ਨੋਰਾ ਫਤੇਹੀ ਨੇ ਜੈਕਲੀਨ ਫਰਨਾਂਡੀਜ਼ ਅਤੇ 15 ਮੀਡੀਆ ਕੰਪਨੀਆਂ ਖ਼ਿਲਾਫ਼ ਕੀਤਾ ਮਾਣਹਾਨੀ ਦਾ ਮੁਕੱਦਮਾ, ਜਾਣੋ ਕਿਉਂ
ਜੈਕਲੀਨ ਫਰਨਾਂਡੀਜ਼ ਅਤੇ ਨੋਰਾ ਫਤੇਹੀ ਦੋਵਾਂ ਤੋਂ ਈਡੀ ਨੇ ਦੋਸ਼ੀ ਸੁਕੇਸ਼ ਚੰਦਰਸ਼ੇਖਰ ਦੇ ਖਿਲਾਫ ਦਰਜ ਕੀਤੇ ਗਏ ਮਨੀ ਲਾਂਡਰਿੰਗ ਮਾਮਲੇ ਵਿਚ ਪੁੱਛਗਿੱਛ ਕੀਤੀ ਸੀ।
ਨਵੀਂ ਦਿੱਲੀ: ਸੁਕੇਸ਼ ਚੰਦਰਸ਼ੇਖਰ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ 'ਚ ਬਾਲੀਵੁੱਡ ਦੀਆਂ ਦੋ ਅਭਿਨੇਤਰੀਆਂ ਆਹਮੋ-ਸਾਹਮਣੇ ਹੋ ਗਈਆਂ ਹਨ। ਨੋਰਾ ਫਤੇਹੀ ਨੇ ਅਭਿਨੇਤਰੀ ਜੈਕਲੀਨ ਫਰਨਾਂਡੀਜ਼ ਅਤੇ ਕਰੀਬ 15 ਮੀਡੀਆ ਕੰਪਨੀਆਂ ਖਿਲਾਫ਼ ਦਿੱਲੀ ਦੀ ਅਦਾਲਤ 'ਚ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੈ। ਨੋਰਾ ਫਤੇਹੀ ਨੇ ਆਪਣੀ ਪਟੀਸ਼ਨ ਵਿਚ ਕਿਹਾ, "ਜੈਕਲੀਨ ਫਰਨਾਂਡੀਜ਼ ਨੇ ਸ਼ਿਕਾਇਤਕਰਤਾ ਨੂੰ ਆਪਣੇ ਹਿੱਤਾਂ ਨੂੰ ਅੱਗੇ ਵਧਾਉਣ ਲਈ ਅਪਰਾਧਿਕ ਤੌਰ 'ਤੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ, ਕਿਉਂਕਿ ਉਹ ਦੋਵੇਂ ਇਕੋ ਇੰਡਸਟਰੀ ਵਿਚ ਕੰਮ ਕਰ ਰਹੇ ਹਨ ਅਤੇ ਇਕੋ ਜਿਹੇ ਪਿਛੋਕੜ ਵਾਲੇ ਹਨ।"
ਜੈਕਲੀਨ ਫਰਨਾਂਡੀਜ਼ ਅਤੇ ਨੋਰਾ ਫਤੇਹੀ ਦੋਵਾਂ ਤੋਂ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਦੋਸ਼ੀ ਸੁਕੇਸ਼ ਚੰਦਰਸ਼ੇਖਰ ਦੇ ਖਿਲਾਫ ਦਰਜ ਕੀਤੇ ਗਏ ਮਨੀ ਲਾਂਡਰਿੰਗ ਮਾਮਲੇ ਵਿਚ ਪੁੱਛਗਿੱਛ ਕੀਤੀ ਸੀ। ਨੋਰਾ ਫਤੇਹੀ ਨੇ ਦੋਸ਼ ਲਾਇਆ ਹੈ ਕਿ ਗੈਂਗਸਟਰ ਸੁਕੇਸ਼ ਚੰਦਰਸ਼ੇਖਰ ਨਾਲ ਜੁੜੇ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ਵਿਚ ਉਸ ਦਾ ਨਾਂਅ ਜ਼ਬਰਦਸਤੀ ਵਰਤਿਆ ਗਿਆ ਹੈ। ਅਦਾਕਾਰਾ ਦਾ ਕਹਿਣਾ ਹੈ ਕਿ ਉਸ ਦਾ ਸੁਕੇਸ਼ ਨਾਲ ਕੋਈ ਸਿੱਧਾ ਸੰਪਰਕ ਨਹੀਂ ਸੀ। ਉਹ ਸੁਕੇਸ਼ ਦੀ ਪਤਨੀ ਲੀਨਾ ਮਾਰੀਆ ਪਾਲ ਰਾਹੀਂ ਸੁਕੇਸ਼ ਨੂੰ ਜਾਣਦੀ ਸੀ।
ਨੋਰਾ ਫਤੇਹੀ ਨੇ ਸੁਕੇਸ਼ ਚੰਦਰਸ਼ੇਖਰ ਤੋਂ ਤੋਹਫ਼ੇ ਲੈਣ ਦੇ ਦਾਅਵਿਆਂ ਨੂੰ ਵੀ ਖਾਰਜ ਕੀਤਾ ਹੈ। ਅਦਾਕਾਰਾ ਦਾ ਕਹਿਣਾ ਹੈ ਕਿ ਮੀਡੀਆ ਟ੍ਰਾਇਲ ਕਾਰਨ ਉਸ ਦੀ ਸਾਖ ਨੂੰ ਠੇਸ ਪਹੁੰਚੀ ਹੈ। ਕਿਹਾ ਗਿਆ ਹੈ ਕਿ ਸੁਕੇਸ਼ ਨੇ ਨੋਰਾ ਫਤੇਹੀ ਦੇ ਜੀਜਾ ਬੌਬੀ ਨੂੰ 65 ਲੱਖ ਦੀ BMW ਕਾਰ ਗਿਫਟ ਕੀਤੀ ਸੀ। ਜਾਂਚ 'ਚ ਸਾਹਮਣੇ ਆਇਆ ਕਿ ਸੁਕੇਸ਼ ਨੇ ਹੀ BMW ਕਾਰ ਦੀ ਪੇਸ਼ਕਸ਼ ਕੀਤੀ ਸੀ ਪਰ ਅਦਾਕਾਰਾ ਨੇ ਇਹ ਕਾਰ ਲੈਣ ਤੋਂ ਇਨਕਾਰ ਕਰ ਦਿੱਤਾ। ਨੋਰਾ ਨੂੰ ਸ਼ੁਰੂ ਤੋਂ ਹੀ ਇਸ ਡੀਲ 'ਤੇ ਸ਼ੱਕ ਸੀ। ਸੁਕੇਸ਼ ਲਗਾਤਾਰ ਨੋਰਾ ਨੂੰ ਫੋਨ ਕਰ ਰਿਹਾ ਸੀ ਜਿਸ ਤੋਂ ਬਾਅਦ ਨੋਰਾ ਨੇ ਸੁਕੇਸ਼ ਦਾ ਨੰਬਰ ਬਲਾਕ ਕਰ ਦਿੱਤਾ।
ਨੋਰਾ ਨੇ ਜਾਂਚ ਵਿਚ ਈਡੀ ਨੂੰ ਦੱਸਿਆ ਸੀ ਕਿ ਉਹ ਇਕ ਸਮਾਗਮ ਵਿਚ ਸੁਕੇਸ਼ ਦੀ ਪਤਨੀ ਲੀਨਾ ਨੂੰ ਮਿਲੀ ਸੀ। ਲੀਨਾ ਨੇ ਨੋਰਾ ਨੂੰ ਗੁਚੀ ਬੈਗ ਅਤੇ ਆਈਫੋਨ ਦਿੱਤਾ। ਲੀਨਾ ਨੇ ਨੋਰਾ ਨੂੰ ਦੱਸਿਆ ਕਿ ਉਸ ਦਾ ਪਤੀ ਸੁਕੇਸ਼ ਅਦਾਕਾਰਾ ਦਾ ਪ੍ਰਸ਼ੰਸਕ ਹੈ। ਲੀਨਾ ਨੇ ਸੁਕੇਸ਼ ਅਤੇ ਨੋਰਾ ਦੀ ਫੋਨ 'ਤੇ ਗੱਲ ਕਰਵਾ ਦਿੱਤੀ। ਜਿੱਥੇ ਸੁਕੇਸ਼ ਨੇ ਨੋਰਾ ਦਾ ਫੈਨ ਹੋਣ ਦੀ ਗੱਲ ਕਹੀ। ਫਿਰ ਲੀਨਾ ਨੇ ਦੱਸਿਆ ਕਿ ਸੁਕੇਸ਼ ਨੋਰਾ ਨੂੰ ਟੋਕਨ ਵਜੋਂ BMW ਦੇਣ ਜਾ ਰਿਹਾ ਹੈ।
ਜੈਕਲੀਨ ਫਰਨਾਂਡੀਜ਼ ਨੇ ਇਸ ਤੋਂ ਪਹਿਲਾਂ ਮਨੀ ਲਾਂਡਰਿੰਗ ਐਕਟ ਜਾਂ ਪੀਐਮਐਲਏ ਦੀ ਅਪੀਲ ਅਥਾਰਟੀ ਦੇ ਸਾਹਮਣੇ ਇਕ ਪਟੀਸ਼ਨ ਵਿਚ ਸਪੱਸ਼ਟ ਤੌਰ 'ਤੇ ਕਿਹਾ ਸੀ ਕਿ ਇਹ ਹੈਰਾਨੀ ਦੀ ਗੱਲ ਹੈ ਕਿ ਉਸ ਦੀ ਤਰ੍ਹਾਂ ਕੁਝ ਹੋਰ ਮਸ਼ਹੂਰ ਹਸਤੀਆਂ, ਖਾਸ ਤੌਰ 'ਤੇ ਨੋਰਾ ਫਤੇਹੀ ਨੂੰ ਇਸ ਕੇਸ ਵਿਚ ਸੁਕੇਸ਼ ਚੰਦਰਸ਼ੇਖਰ ਦੁਆਰਾ ਧੋਖਾ ਦਿੱਤਾ ਗਿਆ ਸੀ।