ਲਖੀਮਪੁਰ ਖੇੜੀ ਮਾਮਲਾ: ਸੁਪਰੀਮ ਕੋਰਟ ਨੇ ਕੇਸ ਦੀ ਸੁਣਵਾਈ ਪੂਰੀ ਹੋਣ ਦੀ ਸਮਾਂ ਸਾਰਣੀ ਮੰਗੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਮਾਮਲੇ ਵਿਚ ਕੇਂਦਰੀ ਮੰਤਰੀ ਅਜੈ ਕੁਮਾਰ ਮਿਸ਼ਰਾ ਦੇ ਬੇਟੇ ਆਸ਼ੀਸ਼ ਅਤੇ 12 ਹੋਰਾਂ ਖ਼ਿਲਾਫ਼ ਮੁਕੱਦਮਾ ਚੱਲ ਰਿਹਾ ਹੈ।

Supreme Court

 

ਨਵੀਂ ਦਿੱਲੀ:  ਲਖੀਮਪੁਰ ਖੇੜੀ ਵਿਚ ਅਕਤੂਬਰ 2021 ਨੂੰ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਕੁਚਲਣ ਦੇ ਮਾਮਲੇ ਵਿਚ ਕਥਿਤ ਕਤਲ ਅਤੇ ਸਬੰਧਤ ਅਪਰਾਧਾਂ ਦੀ ਸੁਣਵਾਈ ਪੂਰੀ ਕਰਨ ਲਈ ਸੁਪਰੀਮ ਕੋਰਟ ਨੇ ਸੈਸ਼ਨ ਕੋਰਟ ਦੇ ਜੱਜ ਨੂੰ ਆਰਜ਼ੀ ਸਮਾਂ-ਸਾਰਣੀ ਸਪੱਸ਼ਟ ਕਰਨ ਲਈ ਕਿਹਾ ਹੈ। ਇਸ ਮਾਮਲੇ ਵਿਚ ਕੇਂਦਰੀ ਮੰਤਰੀ ਅਜੈ ਕੁਮਾਰ ਮਿਸ਼ਰਾ ਦੇ ਬੇਟੇ ਆਸ਼ੀਸ਼ ਅਤੇ 12 ਹੋਰਾਂ ਖ਼ਿਲਾਫ਼ ਮੁਕੱਦਮਾ ਚੱਲ ਰਿਹਾ ਹੈ।

ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਪਟੀਸ਼ਨ ਦਾ ਵਿਰੋਧ ਕਰਦੇ ਹੋਏ ਸਿਖਰਲੀ ਅਦਾਲਤ ਨੇ ਉੱਤਰ ਪ੍ਰਦੇਸ਼ ਸਰਕਾਰ ਨੂੰ ਕਿਹਾ ਕਿ ਉਹ ਐਸਯੂਵੀ ਵਿਚ ਸਵਾਰ ਤਿੰਨ ਲੋਕਾਂ ਦੀ ਹੱਤਿਆ ਦੇ ਸਿਲਸਿਲੇ ਵਿਚ ਦਾਇਰ ਦੂਜੇ ਮਾਮਲੇ ਵਿਚ ਸਥਿਤੀ ਨੂੰ ਲੈ ਕੇ ਹਲਫ਼ਨਾਮਾ ਦਾਇਰ ਕਰੇ। ਇਸ ਐਸਯੂਵੀ ਨਾਲ ਕਥਿਤ ਤੌਰ ’ਤੇ ਕਿਸਾਨਾਂ ਨੂੰ ਕੁਚਲ ਦਿੱਤਾ ਗਿਆ ਸੀ। ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਕ੍ਰਿਸ਼ਨਾ ਮੁਰਾਰੀ ਦੇ ਬੈਂਚ ਨੇ ਕਿਹਾ ਕਿ ਮੁਲਜ਼ਮਾਂ, ਪੀੜਤਾਂ ਅਤੇ ਸਮਾਜ ਸਮੇਤ ਸਾਰੀਆਂ ਧਿਰਾਂ ਦੇ ਹਿੱਤਾਂ ਨੂੰ ਸੰਤੁਲਿਤ ਕਰਨ ਦੀ ਲੋੜ ਹੈ।

ਬੈਂਚ ਨੇ ਕਿਹਾ, “ਸਾਨੂੰ ਇਹ ਦੇਖਣਾ ਹੋਵੇਗਾ ਕਿ ਜੋ ਮੁਲਜ਼ਮ ਇਕ ਸਾਲ ਤੋਂ ਵੱਧ ਸਮੇਂ ਤੋਂ ਜੇਲ੍ਹ ਵਿਚ ਬੰਦ ਹਨ, ਉਹਨਾਂ ਕੋਲ ਵੀ ਅਧਿਕਾਰ ਹਨ। ਹੁਣ ਚਾਰਜਸ਼ੀਟ ਦਾਇਰ ਕਰਕੇ ਦੋਸ਼ ਆਇਦ ਕਰ ਦਿੱਤੇ ਗਏ ਹਨ। ਪੀੜਤਾਂ ਅਤੇ ਗਵਾਹਾਂ ਦੇ ਵੀ ਆਪਣੇ ਹੱਕ ਹਨ। ਇੱਥੋਂ ਤੱਕ ਕਿ ਸਮਾਜ ਵੀ ਇਸ ਮਾਮਲੇ ਵਿਚ ਦਿਲਚਸਪੀ ਲੈ ਰਿਹਾ ਹੈ। ਹੁਣ ਸਾਨੂੰ ਇਸ ਮਾਮਲੇ ਵਿਚ ਹਰ ਕਿਸੇ ਦੇ ਅਧਿਕਾਰਾਂ ਨੂੰ ਸੰਤੁਲਿਤ ਕਰਨਾ ਹੋਵੇਗਾ।"

ਬੈਂਚ ਨੇ ਕਾਰ ਸਵਾਰਾਂ ਦੇ ਕਤਲ ਦੇ ਦੂਜੇ ਕੇਸ ਦੀ ਸੁਣਵਾਈ ਕਰ ਰਹੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਨੂੰ ਦੋਸ਼ ਆਇਦ ਕਰਨ ਦੀ ਯੋਗਤਾ 'ਤੇ ਵਿਚਾਰ ਕਰਨ ਲਈ ਵੀ ਕਿਹਾ ਹੈ। ਇਸ ਦੇ ਨਾਲ ਹੀ ਬੈਂਚ ਨੇ ਮਾਮਲੇ ਦੀ ਸੁਣਵਾਈ ਦੀ ਅਗਲੀ ਤਰੀਕ 11 ਜਨਵਰੀ ਤੈਅ ਕੀਤੀ ਹੈ। ਇਸ ਤੋਂ ਪਹਿਲਾਂ 6 ਦਸੰਬਰ ਨੂੰ ਹੇਠਲੀ ਅਦਾਲਤ ਨੇ ਆਸ਼ੀਸ਼ ਮਿਸ਼ਰਾ ਅਤੇ 12 ਹੋਰ ਦੋਸ਼ੀਆਂ ਵਿਰੁੱਧ ਅਪਰਾਧਿਕ ਸਾਜ਼ਿਸ਼ ਅਤੇ ਹੋਰ ਸਬੰਧਤ ਧਾਰਾਵਾਂ ਦੇ ਦੋਸ਼ ਤੈਅ ਕੀਤੇ ਸਨ। ਇਸ ਨਾਲ ਕੇਸ ਦੀ ਸੁਣਵਾਈ ਸ਼ੁਰੂ ਹੋਣ ਦਾ ਰਸਤਾ ਸਾਫ਼ ਹੋ ਗਿਆ ਹੈ।

ਕੁੱਲ 13 ਦੋਸ਼ੀਆਂ 'ਤੇ ਭਾਰਤੀ ਦੰਡਾਵਲੀ ਦੀ ਧਾਰਾ 147, 148, 149, 302 (ਕਤਲ), 307 (ਕਤਲ ਦੀ ਕੋਸ਼ਿਸ਼), 326, 427 ਤੇ 120 (ਬੀ) ਅਤੇ ਮੋਟਰ ਵਹੀਕਲ ਐਕਟ ਦੀ ਧਾਰਾ 177 ਦੇ ਤਹਿਤ ਦੋਸ਼ ਤੈਅ ਕੀਤੇ ਗਏ ਹਨ। ਮਾਮਲੇ ਦਾ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਕੁਮਾਰ ਮਿਸ਼ਰਾ ਦਾ ਪੁੱਤਰ ਹੈ।