ਦਾੜ੍ਹੀ-ਕੇਸ ਕਟਵਾਉਣ ਮਗਰੋਂ ਰਣਦੀਪ ਹੁੱਡਾ ਨੇ ਭਰੇ ਮਨ ਨਾਲ ਬਿਆਨਿਆ ਦਰਦ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਸਾਰਾਗੜ੍ਹੀ ਫਿਲਮ ਲਈ ਸਿੰਘ ਸਜੇ ਰਣਦੀਪ ਹੁੱਡਾ ਨੇ ਕਟਾਏ ਦਾੜ੍ਹੀ-ਕੇਸ, ਗੁਰਦੁਆਰਾ ਸਾਹਿਬ ਵਿਚ ਜਾ ਕੇ ਮੰਗੀ ਮੁਆਫ਼ੀ

Randeep Hooda

ਮੁੰਬਈ: ਸਾਰਾਗੜ੍ਹੀ ਦੀ ਇਤਿਹਾਸਕ ਲੜਾਈ 'ਤੇ ਬਣੀ ਫਿਲਮ ਵਿਚ ਸਿੱਖ ਕਿਰਦਾਰ ਨਿਭਾਉਣ ਲਈ ਸਿੱਖੀ ਸਰੂਪ ਵਿਚ ਸਜੇ ਬਾਲੀਵੁੱਡ ਅਦਾਕਾਰ ਰਣਦੀਪ ਸਿੰਘ ਹੁੱਡਾ ਸਿੱਖ ਧਰਮ ਦੇ ਇੰਨਾ ਨੇੜੇ ਹੋ ਗਏ ਕਿ ਹੁਣ ਉਨ੍ਹਾਂ ਨੂੰ ਅਪਣੀ ਦਾੜ੍ਹੀ ਅਤੇ ਕੇਸ ਕਟਵਾਉਣ 'ਤੇ ਭਾਰੀ ਅਫ਼ਸੋਸ ਹੋ ਰਿਹਾ ਹੈ। ਇਸ ਗੱਲ ਦਾ ਖ਼ੁਲਾਸਾ ਖ਼ੁਦ ਰਣਦੀਪ ਹੁੱਡਾ ਨੇ ਕੈਂਡੀ ਨਾਂਅ ਦੀ ਪੱਤ੍ਰਿਕਾ ਨਾਲ ਕੀਤੀ ਇਕ ਇੰਟਰਵਿਊ ਦੌਰਾਨ ਕੀਤਾ ਹੈ।

ਦਰਅਸਲ ਰਣਦੀਪ ਹੁੱਡਾ ਨੇ ਅਪਣੀ ਹਿੰਦੀ ਫਿਲਮ ਬੈਟਲ ਆਫ਼ ਸਾਰਾਗੜ੍ਹੀ ਵਿਚ ਅਪਣੇ ਸਿੱਖ ਸੈਨਿਕ ਦੇ ਕਿਰਦਾਰ ਨੂੰ ਪੂਰਾ ਕਰਨ ਲਈ ਅਪਣੀ ਦਾੜ੍ਹੀ ਅਤੇ ਕੇਸ ਵਧਾਏ ਸਨ। ਹੁੱਡਾ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਸਹੁੰ ਖਾਧੀ ਸੀ ਕਿ ਜਦੋਂ ਤਕ ਫਿਲਮ ਪੂਰੀ ਤਰ੍ਹਾਂ ਸ਼ੂਟ ਨਹੀਂ ਹੋ ਜਾਂਦੀ, ਉਦੋਂ ਤਕ ਉਹ ਵਾਲ ਨਹੀਂ ਕਟਵਾਉਣਗੇ ਪਰ ਉਨ੍ਹਾਂ ਦੀ ਇਹ ਸਹੁੰ ਉਸ ਸਮੇਂ ਟੁੱਟ ਗਈ ਜਦੋਂ ਉਹ ਹਾਲੀਵੁੱਡ ਫਿਲਮ 'ਐਕਸਟ੍ਰੈਕਸ਼ਨ' ਦੀ ਪ੍ਰਮੁੱਖ ਭੂਮਿਕਾ ਵਿਚ ਉਤਰੇ।

ਇਸ ਫਿਲਮ ਦੇ ਕਿਰਦਾਰ ਲਈ ਹੁੱਡਾ ਨੂੰ ਅਪਣੇ ਲੰਬੇ ਵਾਲ ਅਤੇ ਦਾੜ੍ਹੀ ਕਟਵਾਉਣੀ ਪਈ। ਹੁੱਡਾ ਮੁਤਾਬਕ ਇਹ ਪਲ਼ ਉਨ੍ਹਾਂ ਲਈ ਦਿਲ ਤੋੜਨ ਵਾਲੇ ਸਨ ਕਿਉਂਕਿ ਉਹ ਚਾਹੁੰਦੇ ਸਨ ਕਿ ਉਹ ਫ਼ਿਲਮ ਦੇ ਆਉਣ ਤਕ ਅਪਣੇ ਸਿੱਖੀ ਸਰੂਪ ਵਿਚ ਰਹਿਣ ਪਰ ਇਹ ਇੰਤਜ਼ਾਰ ਕਾਫ਼ੀ ਲੰਬਾ ਹੋ ਗਿਆ। ਇਸੇ ਦੌਰਾਨ ਉਨ੍ਹਾਂ ਨੂੰ ਹਾਲੀਵੁੱਡ ਫਿਲਮ ਐਕਸਟ੍ਰੈਕਸ਼ਨ ਲਈ ਵਾਲ ਕਟਵਾਉਣੇ ਪਏ ਗਏ ਜੋ ਉਨ੍ਹਾਂ ਲਈ ਕਾਫ਼ੀ ਦੁਖਦਾਈ ਪਲ ਸਨ।

ਦਰਅਸਲ ਹੁੱਡਾ ਨੇ ਐਕਸਟ੍ਰੈਕਸ਼ਨ ਦਾ ਆਡੀਸ਼ਨ ਇਸ ਲਈ ਦਿੱਤਾ ਸੀ ਕਿਉਂਕਿ ਉਨ੍ਹਾਂ ਨੂੰ ਉਮੀਦ ਸੀ ਕਿ ਐਕਸਟ੍ਰੈਕਸ਼ਨ ਦੇ ਸ਼ੁਰੂ ਹੋਣ ਤਕ ਸਾਰਾਗੜ੍ਹੀ ਮੁਕੰਮਲ ਹੋ ਜਾਵੇਗੀ ਪਰ 8 ਮਹੀਨੇ ਦੇ ਲੰਬੇ ਇੰਤਜ਼ਾਰ ਮਗਰੋਂ ਵੀ ਅਜਿਹਾ ਨਹੀਂ ਹੋ ਸਕਿਆ, ਜਿਸ ਕਰਕੇ ਉਨ੍ਹਾਂ ਨੂੰ ਅਪਣੀ ਸਹੁੰ ਤੋੜਨ ਲਈ ਮਜਬੂਰ ਹੋਣਾ ਪਿਆ ਕਿਉਂÎਕ ਐਕਸਟ੍ਰੈਕਸ਼ਨ ਦੇ ਡਾਇਰੈਕਟਰ ਦੀ ਮੰਗ ਸੀ ਕਿ ਉਨ੍ਹਾਂ ਨੂੰ ਫਿਲਮ ਵਿਚ ਅਪਣਾ ਕਿਰਦਾਰ ਨਿਭਾਉਣ ਲਈ ਦਾੜ੍ਹੀ ਕੇਸ ਕਟਵਾਉਣੇ ਪੈਣਗੇ। ਹੁੱਡਾ ਮੁਤਾਬਕ ਇਸ ਫ਼ੈਸਲੇ ਮਗਰੋਂ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਵਿਚ ਜਾ ਕੇ ਮੁਆਫ਼ੀ ਮੰਗੀ ਕਿ ਅਦਾਕਾਰੀ ਉਸ ਦਾ ਕੰਮ ਹੈ, ਮੈਨੂੰ ਮਜਬੂਰੀ ਵਿਚ ਇਹ ਫ਼ੈਸਲਾ ਲੈਣਾ ਪਿਆ ਹੈ, ਮੈਂ ਸਾਰਾਗੜ੍ਹੀ ਨਾਲ ਦਿਲੋਂ ਜੁੜਿਆ ਹੋਇਆ ਸੀ।

ਦੱਸ ਦਈਏ ਕਿ ਬਾਲੀਵੁੱਡ ਅਦਾਕਾਰ ਅਕਸੈ ਕੁਮਾਰ ਵੱਲੋਂ ਨਕਲੀ ਦਾੜ੍ਹੀ ਅਤੇ ਵਾਲ ਲਗਾ ਕੇ ਸਾਰਾਗੜ੍ਹੀ 'ਤੇ ਫ਼ਿਲਮ ਕੇਸਰੀ ਤਿਆਰ ਕਰ ਦਿੱਤੀ ਗਈ ਅਤੇ ਰਿਲੀਜ਼ ਵੀ ਹੋ ਗਈ ਪਰ ਸਾਰਾਗੜ੍ਹੀ 'ਤੇ ਹੀ ਬਣ ਰਹੀ ਰਣਦੀਪ ਹੁੱਡਾ ਦੀ ਫ਼ਿਲਮ ਇਸ ਵਜ੍ਹਾ ਕਰਕੇ ਲਟਕ ਗਈ। ਰਣਦੀਪ ਹੁੱਡਾ ਸਿੱਖੀ ਦੇ ਇੰਨਾ ਨੇੜੇ ਹੋ ਗਏ ਸਨ ਕਿ ਜਿੱਥੇ ਉਹ ਗਤਕਾ ਖੇਡਦੇ ਨਜ਼ਰ ਆਏ ਸਨ, ਉਥੇ ਹੀ ਉਹ ਵਿਸ਼ਵ ਪ੍ਰਸਿੱਧ ਸਿੱਖ ਸੰਸਥਾ 'ਖ਼ਾਲਸਾ ਏਡ' ਨਾਲ ਵੀ ਜੁੜੇ ਰਹੇ ਅਤੇ ਲੋਕਾਂ ਦੀ ਸੇਵਾ ਕੀਤੀ। ਉਂਝ ਰਣਦੀਪ ਹੁੱਡਾ ਨੂੰ ਅਜੇ ਵੀ ਅਪਣੀ ਫ਼ਿਲਮ ਬੈਟਲ ਆਫ਼ ਸਾਰਾਗੜ੍ਹੀ ਤੋਂ ਕਾਫ਼ੀ ਉਮੀਦਾਂ ਹਨ, ਜਿਸ ਦੇ ਲਈ ਉਨ੍ਹਾਂ ਨੇ ਅਸਲ ਵਿਚ ਸਿੱਖੀ ਸਰੂਪ ਧਾਰਨ ਕੀਤਾ ਸੀ।