ਲੰਬੀ ਦਾੜ੍ਹੀ ਸਿਰ ‘ਤੇ ਟੋਪੀ, ਉਮਰ ਅਬਦੁਲਾ ਦੀ ਨਵੀਂ ਤਸਵੀਰ ਦੇਖ ਕੇ ਹੈਰਾਨ ਰਹਿ ਗਏ ਆਗੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਦੀ ਇਕ ਤਾਜ਼ਾ ਤਸਵੀਰ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

Photo

ਸ੍ਰੀਨਗਰ: ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਦੀ ਇਕ ਤਾਜ਼ਾ ਤਸਵੀਰ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਉਮਰ ਇਸ ਤਸਵੀਰ ਵਿਚ ਉੱਨ ਦੀ ਟੋਪੀ ‘ਚ ਨਜ਼ਰ ਆ ਰਹੇ ਹਨ ਅਤੇ ਉਹਨਾਂ ਦੀ ਲੰਬੀ ਸਫੈਦ ਦਾਹੜੀ ਵੀ ਤਸਵੀਰ ਵਿਚ ਨਜ਼ਰ ਆ ਰਹੀ ਹੈ। ਤਸਵੀਰ ਵਿਚ ਉਮਰ ਮੁਸਕਰਾਉਂਦੇ ਹੋਏ ਨਜ਼ਰ ਆ ਰਹੇ ਹਨ ਜਦਕਿ ਉਹਨਾਂ ਦੇ ਪਿੱਛੇ ਬਰਫ ਨਜ਼ਰ ਆ ਰਹੀ ਹੈ।

ਉਮਰ ਦੀ ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਚੁੱਕੀ ਹੈ। ਦੱਸ ਦਈਏ ਕਿ 49 ਸਾਲਾ ਉਮਰ ਅਬਦੁੱਲਾ ਦੇ ਟਵਿਟਰ ‘ਤੇ ਕਰੀਬ 10 ਲੱਖ ਫੋਲੋਅਰਜ਼ ਹਨ। ਪਰ ਸੂਬੇ ਦੇ ਹੋਰ ਮੰਤਰੀ ਮਹਿਬੂਬਾ ਮੁਫਤੀ ਅਤੇ ਪਿਤਾ ਫਾਰੂਕ ਅਬਦੁੱਲਾ ਦੀ ਤਰ੍ਹਾਂ ਹੀ ਉਹਨਾਂ ਦੀ ਨਜ਼ਰਬੰਦੀ ਤੋਂ ਬਾਅਦ ਤੋਂ ਹੀ ਉਹਨਾਂ ਦਾ ਬਾਹਰੀ ਦੁਨੀਆਂ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ ਸੀ।

ਉਮਰ ਦੀ ਇਕ ਤਸਵੀਰ ਅਕਤੂਬਰ ਵਿਚ ਨਜ਼ਰ ਆਈ ਸੀ। ਉਸ ਤਸਵੀਰ ਵਿਚ ਵੀ ਉਹਨਾਂ ਦੀ ਦਾੜ੍ਹੀ ਥੌੜੀ ਲੰਬੀ ਸੀ। ਜਦਕਿ ਨਵੀਂ ਤਸਵੀਰ ਵਿਚ ਉਹਨਾਂ ਦੀ ਦਾੜ੍ਹੀ ਕਾਫੀ ਲੰਬੀ ਹੈ। ਦੱਸ ਦਈਏ ਕਿ ਇਸ ਸਾਲ ਮਾਰਚ ਵਿਚ ਉਮਰ 50 ਸਾਲ ਦੇ ਹੋ ਜਾਣਗੇ। ਉਮਰ ਅਬਦੁਲਾ ਦੀ ਇਸ ਤਸਵੀਰ ਨੂੰ ਦੇਖ ਕੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦੁੱਖ ਪ੍ਰਗਟਾਇਆ ਹੈ।

ਉਹਨਾਂ ਨੇ ਟਵੀਟ ਕਰਦੇ ਹੋਏ ਲਿਖਿਆ, ‘ਮੈਂ ਇਸ ਤਸਵੀਰ ਵਿਚ ਉਮਰ ਨੂੰ ਪਛਾਣ ਨਹੀਂ ਸਕੀ। ਮੈਨੂੰ ਦੁੱਖ ਹੋ ਰਿਹਾ ਹੈ। ਇਹ ਸਾਡੇ ਲੋਕਤੰਤਰਿਕ ਦੇਸ਼ ਵਿਚ ਹੋ ਰਿਹਾ ਹੈ। ਇਹ ਕਦੋਂ ਖਤਮ ਹੋਵੇਗਾ? ਕੁਝ ਦਿਨ ਪਹਿਲਾਂ ਪੰਜ ਮਹੀਨਿਆਂ ਤੋਂ ਨਜ਼ਰਬੰਦ ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫਰੰਸ ਦੇ ਆਗੂ ਨੂੰ ਹਿਰਾਸਤ ਵਿਚ ਲਏ ਜਾਣ ਤੋਂ 163 ਦਿਨ ਬਾਅਦ ਉਹਨਾਂ ਦੇ ਸਰਕਾਰੀ ਨਿਵਾਸ ਦੇ ਕੋਲ ਹੀ ਇਕ ਘਰ ਵਿਚ ਸ਼ਿਫਟ ਕੀਤਾ ਗਿਆ ਸੀ।


ਦੱਸ ਦਈਏ ਕਿ ਪੰਜ ਅਗਸਤ 2019 ਨੂੰ ਮੋਦੀ ਸਰਕਾਰ ਨੇ ਜੰਮੂ-ਕਸ਼ਮੀਰ ਤੋਂ ਭਾਰਤੀ ਸੰਵਿਧਾਨ ਦੀ ਧਾਰਾ 370 ਦੇ ਕਈ ਨਿਯਮ ਖ਼ਤਮ ਕਰ ਦਿੱਤੇ ਸੀ, ਜਿਸ ਤੋਂ ਬਾਅਦ ਜੰਮੂ-ਕਸ਼ਮੀਰ ਦੋ ਹਿੱਸਿਆਂ ਯਾਨੀ ਜੰਮੂ-ਕਸ਼ਮੀਰ ਅਤੇ ਲੱਦਾਖ ਵਿਚ ਵੰਡਿਆ ਗਿਆ ਅਤੇ ਇਹ ਦੋਵੇਂ ਕੇਂਦਰ ਸ਼ਾਸਤ ਪ੍ਰਦੇਸ਼ ਬਣ ਗਏ।