ਇਰਫਾਨ ਖਾਨ ਦੀ ਸਫ਼ਲਤਾ ਦੇ ਪਿਛੇ ਪਤਨੀ ਦਾ ਰਿਹਾ ਵੱਡਾ ਯੋਗਦਾਨ

ਏਜੰਸੀ

ਮਨੋਰੰਜਨ, ਬਾਲੀਵੁੱਡ

ਜਾਣੋ ਸਟਾਰ ਬਣਨ ਤੱਕ ਦਾ ਦਿਲਚਸਪ ਕਿੱਸਾ

File

ਮੁੰਬਈ- ਕਹਿੰਦੇ ਹਨ ਕਿ ਸਫਲ ਆਦਮੀ ਪਿੱਛੇ ਇਕ ਔਰਤ ਦਾ ਹੱਥ ਹੁੰਦਾ ਹੈ। ਅਭਿਨੇਤਾ ਇਰਫਾਨ ਖਾਨ ਲਈ ਇਹ ਗੱਲ ਬਿਲਕੁਲ ਸੱਚ ਸਾਬਿਤ ਹੋਈ ਹੈ। ਐਕਟਰ ਇਰਫਾਨ ਖਾਨ ਅੱਜ ਆਪਣਾ 53ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਉਨ੍ਹਾਂ ਦਾ ਜਨਮ 7 ਜਨਵਰੀ 1967 ਨੂੰ ਹੋਇਆ ਸੀ। ਉਨ੍ਹਾਂ ਦੇ ਜਨਮਦਿਨ ਦੇ ਇਸ ਮੌਕੇ 'ਤੇ ਆਓ ਜਾਣਦੇ ਹਾਂ ਉਨ੍ਹਾਂ ਦੇ ਫਿਲਮੀ ਸਫਰ ਦੀ ਕਹਾਣੀ ਬਾਰੇ

ਇਰਫਾਨ ਖਾਨ ਦੀ ਜ਼ਿੰਦਗੀ ਬਹੁਤ ਹੀ ਸੰਘਰਸ਼ ਭਰੀ ਰਹੀ ਹੈ। ਜੈਪੁਰ ਦੇ ਆਮੇਰਓੜ ਇਲਾਕੇ 'ਚ ਇਕ ਲੋਵਰ ਮਿਡਲ ਕਲਾਸ ਘਰ 'ਚ ਜਨਮੇ ਇਰਫਾਨ ਖਾਨ ਤੋਂ ਘਰਵਾਲਿਆਂ ਨੂੰ ਕਾਫੀ ਉਮੀਦਾਂ ਸਨ। ਘਰ ਦੇ ਵੱਡੇ ਬੇਟੇ ਹੋਣ ਦੇ ਨਾਅਤੇ ਘਰਵਾਲੇ ਸੋਚਦੇ ਸਨ ਕਿ ਉਹ ਜਲਦ ਹੀ ਕਮਾਉਣਾ ਸ਼ੁਰੂ ਕਰੇ ਤੇ ਘਰ ਸੰਭਾਲੇ ਪਰ ਇਰਫਾਨ ਖਾਨ ਇਹ ਸਭ ਕਰਨ 'ਚ ਅਸਮਰਥ ਰਹੇ ਤੇ ਝੂਠ ਬੋਲ ਕੇ ਦਿੱਲੀ ਆ ਗਏ।

 

ਬਚਪਨ ਤੋਂ ਇਰਫਾਨ ਖਾਨ ਐਕਟਰ ਬਣਨਾ ਚਾਹੁੰਦੇ ਸਨ ਤੇ ਦਿੱਲ ਆ ਕੇ ਥਿਏਟਰ ਕੋਰਸ ਕਰਨਾ ਚਾਹੁੰਦੇ ਸਨ। ਅਫਸੋਸ ਇਹ ਰਿਹਾ ਕਿ ਦਿੱਲੀ ਆਉਣ ਤੋਂ ਬਾਅਦ ਵੀ ਇਰਫਾਨ ਖਾਨ ਦਾ ਦਾਖਲਾ ਐੱਨ. ਐੱਸ. ਡੀ. ਨੈਸ਼ਨਲ ਡਰਾਮਾ ਸਕੂਲ 'ਚ ਨਹੀਂ ਹੋਇਆ। ਉਸ ਸਮੇਂ ਉਨ੍ਹਾਂ ਦੇ ਪਿਤਾ ਦਾ ਦਿਹਾਂਤ ਵੀ ਹੋ ਗਿਆ ਸੀ। ਇਰਫਾਨ ਦੀ ਮਦਦ ਉਸ ਸਮੇਂ ਇਕ ਲੜਕੀ ਨੇ ਕੀਤੀ ਸੀ। ਬਾਅਦ 'ਚ ਇਰਫਾਨ ਨੇ ਦੋਸਤਾਂ ਨਾਲ ਮਿਲ ਕੇ ਟੈਲੀਫਿਲਮ ਬਣਾਈ, ਜਿਸ ਨੂੰ ਦੇਖ ਕੇ ਫਿਲਮਕਾਰ ਗੋਵਿੰਦ ਨਿਹਲਾਨੀ ਨੇ ਉਨ੍ਹਾਂ ਨੂੰ ਕੰਮ ਦਿੱਤਾ। ਦਿੱਲੀ ਵਾਲੀ ਉਸ ਲੜਕੀ ਨੇ ਇਰਫਾਨ ਦਾ ਸਾਥ ਨਹੀਂ ਛੱਡਿਆ। ਦੱਸ ਦਈਏ ਕਿ ਇਹ ਲੜਕੀ ਕੋਈ ਹੋਰ ਨਹੀਂ ਸੁਤਪਾ ਸਿਕੰਦਰ ਹੈ, ਜਿਸ ਨਾਲ ਬਾਅਦ 'ਚ ਇਰਫਾਨ ਨੇ ਵਿਆਹ ਕਰਵਾ ਲਿਆ ਸੀ।

ਇਰਫਾਨ ਖਾਨ ਅੱਜ ਬਾਲੀਵੁੱਡ 'ਚ ਇਕ ਵੱਡੇ ਮੁਕਾਮ 'ਤੇ ਹਨ ਪਰ ਉਨ੍ਹਾਂ ਲਈ ਇਹ ਸਫਰ ਸੋਖਾ ਨਹੀਂ ਰਿਹਾ। ਉਨ੍ਹਾਂ ਦੀ ਪਤਨੀ ਨੇ ਉਨ੍ਹਾਂ ਦੇ ਹਰ ਕਦਮ 'ਤੇ ਸਾਥ ਦਿੱਤਾ। ਇਰਫਾਨ ਨੇ ਆਪਣੇ ਜ਼ਬਰਦਸਤ ਅਭਿਨੈ ਨਾਲ ਅੱਜ ਬਾਲੀਵੁੱਡ 'ਚ ਵੱਡਾ ਨਾਂ ਕਮਾ ਲਿਆ ਹੈ। ਉਨ੍ਹਾਂ ਦੀ ਪਹਿਲੀ ਫਿਲਮ 'ਸਲਾਮ ਬੰਬੇ' ਸੀ, ਜਿਸ 'ਚ ਉਨ੍ਹਾਂ ਦਾ ਕਿਰਦਾਰ ਛੋਟਾ ਜਿਹਾ ਸੀ। ਫਿਲਮ ਤੋਂ ਪਹਿਲਾਂ ਇਰਫਾਨ ਖਾਨ 'ਚੰਦਰਕਾਂਤਾ' ਵਰਗੇ ਟੀ. ਵੀ. ਸੀਰੀਅਲ 'ਚ ਵੀ ਕੰਮ ਕਰ ਚੁੱਕੇ ਹਨ। ਇਰਫਾਨ ਨੇ ਹਾਲੀਵੁੱਡ ਫਿਲਮ 'ਚ ਵੀ ਕੰਮ ਕੀਤਾ ਹੈ।

ਇਰਫਾਨ ਖਾਨ ਨੇ 'ਪਾਨ ਸਿੰਘ ਤੋਮਰ', 'ਦਿ ਲੰਚਬਾਕਸ', 'ਤਲਵਾਰ', 'ਲਾਈਫ ਆਫ ਪਾਈ', 'ਮੁੰਬਈ ਮੇਰੀ ਜਾਨ', 'ਸਾਹਿਬ ਬੀਵੀ ਔਰ ਗੈਂਗਸਟਰ ਰਿਟਰਨਸ', 'ਹਿੰਦੀ ਮੀਡੀਅਮ', 'ਮਕਬੂਲ' ਵਰਗੀਆਂ ਫਿਲਮਾਂ ਨਾਲ ਅਦਾਕਾਰੀ 'ਚ ਸ਼ੋਹਰਤ ਖੱਟ ਚੁੱਕੇ ਹਨ।

2 ਸਾਲ ਪਹਿਲਾਂ ਇਰਫਾਨ ਖਾਨ ਨਿਊਰੋਐਂਡੋਕ੍ਰਾਈਨ ਕੈਂਸਰ ਵਰਗੀ ਭਿਆਨਕ ਬੀਮਾਰੀ ਨਾਲ ਲੜ ਰਹੇ ਸਨ, ਜਿਸ ਦਾ ਇਲਾਜ ਕਰਵਾਉਣ ਲਈ ਉਹ ਨਿਊਯਾਰਕ ਗਏ ਸਨ। ਹੁਣ ਕੈਂਸਰ ਤੋਂ ਉਭਰ ਕੇ ਇਰਫਾਨ ਖਾਨ ਵਾਪਸ ਆ ਗਏ ਹਨ ਅਤੇ ਆਪਣੀ ਆਉਣ ਵਾਲੀ ਫਿਲਮ 'ਹਿੰਦੀ ਮੀਡੀਅਮ 2' ਦੀ ਸ਼ੂਟਿੰਗ ਵੀ ਪੂਰੀ ਕਰ ਚੁੱਕੇ ਹਨ। ਇਸ ਫਿਲਮ 'ਚ ਉਨ੍ਹਾਂ ਨਾਲ ਕਰੀਨਾ ਕਪੂਰ ਖਾਨ ਵੀ ਨਜ਼ਰ ਆਵੇਗੀ।