Manisha Koirala: ਕਦੇ ਸੋਚਿਆ ਨਹੀਂ ਸੀ ਕਿ ਜ਼ਿੰਦਗੀ ’ਚ ਕਦੇ ਅਜਿਹਾ ਪਲ ਵੀ ਆਵੇਗਾ
ਉਨ੍ਹਾਂ ਲਿਖਿਆ, ‘‘ਮੈਂ ਕਦੇ ਨਹੀਂ ਸੋਚਿਆ ਸੀ ਕਿ ਕੈਂਸਰ ਤੋਂ ਠੀਕ ਹੋਣ ਅਤੇ 50 ਸਾਲ ਦੀ ਉਮਰ ਤੋਂ ਬਾਅਦ ਮੇਰੀ ਜ਼ਿੰਦਗੀ ਅਜਿਹੇ ਪੜਾਅ ’ਤੇ ਆਵੇਗੀ।’’
Manisha Koirala: ਵੈੱਬ ਸੀਰੀਜ਼ ‘ਹੀਰਾਮੰਡੀ: ਦਿ ਡਾਇਮੰਡ ਬਾਜ਼ਾਰ’ ਦੀ ਸਫਲਤਾ ਤੋਂ ਬਾਅਦ ਬਾਲੀਵੁੱਡ ਅਦਾਕਾਰਾ ਮਨੀਸ਼ਾ ਕੋਇਰਾਲਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਦੇ ਨਹੀਂ ਸੋਚਿਆ ਸੀ ਕਿ ਉਨ੍ਹਾਂ ਦੀ ਜ਼ਿੰਦਗੀ ’ਚ ਕਦੇ ਅਜਿਹਾ ਪਲ ਆਵੇਗਾ। ਉਨ੍ਹਾਂ ਕਿਹਾ ਕਿ 50 ਸਾਲ ਤੋਂ ਵੱਧ ਉਮਰ ਦੀਆਂ ਮਹਿਲਾ ਕਲਾਕਾਰਾਂ ਨੂੰ ਅਜਿਹਾ ਮੌਕਾ ਘੱਟ ਹੀ ਮਿਲਦਾ ਹੈ।
ਕੋਇਰਾਲਾ ਨੇ ਇਸ ਵੈੱਬ ਸੀਰੀਜ਼ ਦੇ ਮੁੱਖ ਕਿਰਦਾਰਾਂ ’ਚੋਂ ਇਕ ਮੱਲਿਕਾਜਾਨ ਦਾ ਕਿਰਦਾਰ ਨਿਭਾਇਆ ਹੈ। ਇਸ ’ਚ ਉਨ੍ਹਾਂ ਦੀ ਅਦਾਕਾਰੀ ਲਈ ਉਨ੍ਹਾਂ ਨੂੰ ਬਹੁਤ ਪ੍ਰਸ਼ੰਸਾ ਮਿਲ ਰਹੀ ਹੈ। ਇਹ ਫਿਲਮ ਨਿਰਮਾਤਾ ਸੰਜੇ ਲੀਲਾ ਭੰਸਾਲੀ ਦੀ ਪਹਿਲੀ ਵੈੱਬ ਸੀਰੀਜ਼ ਹੈ ਜੋ ਓ.ਟੀ.ਟੀ. ਮੰਚ ਨੈੱਟਫਲਿਕਸ ’ਤੇ ਉਪਲਬਧ ਹੈ।
ਕੋਇਰਾਲਾ ਨੇ ਐਤਵਾਰ ਨੂੰ ਸੋਸ਼ਲ ਮੀਡੀਆ ਮੰਚ ਇੰਸਟਾਗ੍ਰਾਮ ’ਤੇ ‘ਓਵੇਰੀਅਨ’ ਕੈਂਸਰ ਨਾਲ ਜੂਝਣ ਤੋਂ ਲੈ ਕੇ ਇਸ ਤੋਂ ਠੀਕ ਹੋਣ ਤੋਂ ਬਾਅਦ ਕੰਮ ਸ਼ੁਰੂ ਕਰਨ ਅਤੇ ਵੈੱਬ ਸੀਰੀਜ਼ ਵਿਚ ਇਕ ਮਹੱਤਵਪੂਰਣ ਕਿਰਦਾਰ ਨੂੰ ਨਿਭਾਉਣ ਅਤੇ ਦਰਸ਼ਕਾਂ ਤੋਂ ਪ੍ਰਸ਼ੰਸਾ ਪ੍ਰਾਪਤ ਕਰਨ ਤਕ ਦੇ ਸਫ਼ਰ ਬਾਰੇ ਦਸਿਆ।
ਉਨ੍ਹਾਂ ਲਿਖਿਆ, ‘‘ਮੈਂ ਕਦੇ ਨਹੀਂ ਸੋਚਿਆ ਸੀ ਕਿ ਕੈਂਸਰ ਤੋਂ ਠੀਕ ਹੋਣ ਅਤੇ 50 ਸਾਲ ਦੀ ਉਮਰ ਤੋਂ ਬਾਅਦ ਮੇਰੀ ਜ਼ਿੰਦਗੀ ਅਜਿਹੇ ਪੜਾਅ ’ਤੇ ਆਵੇਗੀ।’’
ਕੋਇਰਾਲਾ ਨੇ ‘ਹੀਰਾਮੰਡੀ’ ਨੂੰ ਇਕ ਮਹੱਤਵਪੂਰਣ ਪ੍ਰਾਪਤੀ ਦਸਿਆ, ‘‘53 ਸਾਲ ਦੀ ਅਦਾਕਾਰਾ ਹੋਣ ਦੇ ਨਾਤੇ, ਮੈਨੂੰ ਇਕ ਮਹਾਨ ਵੈੱਬ ਸੀਰੀਜ਼ ’ਚ ਮਹੱਤਵਪੂਰਣ ਭੂਮਿਕਾ ਨਿਭਾਉਣ ਦਾ ਮੌਕਾ ਮਿਲਿਆ। ਮੈਂ ਬਹੁਤ ਖੁਸ਼ ਹਾਂ ਕਿ ਮੈਂ ਉਨ੍ਹਾਂ ਪੁਰਾਣੇ ਕਿਰਦਾਰਾਂ ’ਚ ਉਲਝੀ ਨਹੀਂ ਰਹੀ। ਇਸ ਲਈ ਓ.ਟੀ.ਟੀ. ਮੰਚ ਅਤੇ ਦਰਸ਼ਕਾਂ ਦਾ ਧੰਨਵਾਦ।’’
ਉਨ੍ਹਾਂ ਕਿਹਾ, ‘‘ਆਖਰਕਾਰ ਮਹਿਲਾ ਕਲਾਕਾਰਾਂ ਅਤੇ ਹੋਰ ਪੇਸ਼ੇਵਰਾਂ ਨੂੰ ਚੰਗਾ ਕੰਮ ਅਤੇ ਸਨਮਾਨ ਮਿਲਣਾ ਸ਼ੁਰੂ ਹੋ ਗਿਆ ਹੈ। ਮੈਂ ਅਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹਾਂ ਕਿ ਮੈਂ ਇਸ ਬਦਲਦੇ ਸਮੇਂ ਦਾ ਹਿੱਸਾ ਹਾਂ।’’ ਅਦਾਕਾਰਾ ਨੂੰ 2012 ’ਚ ਓਵੇਰੀਅਨ (ਅੰਡਕੋਸ਼) ਕੈਂਸਰ ਹੋ ਗਿਆ ਸੀ। ਉਨ੍ਹਾਂ ਨੇ 2014 ’ਚ ਅਪਣਾ ਕੈਂਸਰ ਦਾ ਇਲਾਜ ਪੂਰਾ ਕੀਤਾ। ਉਸ ਤੋਂ ਬਾਅਦ ਉਹ ਫਿਲਮਾਂ ‘ਡੀਅਰ ਮਾਇਆ’ (2017), ‘ਸੰਜੂ’ (2018), ‘ਲਸਟ ਸਟੋਰੀਜ਼’ (2018) ਅਤੇ ‘ਸ਼ਹਿਜ਼ਾਦਾ’ (2023) ’ਚ ਨਜ਼ਰ ਆਈ ਹੈ।