ਸਲਮਾਨ ਖਾਨ ਨੇ ਅਪਣੇ ਨਾਂ ਹੇਠ ਫਰਜ਼ੀ ਕਾਸਟਿੰਗ ਕਾਲਾਂ ਵਿਰੁਧ ਨੋਟਿਸ ਜਾਰੀ ਕੀਤਾ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਇੰਸਟਾਗ੍ਰਾਮ ’ਤੇ ਨੋਟਿਸ ਜਾਰੀ ਕਰ ਕੇ ਧੋਖਾਧੜੀ ਕਰਨ ਵਾਲਿਆਂ ਵਿਰੁਧ ਕਾਨੂੰਨੀ ਕਾਰਵਾਈ ਦੀ ਚੇਤਾਵਨੀ ਦਿਤੀ

Salman khan

 

ਮੁੰਬਈ, 17 ਜੁਲਾਈ: ਬਾਲੀਵੁਡ ਸੁਪਰਸਟਾਰ ਸਲਮਾਨ ਖਾਨ ਨੇ ਸੋਮਵਾਰ ਨੂੰ ਸਖਤ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਨਾ ਤਾਂ ਉਹ ਅਤੇ ਨਾ ਹੀ ਉਨ੍ਹਾਂ ਦਾ ਪ੍ਰੋਡਕਸ਼ਨ ਬੈਨਰ ‘ਸਲਮਾਨ ਖਾਨ ਫਿਲਮਜ਼’ ਫਿਲਮਾਂ ’ਚ ਕਲਾਕਾਰਾਂ ਨੂੰ ਰੱਖਣ ਲਈ ਕਿਸੇ ਤੀਜੀ ਧਿਰ ਨਾਲ ਜੁੜੇ ਹੋਏ ਹਨ।

ਸਲਮਾਨ ਨੇ ਇਹ ਬਿਆਨ ਇੰਸਟਾਗ੍ਰਾਮ ’ਤੇ ਸਾਂਝਾ ਕੀਤਾ ਅਤੇ ਕਿਹਾ ਕਿ ਧੋਖਾਧੜੀ ਦੇ ਉਦੇਸ਼ਾਂ ਲਈ ਉਨ੍ਹਾਂ ਦੀ ਪਛਾਣ ਜਾਂ ਕੰਪਨੀ ਦੇ ਨਾਂ ਦੀ ਵਰਤੋਂ ਕਰਨ ਵਾਲਿਆਂ ਵਿਰੁਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸੁਪਰਸਟਾਰ ਨੇ ਚੇਤਾਵਨੀ ਨੂੰ ‘‘ਅਧਿਕਾਰਤ ਨੋਟਿਸ!’’ ਕੈਪਸ਼ਨ ਦਿਤਾ।

ਨੋਟਿਸ ’ਚ ਇਸ ਤਰ੍ਹਾਂ ਲਿਖਿਆ ਗਿਆ ਹੈ: “ਇਹ ਸਪੱਸ਼ਟ ਕਰਨ ਲਈ ਹੈ ਕਿ ਨਾ ਤਾਂ ਮਿ. ਸਲਮਾਨ ਖਾਨ ਅਤੇ ਨਾ ਹੀ ਸਲਮਾਨ ਖਾਨ ਫਿਲਮਸ ਫਿਲਹਾਲ ਕਿਸੇ ਵੀ ਫਿਲਮ ਲਈ ਕਲਾਕਾਰਾਂ ਦੀ ਚੋਣ ਕਰ ਰਹੇ ਹਨ। ਅਸੀਂ ਅਪਣੀਆਂ ਭਵਿੱਖ ਦੀਆਂ ਕਿਸੇ ਵੀ ਫਿਲਮਾਂ ਲਈ ਕਿਸੇ ਕਾਸਟਿੰਗ ਏਜੰਟ ਨੂੰ ਨਹੀਂ ਰਖਿਆ ਹੈ।’’

ਸਲਮਾਨ ਨੇ ਅੱਗੇ ਕਿਹਾ, ‘‘ਇਸ ਮਕਸਦ ਲਈ ਤੁਹਾਡੇ ਵਲੋਂ ਪ੍ਰਾਪਤ ਕਿਸੇ ਵੀ ਈ-ਮੇਲ ਜਾਂ ਸੰਦੇਸ਼ ’ਤੇ ਭਰੋਸਾ ਨਾ ਕਰੋ।’’ ‘‘ਜੇਕਰ ਕੋਈ ਪਾਰਟੀ ਕਿਸੇ ਵੀ ਅਣਅਧਿਕਾਰਤ ਤਰੀਕੇ ਨਾਲ ਮਿਸਟਰ ਖਾਨ ਜਾਂ ਐਸ.ਕੇ.ਐਫ. ਦੇ ਨਾਂ ਦੀ ਗਲਤ ਵਰਤੋਂ ਕਰਦੀ ਪਾਈ ਗਈ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।’’
 

ਸਲਮਾਨ ਖਾਨ ਫਿਲਮਜ਼ (ਐਸ.ਕੇ.ਐਫ਼.) ਦੀ ਸਥਾਪਨਾ ‘ਦਬੰਗ’ ਸਟਾਰ ਵਲੋਂ 2011 ’ਚ ਕੀਤੀ ਗਈ ਸੀ। ਇਸ ਨੇ ‘ਬਜਰੰਗੀ ਭਾਈਜਾਨ’, ‘ਹੀਰੋ’, ‘ਦਬੰਗ 3’, ‘ਅੰਤਿਮ: ਦ ਫਾਈਨਲ ਟਰੂਥ’ ਅਤੇ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਵਰਗੀਆਂ ਫਿਲਮਾਂ ਬਣਾਈਆਂ ਹਨ। ਅਦਾਕਾਰੀ ਦੀ ਗੱਲ ਕਰੀਏ ਤਾਂ ਸਲਮਾਨ ਅਗਲੀ ਵਾਰ ‘ਟਾਈਗਰ 3’ ’ਚ ਕੈਟਰੀਨਾ ਕੈਫ ਨਾਲ ਨਜ਼ਰ ਆਉਣਗੇ।