਸ ਪਾਰਟੀ 'ਚ  ਸ਼ਾਮਲ ਹੋਣ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਰਾਜਪਾਲ ਯਾਦਵ ਭਾਜਪਾ ਦੇ ਮਨੋਜ ਤਿਵਾਰੀ ਵਿਰੁੱਧ ਚੋਣ ਲੜ ਸਕਦੇ ਹਨ। ਮਨੋਜ ਤਿਵਾਰੀ ਉੱਤਰ-ਪੂਰਬੀ ਦਿੱਲੀ ਤੋਂ ਭਾਜਪਾ ਸੰਸਦ ਮੈਂਬਰ ਹਨ।

 


 

ਰਾਜਪਾਲ ਯਾਦਵ ਅੱਜ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਸ਼ੀਲਾ ਦੀਕਸ਼ਿਤ ਨੂੰ ਮਿਲਣ ਲਈ ਉਨ੍ਹਾਂ ਦੇ ਘਰ ਪੁੱਜੇ ਸਨ। ਜ਼ਿਕਰਯੋਗ ਹੈ ਕਿ ਰਾਜਪਾਲ ਯਾਦਵ ਪਿਛਲੇ ਦਿਨੀਂ ਤਿਹਾੜ ਜੇਲ ਤੋਂ ਰਿਹਾਅ ਹੋਏ ਹਨ। ਲੋਨ ਨਾ ਚੁਕਾਉਣ ਦੇ ਇਕ ਮਾਮਲੇ 'ਚ ਰਾਜਪਾਲ ਜੇਲ 'ਚ ਸਜ਼ਾ ਕੱਟ ਰਹੇ ਸਨ। ਉਦੋਂ ਰਾਜਪਾਲ ਨੇ ਕਿਹਾ ਸੀ ਕਿ ਉਹ ਕੁਝ ਦਿਨਾਂ 'ਚ ਬਾਲੀਵੁਡ 'ਚ ਵਾਪਸੀ ਕਰ ਸਕਦੇ ਹਨ। ਸ਼ੀਲਾ ਦੀਕਸ਼ਿਤ ਨਾਲ ਮੁਲਾਕਾਤ ਤੋਂ ਬਾਅਦ ਲੱਗਦਾ ਹੈ ਕਿ ਉਹ ਸਿਆਸਤ 'ਚ ਆ ਸਕਦੇ ਹਨ।

ਰਾਜਪਾਲ ਯਾਦਵ ਤੋਂ ਪਹਿਲਾਂ ਅਦਾਕਾਰਾ ਉਰਮਿਲਾ ਮਾਤੋਂਡਕਰ ਕਾਂਗਰਸ ਦੀ ਟਿਕਟ 'ਤੇ ਉੱਤਰੀ ਮੁੰਬਈ ਲੋਕ ਸਭਾ ਸੀਟ ਤੋਂ ਚੋਣ ਮੈਦਾਨ 'ਚ ਹਨ। ਪ੍ਰਸਿੱਧ ਟੀਵੀ ਸ਼ੋਅ 'ਭਾਭੀ ਜੀ ਘਰ ਪਰ ਹੈਂ' ਦੀ ਕਲਾਕਾਰ ਸ਼ਿਲਪਾ ਸ਼ਿੰਦੇ ਨੇ ਵੀ ਕੁਝ ਹਫ਼ਤੇ ਪਹਿਲਾਂ ਕਾਂਗਰਸ ਜੁਆਇਨ ਕੀਤੀ ਸੀ।