ਸੋਨੂੰ ਸੂਦ ਨੂੰ ਹੋਇਆ ਕੋਰੋਨਾ, ਟਵੀਟ ਕਰਕੇ ਕਿਹਾ ਮੈਂ ਹਮੇਸ਼ਾਂ ਤੁਹਾਡੇ ਨਾਲ ਹਾਂ

ਏਜੰਸੀ

ਮਨੋਰੰਜਨ, ਬਾਲੀਵੁੱਡ

ਏਕਾਂਤਵਾਸ ਦੌਰਾਨ ਵੀ ਲੋੜਵੰਦਾਂ ਦੀ ਮਦਦ ਲਈ ਹਾਜ਼ਰ ਰਹਿਣਗੇ ਸੋਨੂੰ ਸੂਦ

Actor Sonu Sood tests positive for COVID19

ਮੁੰਬਈ: ਕੋਰੋਨਾ ਕਾਲ ਦੌਰਾਨ ਲੋੜਵੰਦਾਂ ਲਈ ਮਸੀਹਾ ਬਣ ਕੇ ਸਾਹਮਣੇ ਆਏ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦੀ ਕੋਰੋਨਾ ਵਾਇਰਸ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਸਬੰਧੀ ਉਹਨਾਂ ਨੇ ਟਵੀਟ ਜ਼ਰੀਏ ਜਾਣਕਾਰੀ ਸਾਂਝੀ ਕੀਤੀ। ਅਦਾਕਾਰ ਨੇ ਕਿਹਾ ਕਿ ਉਹ ਘਰ ਵਿਚ ਹੀ ਏਕਾਂਤਵਾਸ ਹੋ ਰਹੇ ਹਨ ਪਰ ਇਸ ਦੌਰਾਨ ਉਹ ਲੋਕਾਂ ਦੀ ਮਦਦ ਲਈ ਹਾਜ਼ਰ ਰਹਿਣਗੇ।

ਸੋਨੂੰ ਸੂਦ ਨੇ ਲਿਖਿਆ, ‘ਦੋਸਤੋ, ਮੈਂ ਤੁਹਾਨੂੰ ਸੂਚਿਤ ਕਰਨਾ ਚਾਹੁੰਦਾ ਹਾਂ ਕਿ ਮੇਰਾ ਕੋਵਿਡ-19 ਦਾ ਟੈਸਟ ਪਾਜ਼ੇਟਿਵ ਆਇਆ ਹੈ। ਇਸ ਲਈ ਮੈਂ ਖੁਦ ਨੂੰ ਕੁਆਰੰਟੀਨ ਕਰ ਲਿਆ ਹੈ।‘ ਅਦਾਕਾਰ ਨੇ ਅੱਗੇ ਲਿਖਿਆ, ‘ਚਿੰਤਾ ਦੀ ਕੋਈ ਗੱਲ ਨਹੀਂ, ਹੁਣ ਮੇਰੇ ਕੋਲ ਪਹਿਲਾਂ ਨਾਲੋਂ ਜ਼ਿਆਦਾ ਸਮਾਂ ਰਹੇਗਾ ਤੁਹਾਡੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ। ਯਾਦ ਰੱਖੋ, ਕੋਈ ਵੀ ਤਕਲੀਫ਼..ਮੈਂ ਹਮੇਸ਼ਾਂ ਤੁਹਾਡੇ ਨਾਲ ਹਾਂ।‘

ਦੱਸ ਦਈਏ ਕਿ ਪਿਛਲੇ ਸਾਲ ਕੋਰੋਨਾ ਵਾਇਰਸ ਲੌਕਡਾਊਨ ਦੌਰਾਨ ਸੋਨੂੰ ਸੂਦ ਪ੍ਰਵਾਸੀ ਮਜ਼ਦੂਰਾਂ ਦੀ ਮਦਦ ਲਈ ਅੱਗੇ ਆਏ ਸਨ। ਇਸ ਤੋਂ ਬਾਅਦ ਸੋਨੂੰ ਸੂਦ ਹੁਣ ਤੱਕ ਅਨੇਕਾਂ ਲੋੜਵੰਦਾਂ ਦੀ ਮਦਦ ਕਰ ਚੁੱਕੇ ਹਨ। ਹਾਲ ਹੀ ਵਿਚ ਸੋਨੂੰ ਸੂਦ ਨੇ ਇੰਦੌਰ ਵਿਚ ਆਕਸੀਜਨ ਸਿਲੰਡਰ ਵੀ ਭੇਜੇ।  ਸੋਨੂੰ ਸੂਦ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਉਹਨਾਂ ਦੇ ਫੈਨਜ਼ ਉਹਨਾਂ ਲਈ ਅਰਦਾਸਾਂ ਕਰ ਰਹੇ ਹਨ।