ਜੇ ਗੋਡਸੇ ਤੋਂ ਪਹਿਲਾਂ ਜਨਮ ਲੈਂਦੀ ਤਾਂ ਮੈਂ ਕਰਦੀ ਗਾਂਧੀ ਦੀ ਹੱਤਿਆ : ਪੂਜਾ ਸ਼ਕੁਨ ਪਾਂਡੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਲ ਭਾਰਤੀ ਹਿੰਦੂ ਮਹਾਸਭਾ ਦੀ ਰਾਸ਼ਟਰੀ ਸਕੱਤਰ ਅਤੇ ਹਿੰਦੂ ਅਦਾਲਤ ਦੀ ਜੱਜ ਡਾ. ਪੂਜਾ ਸ਼ਕੁਨ ਪਾਂਡੇ ਨੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਰਾਹ 'ਤੇ ਚੱਲਣ ਵਾਲਿਆਂ ਨੂੰ ...

Mahatma Gandhi --Pooja Shakun Pandey

ਅਲੀਗੜ੍ਹ : ਆਲ ਭਾਰਤੀ ਹਿੰਦੂ ਮਹਾਸਭਾ ਦੀ ਰਾਸ਼ਟਰੀ ਸਕੱਤਰ ਅਤੇ ਹਿੰਦੂ ਅਦਾਲਤ ਦੀ ਜੱਜ ਡਾ. ਪੂਜਾ ਸ਼ਕੁਨ ਪਾਂਡੇ ਨੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਰਾਹ 'ਤੇ ਚੱਲਣ ਵਾਲਿਆਂ ਨੂੰ ਵੱਡਾ ਅਲਟੀਮੇਟਮ ਦਿਤਾ ਹੈ। ਉਨ੍ਹਾਂ ਨੇ ਮਹਾਤਮਾ ਗਾਂਧੀ 'ਤੇ ਬਟਵਾਰੇ ਦਾ ਦੋਸ਼ ਲਗਾਇਆ ਹੈ। ਅਖਿਲ ਭਾਰਤੀ ਹਿੰਦੂ ਮਹਾ ਸਭਾ ਦੀ ਰਾਸ਼ਟਰੀ ਸਕੱਤਰ, ਮਹੰਤ ਅਤੇ ਹਿੰਦੂ ਅਦਾਲਤ ਦੀ ਜੱਜ ਡਾ. ਪੂਜਾ ਸ਼ਕੁਨ ਪਾਂਡੇ ਨੇ ਮਹਾਤਮਾ ਗਾਂਧੀ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੇ ਦੇਸ਼ ਦਾ ਬਟਵਾਰਾ ਕਰਵਾਇਆ ਸੀ। ਉਸ ਨੇ ਕਿਹਾ ਕਿ ਜੇਕਰ ਨੱਥੂ ਰਾਮ ਗੋਡਸੇ ਤੋਂ ਪਹਿਲਾਂ ਮੈਂ ਜਨਮ ਲੈਂਦੀ ਤਾਂ ਮੈਂ ਹੀ ਮਹਾਤਮਾ ਗਾਂਧੀ ਦੀ ਹੱਤਿਆ ਕਰ ਦਿੰਦੀ।

ਉਨ੍ਹਾਂ ਕਿਹਾ ਕਿ ਅੱਜ ਵੀ ਜੇਕਰ ਕੋਈ ਗਾਂਧੀ ਵਰਗਾ ਕੰਮ ਕਰੇਗਾ ਤਾਂ ਮੈਂ ਉਸ ਦੀ ਹੱਤਿਆ ਕਰਨ ਤੋਂ ਪਿੱਛੇ ਨਹੀਂ ਹਟਾਂਗੀ। ਉਸ ਨੇ ਕਿਹਾ ਕਿ ਇਹ ਵੀ ਸੁਣ ਲਓ ਕਿ ਜੇਕਰ ਅੱਜ ਵੀ ਕੋਈ ਗਾਂਧੀ ਪੈਦਾ ਹੋਵੇਗਾ ਜੋ ਦੇਸ਼ ਵੰਡਣ ਦੀ ਗੱਲ ਕਰੇਗਾ ਤਾਂ ਨੱਥੂ ਰਾਮ ਗੋਡਸੇ ਵੀ ਇਸੇ ਜ਼ਮੀਨ 'ਤੇ ਪੈਦਾ ਹੋਵੇਗਾ। ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਦੇਸ਼ ਦੇ ਰਾਸ਼ਟਰ ਪਿਤਾ ਨਹੀਂ ਹੋ ਸਕਦੇ। ਸਾਨੂੰ ਸਾਰਿਆਂ ਨੂੰ ਪਤਾ ਨਹੀਂ ਉਨ੍ਹਾਂ ਨੂੰ ਇੰਨੀ ਵੱਡੀ ਉਪਾਧੀ ਕਿਵੇਂ ਮਿਲ ਗਈ? ਡਾ. ਸ਼ਕੁਨ ਨੇ ਕਿਹਾ ਕਿ ਭਾਰਤ-ਪਾਕਿਸਤਾਨ ਬਟਵਾਰੇ ਵਿਚ 32 ਲੱਖ ਲੋਕਾਂ ਤੋਂ ਜ਼ਿਆਦਾ ਲੋਕ ਮਾਰੇ ਗਏ ਸਨ। ਇਨ੍ਹਾਂ ਹੱਤਿਆਵਾਂ ਦਾ ਦੋਸ਼ੀ ਗਾਂਧੀ ਹੀਂ ਤਾਂ ਹੋਰ ਕੌਣ ਹੈ?

ਉਨ੍ਹਾਂ ਕਿਹਾ ਕਿ ਸੀ ਕਿ ਪਿਤਾ ਕਦੇ ਵੀ ਅਪਣੇ ਦੋ ਬੇਟਿਆਂ ਵਿਚ ਬਟਵਾਰਾ ਨਹੀਂ ਕਰਦਾ ਹੈ। ਇੰਨੇ ਸਾਰੇ ਲੋਕਾਂ ਨੂੰ ਘਿਨੌਣੇ ਤਰੀਕੇ ਨਾਲ ਮਾਰਿਆ ਗਿਆ ਸੀ। ਇਨ੍ਹਾਂ ਵਿਚ ਸਭ ਤੋਂ ਜ਼ਿਆਦਾ ਹਿੰਦੂ ਹੀ ਸਨ। ਉਨ੍ਹਾਂ ਕਿਹਾ ਕਿ ਨੱਥੂ ਰਾਮ ਗੋਡਸੇ ਸਭ ਤੋਂ ਵੱਡੇ ਰਾਸ਼ਟਰ ਭਗਤ ਹਨ। ਜੇਕਰ ਇਸ ਦੇਸ਼ ਵਿਚ ਗੋਡਸੇ ਤੋਂ ਪਹਿਲਾਂ ਮੈਂ ਹੁੰਦੀ ਤਾਂ ਗਾਂਧੀ ਦੀ ਹੱਤਿਆ ਕਰ ਦਿੰਦੀ। ਉਨ੍ਹਾਂ ਕਿਹਾ ਕਿ ਮੇਰਾ ਸੰਕਲਪ ਹਿੰਦੂ ਰਾਸ਼ਟਰ ਦੀ ਸਥਾਪਨਾ ਕਰਨਾ ਹੈ। ਪੂਜਾ ਨੇ ਦੇਸ਼ ਦੀ ਸਿੱਖਿਆ ਨੀਤੀ 'ਤੇ ਵੀ ਸਵਾਲ ਉਠਾਇਆ ਹੈ। ਉਨ੍ਹਾਂ ਕਿਹਾ ਕਿ ਨਵੀਂ ਪੀੜ੍ਹੀ ਨੂੰ ਗ਼ਲਤ ਇਤਿਹਾਸ ਪੜ੍ਹਾਇਆ ਜਾ ਰਿਹਾ ਹੈ। ਹੁਣ ਬਹੁਤ ਹੋ ਚੁੱਕਿਆ ਮਹਾਤਮਾ ਗਾਂਧੀ ਦਾ ਗੁਣਗਾਨ। ਹੁਣ ਇਹ ਬੰਦ ਹੋਣਾ ਚਾਹੀਦਾ ਹੈ।

ਮੈਂ ਤਾਂ ਨੱਥੂਰਾਮ ਗੋਡਸੇ ਦੀ ਪੁਜਾਰੀ ਹਾਂ, ਉਨ੍ਹਾਂ ਦੇ ਨਕਸ਼-ਏ-ਕਦਮ 'ਤੇ ਹੀ ਚੱਲਦੀ ਰਹਾਂਗੀ। ਮੇਰਠ ਵਿਚ ਗਠਿਤ ਪਹਿਲੀ ਹਿੰਦੂ ਅਦਾਲਤ ਦੀ ਪਹਿਲੀ ਨਿਯੁਕਤ ਜੱਜ ਡਾ. ਪੂਜਾ ਸ਼ਕੁਨ ਪਾਂਡੇ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਹ ਅਤੇ ਉਨ੍ਹਾਂ ਦਾ ਸੰਗਠਨ ਅਖਿਲ ਭਾਰਤੀ ਹਿੰਦੂ ਮਹਾਸਭਾ ਨੱਥੂ ਰਾਮ ਗੋਡਸੇ ਨੂੰ ਪੂਜਦਾ ਹੈ। ਖ਼ੁਦ ਨੂੰ ਸਮਾਜਿਕ ਵਰਕਰ ਅਤੇ ਗਣਿਤ ਦੀ ਪ੍ਰੋਫੈਸਰ ਦੱਸਣ ਵਾਲੀ ਪੂਜਾ ਸ਼ਕੁਨ ਨੇ ਕਿਹਾ ਕਿ ਮੈਨੂੰ ਮਾਣ ਹੈ ਕਿ ਅਸੀਂ ਨੱਥੂਰਾਮ ਗੋਡਸੇ ਨੂੰ ਪੂਜਦੇ ਹਾਂ। ਉਹ ਗਾਂਧੀ ਦੇ ਕਾਤਲ ਨਹੀਂ ਸਨ।

ਉਨ੍ਹਾਂ ਨੂੰ ਭਾਰਤੀ ਸੰਵਿਧਾਨ ਲਾਗੂ ਹੋਣ ਤੋਂ ਪਹਿਲਾਂ ਸਜ਼ਾ ਦੇ ਦਿਤੀ ਗਈ ਸੀ। ਉਨ੍ਹਾਂ ਕਿਹਾ ਕਿ ਅਜਿਹਾ ਆਖ ਕੇ ਮੈਂ ਕੋਈ ਵਿਵਾਦਤ ਬਿਆਨ ਨਹੀਂ ਦਿਤਾ ਹੈ। ਹਿੰਦੂ ਅਦਾਲਤ ਬਣਾਉਣ 'ਤੇ ਇਲਾਹਾਬਾਦ ਹਾਈਕੋਰਟ ਨੇ ਉਤਰ ਪ੍ਰਦੇਸ਼ ਸਰਕਾਰ ਨੂੰ ਨੋਟਿਸ ਜਾਰੀ ਕਰਦੇ ਹੋਏ ਇਸ ਮਾਮਲੇ 'ਤੇ ਜਾਣਕਾਰੀ ਮੰਗੀ ਹੈ। ਉਥੇ ਅਦਾਲਤ ਨੇ ਡੀਐਮ ਮੇਰਠ ਅਤੇ ਹਿੰਦੂ ਅਦਾਲਤ ਦੀ ਕਥਿਤ ਜੱਜ ਪੂਜਾ ਸ਼ਕੁਨ ਪਾਂਡੇ ਨੂੰ ਪੱਖਕਾਰ ਬਣਾਉਣ ਦਾ ਨਿਰਦੇਸ਼ ਦਿੰਦੇ ਹੋਏ ਵੀ ਨੋਟਿਸ ਜਾਰੀ ਕੀਤਾ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 11 ਸਤੰਬਰ ਨੂੰ ਹੋਵੇਗੀ।

Related Stories