Breaking : ਸੁਸ਼ਾਂਤ ਸਿੰਘ ਖੁਦਕੁਸ਼ੀ ਮਾਮਲੇ ਦੀ ਜਾਂਚ ਕਰੇਗੀ CBI, ਸੁਪਰੀਮ ਕੋਰਟ ਨੇ ਸੁਣਾਇਆ ਫੈਸਲਾ

ਏਜੰਸੀ

ਮਨੋਰੰਜਨ, ਬਾਲੀਵੁੱਡ

ਸੁਸ਼ਾਂਤ ਸਿੰਘ ਰਾਜਪੂਤ ਖੁਦਕੁਸ਼ੀ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਨੇ ਅੱਜ ਅਪਣਾ ਫੈਸਲਾ ਸੁਣਾਇਆ ਹੈ।

Sushant Singh Rajput

ਨਵੀਂ ਦਿੱਲੀ: ਸੁਸ਼ਾਂਤ ਸਿੰਘ ਰਾਜਪੂਤ ਖੁਦਕੁਸ਼ੀ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਨੇ ਅੱਜ ਅਪਣਾ ਫੈਸਲਾ ਸੁਣਾਇਆ ਹੈ। ਇਸ ਮਾਮਲੇ ਦੀ ਜਾਂਚ ਸੁਪਰੀਮ ਕੋਰਟ ਨੇ ਸੀਬੀਆਈ ਨੂੰ ਸੌਂਪ ਦਿੱਤੀ ਹੈ। ਸੁਪਰੀਮ ਕੋਰਟ ਦੇ ਜੱਜ ਨੇ ਅਪਣਾ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਬਿਹਾਰ ਨੂੰ ਇਹ ਕੇਸ ਸੀਬੀਆਈ ਨੂੰ ਟ੍ਰਾਂਸਫਰ ਕਰਨ ਦਾ ਅਧਿਕਾਰ ਹੈ। ਇਸ ਕੇਸ ਵਿਚ ਸੀਬੀਆਈ ਨੂੰ ਸੌਂਪੀ ਗਈ ਜਾਂਚ ਦੇ ਸੁਪਰੀਮ ਕੋਰਟ ਦੇ ਆਦੇਸ਼ ਦਾ ਪਾਲਣ ਕਰਨਾ ਹੋਵੇਗਾ।

ਦੱਸ ਦਈਏ ਕਿ ਸੁਸ਼ਾਂਤ ਸਿੰਘ ਦੀ ਖੁਦਕੁਸ਼ੀ ਨੂੰ ਲੈ ਕੇ ਕਾਫ਼ੀ ਸਮੇਂ ਤੋਂ ਸੀਬੀਆਈ ਜਾਂਚ ਦੀ ਮੰਗ ਹੋ ਰਹੀ ਸੀ। ਉਹਨਾਂ ਦੇ ਪ੍ਰਸ਼ੰਸਕਾਂ ਅਤੇ ਦੋਸਤਾਂ ਵੱਲੋਂ ਵੀ ਸੀਬੀਆਈ ਜਾਂਚ ਦੀ ਮੰਗ ਕੀਤੀ ਜਾ ਰਹੀ ਸੀ। ਕੋਰਟ ਦੀ ਪਿਛਲੀ ਸੁਣਵਾਈ ਵਿਚ ਦੋਵੇਂ ਧਿਰਾਂ ਨੇ ਅਪਣੀਆਂ ਦਲੀਲਾਂ ਦਿੱਤੀਆਂ ਸਨ, ਜਿਸ ਤੋਂ ਬਾਅਦ ਫੈਸਲਾ ਸੁਰੱਖਿਅਤ ਰੱਖਿਆ ਗਿਆ ਸੀ। ਸੁਪਰੀਮ ਕੋਰਟ ਦੇ ਇਸ ਫੈਸਲੇ ਦਾ ਪੂਰੇ ਦੇਸ਼ ਨੂੰ ਇੰਤਜ਼ਾਰ ਸੀ ਅਤੇ ਕੋਰਟ ਦੇ ਇਸ ਫੈਸਲੇ ਨਾਲ ਲੋਕਾਂ ਵਿਚ ਖੁਸ਼ੀ ਨਜ਼ਰ ਆ ਰਹੀ ਹੈ।

ਜ਼ਿਕਰਯੋਗ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ ਦੋ ਮਹੀਨੇ ਹੋ ਗਏ ਹਨ। ਉਹਨਾਂ ਨੇ ਅਜਿਹਾ ਕਿਉਂ ਕੀਤਾ, ਇਸ ਸਬੰਧੀ ਹਾਲੇ ਵੀ ਜਾਂਚ ਜਾਰੀ ਹੈ। ਭਾਰੀ ਗਿਣਤੀ ਵਿਚ ਲੋਕ ਇਸ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪਣ ਦੀ ਅਪੀਲ ਕਰ ਰਹੇ ਸਨ। ਸੋਸ਼ਲ ਮੀਡੀਆ ‘ਤੇ ਅਦਾਕਾਰ ਨੂੰ ਇਨਸਾਫ਼ ਦਿਵਾਉਣ ਲਈ ਵੱਖਰੀ ਮੁਹਿੰਮ ਚਲਾਈ ਜਾ ਰਹੀ ਹੈ। 

ਇਸ ਵਿਚ ਹੁਣ ਸੁਸ਼ਾਂਤ ਦੇ ਪ੍ਰਸ਼ੰਸਕਾਂ ਤੋਂ ਇਲਾਵਾ ਬਾਲੀਵੁੱਡ ਸਿਤਾਰੇ ਵੀ ਅਪਣਾ ਯੋਗਦਾਨ ਪਾ ਰਹੇ ਹਨ। ਅਦਾਕਾਰਾ ਕ੍ਰਿਤੀ ਸੇਨਨ, ਵਰੁਣ ਧਵਨ, ਮੌਨੀ ਰਾਏ ਸਮੇਤ ਕਈ ਅਦਾਕਾਰਾਂ ਵੱਲੋਂ ਸੁਸ਼ਾਂਤ ਸਿੰਘ ਖੁਦਕੁਸ਼ੀ ਮਾਮਲੇ ਵਿਚ ਸੀਬੀਆਈ ਜਾਂਚ ਦੀ ਮੰਗ ਕੀਤੀ ਗਈ ਸੀ।