ਤਾਮਿਲਨਾਡੂ 'ਚ ਨਹੀਂ ਦਿਖਾਈ ਜਾਵੇਗੀ 'ਦਿ ਕੇਰਲਾ ਸਟੋਰੀ': ਮਲਟੀਪਲੈਕਸ ਸੰਸਥਾਵਾਂ ਨੇ ਲਿਆ ਫ਼ੈਸਲਾ

ਏਜੰਸੀ

ਮਨੋਰੰਜਨ, ਬਾਲੀਵੁੱਡ

ਕਿਹਾ, ਕਾਨੂੰਨ ਵਿਵਸਥਾ ਲਈ ਖ਼ਤਰਾ ਬਣ ਸਕਦੀ ਹੈ ਫ਼ਿਲਮ

The Kerala Story!

ਤਾਮਿਲਨਾਡੂ : ਫ਼ਿਲਮ 'ਦਿ ਕੇਰਲਾ ਸਟੋਰੀ' ਨੂੰ ਲੈ ਕੇ ਦੇਸ਼ 'ਚ ਵਿਵਾਦ ਜਾਰੀ ਹੈ। ਇਸ ਦੌਰਾਨ ਤਾਮਿਲਨਾਡੂ 'ਚ ਫ਼ਿਲਮ ਦੀ ਸਕ੍ਰੀਨਿੰਗ 'ਤੇ ਪਾਬੰਦੀ ਲਗਾ ਦਿਤੀ ਗਈ ਹੈ। ਸਿਨੇਮਾਘਰਾਂ ਦੇ ਮਾਲਕਾਂ ਨੇ ਕਾਨੂੰਨ ਵਿਵਸਥਾ ਦੀ ਸਥਿਤੀ ਅਤੇ ਫ਼ਿਲਮ ਨੂੰ ਮਿਲੇ ਮਾੜੇ ਹੁੰਗਾਰੇ ਦਾ ਹਵਾਲਾ ਦਿੰਦੇ ਹੋਏ ਫ਼ਿਲਮ ਨੂੰ ਚਲਾਉਣ ਦਾ ਫ਼ੈਸਲਾ ਮੁਲਤਵੀ ਕਰ ਦਿਤਾ ਹੈ।

ਸੁਦੀਪਤੋ ਸੇਨ ਦੁਆਰਾ ਨਿਰਦੇਸ਼ਤ ਫ਼ਿਲਮ 'ਦਿ ਕੇਰਲਾ ਸਟੋਰੀ' 5 ਮਈ ਨੂੰ ਰਿਲੀਜ਼ ਹੋਈ। ਟ੍ਰੇਲਰ ਰਿਲੀਜ਼ ਹੁੰਦੇ ਹੀ ਫ਼ਿਲਮ ਵਿਵਾਦਾਂ 'ਚ ਘਿਰ ਗਈ। ਟ੍ਰੇਲਰ ਵਿਚ ਦਾਅਵਾ ਕੀਤਾ ਗਿਆ ਹੈ ਕਿ ਸੂਬੇ ਵਿਚੋਂ 32,000 ਲੜਕੀਆਂ ਲਾਪਤਾ ਹੋ ਗਈਆਂ ਸਨ ਅਤੇ ਬਾਅਦ ਵਿਚ ਅਤਿਵਾਦੀ ਸਮੂਹ ਆਈ.ਐਸ.ਆਈ.ਐਸ. ਵਿਚ ਸ਼ਾਮਲ ਹੋ ਗਈਆਂ ਸਨ।

ਤਾਮਿਲਨਾਡੂ ਮਲਟੀਪਲੈਕਸ ਐਸੋਸੀਏਸ਼ਨ ਨੇ ਕਿਹਾ ਕਿ ਉਹ ਐਤਵਾਰ ਤੋਂ ਸੂਬੇ ਭਰ ਵਿਚ 'ਦਿ ਕੇਰਲਾ ਸਟੋਰੀ' ਦੀ ਸਕ੍ਰੀਨ ਨਹੀਂ ਕਰਨਗੇ। ਐਸੋਸੀਏਸ਼ਨ ਨੇ ਕਿਹਾ ਕਿ ਫ਼ਿਲਮ ਕਾਨੂੰਨ ਵਿਵਸਥਾ ਲਈ ਖ਼ਤਰਾ ਬਣ ਸਕਦੀ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਫ਼ਿਲਮ ਨੂੰ ਲੋਕਾਂ ਵਲੋਂ ਠੰਡਾ ਹੁੰਗਾਰਾ ਮਿਲ ਰਿਹਾ ਹੈ।

ਇਹ ਵੀ ਪੜ੍ਹੋ: ਮੁੱਕੇਬਾਜ਼ ਕੌਰ ਸਿੰਘ ਦੀ ਅੰਤਿਮ ਅਰਦਾਸ ਵਿਚ ਸ਼ਾਮਲ ਹੋਏ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ

ਫ਼ਿਲਮ ਦੇ ਰਿਲੀਜ਼ ਹੁੰਦੇ ਹੀ ਇਸਲਾਮਿਕ ਸੰਗਠਨਾਂ ਨੇ ਇਸ ਦਾ ਵਿਰੋਧ ਕੀਤਾ। ਤਾਮਿਲਨਾਡੂ ਮੁਸਲਿਮ ਮੁਨੇਤਰ ਕੜਗਮ ਨੇ ਕੋਇੰਬਟੂਰ ਦੇ ਇਕ ਮਾਲ ਵਿਚ ਫ਼ਿਲਮ ਦੀ ਸਕ੍ਰੀਨਿੰਗ ਵਿਰੁਧ ਧਰਨਾ ਦਿਤਾ। ਇਸ ਦੌਰਾਨ ਉਨ੍ਹਾਂ ਦੀ ਪੁਲਿਸ  ਨਾਲ ਹੱਥੋਪਾਈ ਵੀ ਹੋਈ।

ਭਾਜਪਾ ਸੰਸਦ ਮੈਂਬਰ ਸਰੋਜ ਪਾਂਡੇ ਨੇ ਦਾਅਵਾ ਕੀਤਾ ਹੈ ਕਿ ਛੱਤੀਸਗੜ੍ਹ 'ਚ ਵੀ ਕੇਰਲ ਵਰਗੀਆਂ ਕਈ ਘਟਨਾਵਾਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੂੰ ਇਨ੍ਹਾਂ ਸਾਰੇ ਮਾਮਲਿਆਂ ਵਿਚ ਕਾਰਵਾਈ ਕਰਨੀ ਚਾਹੀਦੀ ਹੈ। ਸਰੋਜ ਨੇ ਕਿਹਾ ਕਿ ਮੁੱਖ ਮੰਤਰੀ ਬਘੇਲ ਇਧਰ-ਉਧਰ ਦੀਆਂ ਗੱਲਾਂ ਕਰ ਕੇ ਅਸਲ ਮੁੱਦਿਆਂ ਨੂੰ ਮੋੜ ਦਿੰਦੇ ਹਨ, ਜੋ ਉਨ੍ਹਾਂ ਨੂੰ ਨਹੀਂ ਕਰਨਾ ਚਾਹੀਦਾ। ਇਸ ਦੇ ਨਾਲ ਹੀ ਉਨ੍ਹਾਂ ਨੇ ਛੱਤੀਸਗੜ੍ਹ 'ਚ ਫ਼ਿਲਮ 'ਦਿ ਕੇਰਲਾ ਸਟੋਰੀ' ਨੂੰ ਟੈਕਸ ਮੁਕਤ ਕਰਨ ਦੀ ਮੰਗ ਕੀਤੀ ਹੈ।