1000 ਗਰੀਬ ਪਰਿਵਾਰਾਂ ਦੀ ਮਦਦ ਲਈ ਅੱਗੇ ਆਏ ਸੰਜੇ ਦੱਤ
ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਕਈ ਬਾਲੀਵੁੱਡ ਸਿਤਾਰੇ ਲੋੜਵੰਦਾਂ ਦੀ ਮਦਦ ਲਈ ਅੱਗੇ ਆਏ ਹਨ।
ਨਵੀਂ ਦਿੱਲੀ: ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਕਈ ਬਾਲੀਵੁੱਡ ਸਿਤਾਰੇ ਲੋੜਵੰਦਾਂ ਦੀ ਮਦਦ ਲਈ ਅੱਗੇ ਆਏ ਹਨ। ਇਸ ਦੌਰਾਨ ਸੰਜੇ ਦੱਤ ਨੇ ਕਿਹਾ ਕਿ ਉਹ ਇਕ ਹਜ਼ਾਰ ਗਰੀਬ ਪਰਿਵਾਰਾਂ ਨੂੰ ਖਾਣਾ ਪਹੁੰਚਾਉਣਗੇ, ਇਸ ਦੇ ਨਾਲ ਹੀ ਉਹਨਾਂ ਪਰਿਵਾਰਾਂ ਦੀ ਵਿੱਤੀ ਸਹਾਇਤਾ ਵੀ ਕਰਨਗੇ। ਸੰਜੇ ਦੱਤ ਨੇ ਕਿਹਾ ਕਿ ਪੂਰੀ ਦੁਨੀਆ ਲਈ ਇਹ ਇਕ ਅਜਿਹਾ ਸਮਾਂ ਹੈ, ਜਿਸ ਵਿਚ ਹਰ ਕੋਈ ਪਰੇਸ਼ਾਨ ਹੈ।
ਹਰ ਕੋਈ ਇਕ-ਦੂਜੇ ਦੀ ਮਦਦ ਲਈ ਅੱਗੇ ਆ ਰਿਹਾ ਹੈ। ਮਸ਼ਹੂਰ ਹਸਤੀਆਂ ਲੋਕਾਂ ਨੂੰ ਘਰਾਂ ਵਿਚ ਸੁਰੱਖਿਅਤ ਰਹਿਣ ਦੀ ਸਲਾਹ ਦੇ ਰਹੀਆਂ ਹਨ ਤੇ ਕੁਝ ਹਸਤੀਆਂ ਸਮਾਜਿਕ ਦੂਰੀ ਦਾ ਪਾਲਣ ਕਰਨ ਲਈ ਵੀ ਕਹਿ ਰਹੀਆਂ ਹਨ। ਉਹਨਾਂ ਕਿਹਾ ਕਿ ਮੈਂ ਕੋਸ਼ਿਸ਼ ਕਰ ਰਿਹਾ ਹਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੀ ਮਦਦ ਕਰ ਸਕਾਂ।
ਇਸ ਤੋਂ ਪਹਿਲਾਂ ਸੰਜੇ ਦੱਤ ਨੇ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਸ਼ੇਅਰ ਕੀਤੀ ਸੀ, ਜਿਸ ਵਿਚ ਉਹ ਘਰ ਦੀ ਛੱਤ ‘ਤੇ ਵਰਕ ਆਊਟ ਕਰਦੇ ਨਜ਼ਰ ਆ ਰਹੇ ਸੀ। ਦੱਸ ਦਈਏ ਕਿ ਕੋਰੋਨਾ ਲੌਕਡਾਊਨ ਦੇ ਚਲਦੇ ਸੰਜੇ ਦੱਤ ਇਹ ਸੁਨਿਸ਼ਚਿਤ ਕਰ ਰਹੇ ਹਨ ਕਿ ਉਹ ਖੁਦ ਨੂੰ ਫਿੱਟ ਰੱਖ ਸਕਣ। ਇਸ ਤੋਂ ਇਲਾਵਾ ਉਹ ਲੋਕਾਂ ਨੂੰ ਘਰਾਂ ਵਿਚ ਹੀ ਰਹਿਣ ਅਤੇ ਸੁਰੱਖਿਅਤ ਰਹਿਣ ਲਈ ਅਪੀਲ ਕਰਦੇ ਵੀ ਨਜ਼ਰ ਆਏ।
ਜ਼ਿਕਰਯੋਗ ਹੈ ਕਿ ਇਸ ਮੁਸ਼ਕਿਲ ਦੀ ਘੜੀ ਵਿਚ ਮਸ਼ਹੂਰ ਬਾਲੀਵੁੱਡ ਹਸਤੀਆਂ ਗਰੀਬਾਂ ਦੀ ਤਰ੍ਹਾਂ ਦੀ ਮਦਦ ਕਰ ਰਹੀਆਂ ਹਨ। ਇਸ ਤੋਂ ਪਹਿਲਾਂ ਸਲਮਾਨ ਖ਼ਾਨ ਨੇ ਫਿਲਮ ਇੰਡਸਟਰੀ ਦੇ 25000 ਦਿਹਾੜੀ ਮਜ਼ਦੂਰਾਂ ਦੀ ਮਦਦ ਕਰਨ ਲਈ ਕਰੀਬ 6 ਕਰੋੜ ਰੁਪਏ ਦਿੱਤੇ ਸਨ। ਉਹਨਾਂ ਨੇ ਭੁੱਖੇ ਮਜ਼ਦੂਰਾਂ ਅਤੇ ਗਰੀਬਾਂ ਲਈ ਟਰੱਕਾਂ ਵਿਚ ਭਰ ਕੇ ਖਾਣਾ ਵੀ ਭੇਜਿਆ ਸੀ।