ਕਮਲ ਹਾਸਨ ਦੇ ਬਿਆਨ 'ਤੇ ਭੜਕੀ ਇਹ ਅਦਾਕਾਰਾ - ਕਿਹਾ ਗੋਡਸੇ ਨਹੀਂ ਜਿਨਾਹ ਸੀ ਪਹਿਲਾ ਅਤਿਵਾਦੀ 

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਕਮਲ ਹਾਸਨ ਨੇ ਚੋਣ ਪ੍ਰਚਾਰ ਦੌਰਾਨ ਨਾਥੂ ਰਾਮ ਗੋਡਸੇ ਨੂੰ ਆਜ਼ਾਦ ਭਾਰਤ ਦਾ ਪਹਿਲਾ ਅਤਿਵਾਦੀ ਦੱਸਿਆ ਸੀ

Muhammad Ali Zinnah was the first terrorist not Nathuram Godse : Payal Rohatgi

ਮੁੰਬਈ : ਪ੍ਰਸਿੱਧ ਅਦਾਕਾਰ ਕਮਲ ਹਾਸਨ ਦੇ ਚੋਣ ਪ੍ਰਚਾਰ ਦੌਰਾਨ 'ਹਿੰਦੂ ਅਤਿਵਾਦੀ' ਸਬੰਧੀ ਬਿਆਨ 'ਤੇ ਵਿਵਾਦ ਵਧਦਾ ਹੀ ਜਾ ਰਿਹਾ ਹੈ। ਵਿਵੇਕ ਓਬਰਾਏ ਤੋਂ ਬਾਅਦ ਬਾਲੀਵੁਡ ਅਦਾਕਾਰਾ ਪਾਇਲ ਰੋਹਤਗੀ ਨੇ ਕਮਲ ਹਾਸਨ 'ਤੇ ਸ਼ਬਦੀ ਹਮਲਾ ਕੀਤਾ ਹੈ। ਪਾਇਲ ਨੇ ਹਾਸਨ ਨੂੰ 'ਪਾਗਲ ਸਨਕੀ' ਦੱਸਿਆ। ਦਰਅਸਲ ਪਿਛਲੇ ਦਿਨੀਂ ਕਮਲ ਹਾਸਨ ਤਾਮਿਲਨਾਡੂ ਦੇ ਅਰਾਵਕੁਰੂਚੀ ਵਿਧਾਨ ਸਭਾ ਖੇਤਰ 'ਚ ਆਪਣੀ ਪਾਰਟੀ ਦੇ ਉਮੀਦਵਾਰਾਂ ਲਈ ਚੋਣ ਪ੍ਰਚਾਰ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਨਾਥੂ ਰਾਮ ਗੋਡਸੇ ਨੂੰ ਆਜ਼ਾਦ ਭਾਰਤ ਦਾ ਪਹਿਲਾ ਅਤਿਵਾਦੀ ਦੱਸਿਆ ਸੀ।

ਇਸੇ 'ਤੇ ਪਲਟਵਾਰ ਕਰਦਿਆਂ ਬਾਲੀਵੁਡ ਅਦਾਕਾਰ ਵਿਵੇਕ ਓਬਰਾਏ ਨੇ ਕਮਲ ਹਾਸਨ ਨੂੰ ਦੇਸ਼ ਵੰਡਣ ਵਾਲਾ ਕਰਾਰ ਦਿੰਦਿਆਂ ਟਵੀਟ ਕੀਤਾ ਸੀ। ਵਿਵੇਕ ਤੋਂ ਬਾਅਦ ਹੁਣ ਪਾਇਲ ਰੋਹਤਗੀ ਵੀ ਇਸ ਬਹਿਸ 'ਚ ਸ਼ਾਮਲ ਹੋ ਗਈ ਹੈ। ਉਨ੍ਹਾਂ ਨੇ ਕਮਲ ਹਾਸਨ 'ਤੇ ਨਿਸ਼ਾਨਾ ਸਾਧਦਿਆਂ ਇਕ ਵੀਡੀਓ ਪੋਸਟ 'ਚ ਕਿਹਾ, "ਬੁੱਢਾ ਪਾਗਲ ਹੋ ਗਿਆ ਹੈ। ਉਨ੍ਹਾਂ ਨੂੰ ਅਤਿਵਾਦੀ ਅਤੇ ਕਾਤਲ ਵਿਚਕਾਰ ਫ਼ਰਕ ਨਹੀਂ ਪਤਾ ਹੈ। ਆਜ਼ਾਦ ਭਾਰਤ ਦਾ ਪਹਿਲਾ ਅਤਿਵਾਦੀ ਨਾਥੂਰਾਮ ਗੋਡਸੇ ਨਹੀਂ ਮੁਹੰਮਦ ਅਲੀ ਜਿਨਾਹ ਸੀ।"

ਪਾਇਲ ਨੇ ਹਾਸਨ 'ਤੇ ਦੋਸ਼ ਲਗਾਉਂਦਿਆਂ ਕਿਹਾ, "ਹਿੰਦੁਸਤਾਨ 'ਚ ਲੋਕ ਸਿਆਸੀ ਕਰੀਅਰ ਬਣਾਉਣ ਲਈ ਖ਼ੁਦ ਨੂੰ ਸੁਰਖੀਆਂ 'ਚ ਲਿਆਉਂਦੇ ਹਨ। ਇਸ ਲਈ 'ਹਿੰਦੂ ਅਤਿਵਾਦ' ਸ਼ਬਤ ਤੋਂ ਵਧੀਆ ਅਤੇ ਸੌਖਾ ਸ਼ਬਦ ਕੋਈ ਨਹੀਂ। 'ਹਿੰਦੂ ਅਤਿਵਾਦ' ਜਿਹੇ ਸ਼ਬਦ ਵਰਤ ਕੇ ਤੁਸੀ ਆਪਣੀ ਟੀਆਰਪੀ ਵਧਾ ਲੈਂਦੇ ਹੋ। ਤੁਸੀ ਜਵਾਨ ਨਹੀਂ ਰਹੇ, ਇਸੇ ਕਾਰਨ ਬੁਢਾਪੇ 'ਚ ਪਾਗਲ ਹੋ ਗਏ। ਕੀ ਤੁਸੀ ਨਹੀਂ ਜਾਣਦੇ ਕਿ ਗੋਡਸੇ ਇਕ ਹਿੰਦੂ ਬਾਹਮਣ ਸੀ ਅਤੇ ਗਾਂਧੀ ਜੀ ਵੀ ਹਿੰਦੂ ਸਨ। ਜਦੋਂ ਇਕ ਹਿੰਦੂ ਨੂੰ ਹਿੰਦੂ ਮਾਰਦਾ ਹੈ ਤਾਂ ਉਹ ਕਤਲ ਕਹਾਉਂਦਾ ਹੈ। ਅਤਿਵਾਦ ਉਹ ਹੁੰਦਾ ਹੈ ਜਦੋਂ ਇਕ ਧਰਮ ਦੇ ਲੋਕ ਦੂਜੇ ਧਰਮ ਦੇ ਲੋਕਾਂ ਨੂੰ ਖ਼ਤਮ ਕਰਨਾ ਚਾਹੁੰਦੇ ਹਨ। ਇਸ ਲਿਹਾਜ਼ ਨਾਲ ਆਜ਼ਾਦ ਭਾਰਤ ਦਾ ਪਹਿਲਾ ਅਤਿਵਾਦੀ ਗੋਡਸੇ ਨਹੀਂ ਸਗੋਂ ਜਿਨਾਹ ਸੀ। ਜਿਨਾਹ ਨੇ ਪਾਕਿਸਤਾਨ ਬਣਾਉਣ ਲਈ ਹਿੰਦੂ, ਮੁਸਲਮਾਲਾਂ ਸਿੱਖਾਂ ਅਤੇ ਪਾਰਸੀ ਲੋਕਾਂ ਦਾ ਖ਼ੂਨ ਵਹਾਇਆ।"