8 ਦਸੰਬਰ - ਅਦਾਕਾਰ ਧਰਮਿੰਦਰ ਜਨਮਦਿਨ ਮੌਕੇ ਜਾਣੋ ਬਾਲੀਵੁੱਡ ਦੇ 'ਹੀ-ਮੈਨ' ਬਾਰੇ ਦਿਲਚਸਪ ਗੱਲਾਂ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਹਰ ਉਮਰ ਤੇ ਵਰਗ ਦੇ ਦਰਸ਼ਕਾਂ ਦੀ ਪਸੰਦ ਰਹੇ ਧਰਮਿੰਦਰ

Image

 

ਅਦਾਕਾਰ ਧਰਮਿੰਦਰ ਦਾ ਨਾਂਅ ਬਾਲੀਵੁੱਡ ਦੇ ਸਭ ਤੋਂ ਸਥਾਪਿਤ ਕਲਾਕਾਰਾਂ 'ਚ ਸ਼ੁਮਾਰ ਹੈ। 1970 ਤੇ 80 ਦੇ ਦਹਾਕਿਆਂ 'ਚ ਉਨ੍ਹਾਂ ਬਾਲੀਵੁੱਡ 'ਤੇ ਰਾਜ ਕੀਤਾ। ਉਨ੍ਹਾਂ ਦੀਆਂ ਅਨੇਕਾਂ ਫ਼ਿਲਮਾਂ ਬਾਲੀਵੁੱਡ ਦੀਆਂ ਸਭ ਤੋਂ ਯਾਦਗਾਰ ਫ਼ਿਲਮਾਂ 'ਚ ਗਿਣੀਆਂ ਜਾਂਦੀਆਂ ਹਨ, ਜਿਨ੍ਹਾਂ ਵਿੱਚ 'ਫ਼ੂਲ ਔਰ ਪੱਥਰ', 'ਸੀਤਾ ਔਰ ਗੀਤਾ', 'ਸ਼ੋਲੇ' ਦੇ ਨਾਂਅ ਸ਼ਾਮਲ ਹਨ। 2012 'ਚ ਉਨ੍ਹਾਂ ਨੂੰ ਪਦਮ ਭੂਸ਼ਨ ਦੇ ਸਨਮਾਨ ਨਾਲ ਨਿਵਾਜ਼ਿਆ ਗਿਆ। 

ਆਓ ਧਰਮਿੰਦਰ ਦੇ ਜਨਮਦਿਨ ਮੌਕੇ ਜਾਣੀਏ ਉਨ੍ਹਾਂ ਜੁੜੀਆਂ ਕੁਝ ਦਿਲਚਸਪ ਗੱਲਾਂ -

ਬਾਲੀਵੁੱਡ ਦੇ 'ਹੀ-ਮੈਨ'

ਸੋਹਣੀ ਸੂਰਤ ਅਤੇ ਸਮਜ਼ਬੂਤ ਸਰੀਰਕ ਬਣਤਰ ਸਦਕਾ ਧਰਮਿੰਦਰ ਨੂੰ ਬਾਲੀਵੁੱਡ ਦਾ 'ਹੀ-ਮੈਨ' ਕਿਹਾ ਜਾਂਦਾ ਹੈ। "ਕੁੱਤੇ ਮੈਂ ਤੇਰਾ ਖ਼ੂਨ ਪੀ ਜਾਊਂਗਾ" ਵਰਗੇ ਉਨ੍ਹਾਂ ਦੇ ਬੋਲੇ ਡਾਇਲੌਗ ਉਨ੍ਹਾਂ ਦੀ ਪਛਾਣ ਬਣ ਚੁੱਕੇ ਹਨ। ਆਪਣੇ ਸਮੇਂ 'ਚ ਉਹ ਹਰ ਉਮਰ, ਹਰ ਵਰਗ ਦੇ ਸਰੋਤੇ ਦੀ ਪਸੰਦ 'ਤੇ ਖਰੇ ਉੱਤਰੇ। ਜਿੱਥੇ ਧਰਮਿੰਦਰ ਨੇ ਐਕਸ਼ਨ ਭਰਪੂਰ ਭੂਮਿਕਾਵਾਂ ਬਾਖ਼ੂਬੀ ਨਿਭਾਈਆਂ, ਉੱਥੇ ਹੀ ਰੋਮਾਂਟਿਕ ਅਤੇ ਕਾਮੇਡੀ ਭੂਮਿਕਾਵਾਂ 'ਚ ਉਨ੍ਹਾਂ ਦਾ ਕੋਈ ਜਵਾਬ ਨਹੀਂ। 

ਪਿਆਰ ਲਈ ਧਰਮ ਬਦਲਿਆ 

ਧਰਮਿੰਦਰ ਅੰਦਰ ਹੇਮਾ ਦੇ ਪਿਆਰ ਦੀ ਚਿਣਗ ਸ਼ੋਲੇ ਫ਼ਿਲਮ ਦੀ ਸ਼ੂਟਿੰਗ ਦੌਰਾਨ ਵਧੀ। ਧਰਮਿੰਦਰ ਦੇ ਪ੍ਰਕਾਸ਼ ਕੌਰ ਨਾਲ ਪਹਿਲਾਂ ਵਿਆਹੇ ਹੋਣ ਕਰਕੇ ਜਦੋਂ ਹੇਮਾ ਨੇ ਇਸ ਰਿਸ਼ਤੇ ਨੂੰ ਅੱਗੇ ਵਧਾਉਣ 'ਚ ਹਿਚਕਿਚਾਹਟ ਦਿਖਾਈ ਤਾਂ ਹੇਮਾ ਨੂੰ ਹਾਸਲ ਕਰਨ ਲਈ ਧਰਮਿੰਦਰ ਨੇ ਇਸਲਾਮ ਧਰਮ ਅਪਣਾਇਆ। ਧਰਮਿੰਦਰ ਤੇ ਹੇਮਾ ਦੀ ਜੋੜੀ ਵੀ ਬਾਲੀਵੁੱਡ ਦੀਆਂ ਸਭ ਤੋਂ ਚਰਚਿਤ ਜੋੜੀਆਂ 'ਚ ਸ਼ਾਮਲ ਹੈ। 

ਸੁਰੱਈਆ ਦੇ ਵੱਡੇ ਫ਼ੈਨ 

ਧਰਮਿੰਦਰ ਬਾਲੀਵੁੱਡ ਅਦਾਕਾਰਾ ਸੁਰੱਈਆ ਦੇ ਬੜੇ ਵੱਡੇ ਫ਼ੈਨ ਸੀ। ਉਨ੍ਹਾਂ ਦੀ ਦਿੱਲਗੀ ਫ਼ਿਲਮ ਦੇਖਣ ਲਈ ਧਰਮਿੰਦਰ ਪੈਦਲ ਜਾਂਦੇ ਰਹੇ, ਅਤੇ ਇਹ ਫ਼ਿਲਮ ਉਨ੍ਹਾਂ ਘੱਟੋ-ਘੱਟ 40 ਵਾਰ ਦੇਖੀ। ਉਸ ਵੇਲੇ ਧਰਮਿੰਦਰ ਅਦਾਕਾਰੀ ਦੇ ਖੇਤਰ 'ਚ ਨਵੇਂ ਚਿਹਰੇ ਵਜੋਂ ਸੰਘਰਸ਼ ਕਰ ਰਹੇ ਸਨ। ਆਖ਼ਿਰਕਾਰ 1960 'ਚ ਧਰਮਿੰਦਰ ਦੀ ਮਿਹਨਤ ਰੰਗ ਲਿਆਈ ਅਤੇ ਉਨ੍ਹਾਂ 'ਦਿਲ ਭੀ ਤੇਰਾ, ਹਮ ਭੀ ਤੇਰੇ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਇਹ ਵੀ ਕਿਹਾ ਜਾਂਦਾ ਹੈ ਕਿ ਇਸ ਫ਼ਿਲਮ ਲਈ ਧਰਮਿੰਦਰ ਨੂੰ 51 ਰੁਪਏ ਫ਼ੀਸ ਮਿਲੀ ਸੀ। 

'ਗਰਮ ਧਰਮ' ਰੈਸਟੋਰੈਂਟਾਂ ਦੀ ਲੜੀ 

ਧਰਮਿੰਦਰ ਦੇ ਚਾਹੁਣ ਵਾਲਿਆਂ ਨੇ ਉਨ੍ਹਾਂ ਦੇ ਫ਼ਿਲਮੀ ਕਰੀਅਰ ਨੂੰ ਸਮਰਪਿਤ ਥੀਮ ਰੈਸਟੋਰੈਂਟਾਂ ਦੀ ਇੱਕ ਲੜੀ 'ਗਰਮ ਧਰਮ' ਦੇ ਨਾਂਅ ਹੇਠ ਸ਼ੁਰੂ ਕੀਤੀ। ਇਹ ਰੈਸਟੋਰੈਂਟ ਦਿੱਲੀ ਤੋਂ ਬਾਅਦ ਮੋਹਾਲੀ ਵਿਖੇ ਵੀ ਖੁੱਲ੍ਹ ਚੁੱਕਿਆ ਹੈ। ਰੈਸਟੋਰੈਂਟ ਅੰਦਰਲਾ ਮਾਹੌਲ, ਦੀਵਾਰਾਂ ਤੋਂ ਲੈ ਕੇ ਖਾਣ-ਪੀਣ ਵਾਲੀਆਂ ਆਈਟਮਾਂ, ਹਰ ਥਾਂ 'ਤੇ ਧਰਮਿੰਦਰ ਦਾ ਫ਼ਿਲਮੀ ਕਰੀਅਰ ਤੇ ਉਨ੍ਹਾਂ ਦੇ ਨਿਭਾਏ ਕਿਰਦਾਰ ਦੀ ਝਲਕ ਦਿਖਾਈ ਦਿੰਦੀ ਹੈ।