Ramoji Rao Death News: ਮੀਡੀਆ ਸ਼ਖਸੀਅਤ ਅਤੇ ਰਾਮੋਜੀ ਗਰੁੱਪ ਦੇ ਚੇਅਰਮੈਨ ਰਾਮੋਜੀ ਰਾਓ ਦਾ ਦਿਹਾਂਤ
ਰਾਓ ਦੀ ਦੇਹ ਨੂੰ ਸ਼ਹਿਰ ਦੇ ਬਾਹਰਵਾਰ ਰਾਮੋਜੀ ਫਿਲਮ ਸਿਟੀ ਸਥਿਤ ਉਨ੍ਹਾਂ ਦੀ ਰਿਹਾਇਸ਼ 'ਤੇ ਲਿਜਾਇਆ ਗਿਆ।
Ramoji Rao Death News: ਮਸ਼ਹੂਰ ਮੀਡੀਆ ਸ਼ਖਸੀਅਤ ਅਤੇ ਰਾਮੋਜੀ ਗਰੁੱਪ ਦੇ ਚੇਅਰਮੈਨ ਰਾਮੋਜੀ ਰਾਓ ਦੀ ਸ਼ਨੀਵਾਰ ਸਵੇਰੇ ਇਕ ਹਸਪਤਾਲ ਵਿਚ ਮੌਤ ਹੋ ਗਈ। ਉਹ 88 ਸਾਲ ਦੇ ਸਨ। ਈਟੀਵੀ ਤੇਲੰਗਾਨਾ, ਰਾਮੋਜੀ ਗਰੁੱਪ ਦੇ ਇਕ ਚੈਨਲ ਦੇ ਅਨੁਸਾਰ, ਰਾਓ ਬੀਮਾਰ ਸਨ ਅਤੇ ਪਿਛਲੇ ਕੁੱਝ ਦਿਨਾਂ ਤੋਂ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਉਨ੍ਹਾਂ ਨੇ ਅੱਜ ਤੜਕੇ 4:50 ਵਜੇ ਆਖਰੀ ਸਾਹ ਲਿਆ। ਰਾਓ ਦੀ ਦੇਹ ਨੂੰ ਸ਼ਹਿਰ ਦੇ ਬਾਹਰਵਾਰ ਰਾਮੋਜੀ ਫਿਲਮ ਸਿਟੀ ਸਥਿਤ ਉਨ੍ਹਾਂ ਦੀ ਰਿਹਾਇਸ਼ 'ਤੇ ਲਿਜਾਇਆ ਗਿਆ।
ਰਾਮੋਜੀ ਰਾਓ ਇਕ ਭਾਰਤੀ ਫਿਲਮ ਨਿਰਮਾਤਾ ਅਤੇ ਨਿਰਮਾਣ ਕੰਪਨੀ ਊਸ਼ਾਕਿਰਨ ਮੂਵੀਜ਼ ਦੇ ਮੁਖੀ ਸਨ। ਉਹ ਚੇਰੂਕੁਰੀ ਰਾਮੋਜੀ ਰਾਓ ਦੇ ਨਾਂ ਨਾਲ ਵੀ ਜਾਣੇ ਜਾਂਦੇ ਸਨ। ਉਹ ਦੁਨੀਆ ਦੀ ਸੱਭ ਤੋਂ ਵੱਡੀ ਫਿਲਮ ਨਿਰਮਾਣ ਫੈਸਿਲੀਟੀ, ਰਾਮੋਜੀ ਫਿਲਮ ਸਿਟੀ ਦੇ ਮਾਲਕ ਸਨ। ਸਿਨੇਮਾ ਜਗਤ ਵਿਚ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਲਈ ਉਨ੍ਹਾਂ ਨੂੰ ਰਾਸ਼ਟਰੀ ਪੁਰਸਕਾਰ ਅਤੇ ਫਿਲਮਫੇਅਰ ਪੁਰਸਕਾਰਾਂ ਨਾਲ ਵੀ ਸਨਮਾਨਿਤ ਕੀਤਾ ਗਿਆ। ਸਾਲ 2016 ਵਿਚ ਉਨ੍ਹਾਂ ਨੂੰ ਪਦਮ ਵਿਭੂਸ਼ਣ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।
ਪ੍ਰਧਾਨ ਮੰਤਰੀ ਨੇ ਕੀਤਾ ਟਵੀਟ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਰਾਮੋਜੀ ਰਾਓ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਰਾਮੋਜੀ ਰਾਓ ਦੇ ਦਿਹਾਂਤ ਤੋਂ ਬਹੁਤ ਦੁਖੀ ਹਨ। ਉਹ ਇਕ ਦੂਰਅੰਦੇਸ਼ੀ ਸਨ, ਜਿਨ੍ਹਾਂ ਨੇ ਭਾਰਤੀ ਮੀਡੀਆ ਵਿਚ ਇਕ ਕ੍ਰਾਂਤੀ ਲਿਆਂਦੀ। ਉਨ੍ਹਾਂ ਦੇ ਯੋਗਦਾਨ ਨੇ ਪੱਤਰਕਾਰੀ ਅਤੇ ਫਿਲਮ ਦੀ ਦੁਨੀਆ 'ਤੇ ਅਮਿੱਟ ਛਾਪ ਛੱਡੀ ਹੈ। ਆਪਣੇ ਅਣਥੱਕ ਯਤਨਾਂ ਸਦਕਾ, ਉਨ੍ਹਾਂ ਨੇ ਮੀਡੀਆ ਅਤੇ ਮਨੋਰੰਜਨ ਜਗਤ ਵਿਚ ਨਵੀਨਤਾ ਅਤੇ ਉੱਤਮਤਾ ਲਈ ਨਵੇਂ ਮਾਪਦੰਡ ਸਥਾਪਤ ਕੀਤੇ।