ਚਮੋਲੀ ਤ੍ਰਾਸਦੀ 'ਚ ਪਿਤਾ ਦੀ ਮੌਤ ਤੋਂ ਬਾਅਦ ਚਾਰ ਬੱਚੀਆਂ ਲਈ ਮਸੀਹਾ ਬਣੇ ਸੋਨੂੰ ਸੂਦ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਕਿਹਾ, 'ਇਹ ਪਰਿਵਾਰ ਹੁਣ ਮੇਰਾ ਹੈ'

Sonu Sood Extends Support To Uttarakhand family

ਨਵੀਂ ਦਿੱਲੀ: ਬੀਤੇ ਦਿਨ ਉਤਰਾਖੰਡ ਦੇ ਚਮੋਲੀ ਵਿਚ ਵਾਪਰੇ ਭਿਆਨਕ ਦੁਖਾਂਤ ਮੌਕੇ ਕਈ ਲੋਕਾਂ ਦੇ ਘਰ ਤਬਾਹ ਹੋ ਗਏ। ਇਸ ਦੌਰਾਨ ਕਈ ਪਰਿਵਾਰਾਂ ਦੇ ਮੈਂਬਰ ਵੀ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ। ਕਈ ਲਾਪਤਾ ਲੋਕਾਂ ਦੀ ਭਾਲ ਹਾਲੇ ਵੀ ਜਾਰੀ ਹੈ। ਅਜਿਹੇ ਵਿਚ ਇਕ ਪਰਿਵਾਰ ਦੀਆਂ 4 ਬੱਚਿਆਂ ਦੇ ਪਿਤਾ ਦੀ ਵੀ ਮੌਤ ਹੋ ਗਈ।

ਸੋਨੂੰ ਸੂਦ ਨੇ ਬੱਚੀਆਂ ਨੂੰ ਲਿਆ ਗੋਦ

ਇਹਨਾਂ ਬੱਚੀਆਂ ਲਈ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਮਸੀਹਾ ਬਣ ਕੇ ਆਏ। ਸੋਨੂੰ ਸੂਦ ਨੇ ਇਹਨਾਂ ਬੱਚੀਆਂ ਨੂੰ ਅਪਣਾ ਪਰਿਵਾਰ ਬਣਾਇਆ ਹੈ। ਦਰਅਸਲ ਸੋਨੂੰ ਸੂਦ ਨੇ ਇਹਨਾਂ ਬੱਚੀਆਂ ਨੂੰ ਗੋਦ ਲੈਣ ਦਾ ਫੈਸਲਾ ਕੀਤਾ ਹੈ।

ਤ੍ਰਾਸਦੀ ਮੌਕੇ ਸੁਰੰਗ ਵਿਚ ਕੰਮ ਕਰ ਰਹੇ ਸਨ ਬੱਚੀਆਂ ਦੇ ਪਿਤਾ

ਬੱਚੀਆਂ ਦੇ ਪਿਤਾ ਆਲਮ ਸਿੰਘ ਵਿਸ਼ਣੁਗਾਡ ਬਿਜਲੀ ਪ੍ਰਾਜੈਕਟ ਨਾਲ ਜੁੜੀ ਇਕ ਕੰਪਨੀ ਵਿਚ ਇਲੈਕਟ੍ਰੀਸ਼ੀਅਨ ਵਜੋਂ ਕੰਮ ਕਰ ਰਹੇ ਸਨ, ਤ੍ਰਾਸਦੀ ਮੌਕੇ ਸੁਰੰਗ ਦੇ ਅੰਦਰ ਹੀ ਸਨ। ਉਸ ਤੋਂ ਬਾਅਦ ਉਹ ਵਾਪਸ ਨਹੀਂ ਪਰਤੇ। ਤ੍ਰਾਸਦੀ ਦੇ ਅੱਠ ਦਿਨ ਬਾਅਦ ਪਰਿਵਾਰ ਨੂੰ ਉਹਨਾਂ ਦੀ ਲਾਸ਼ ਮਲਬੇ ਹੇਠ ਮਿਲੀ।

ਆਲਮ ਸਿੰਘ ਘਰ ਵਿਚ ਕਮਾਉਣ ਵਾਲੇ ਇਕਲੌਤੇ ਵਿਅਕਤੀ ਸਨ। ਆਲਮ ਸਿੰਘ ਦੀ ਮੌਤ ਤੋਂ ਬਾਅਦ ਸੋਨੂੰ ਸੂਦ ਨੇ ਇਹਨਾਂ ਬੱਚੀਆਂ ਦੀ ਮਦਦ ਕਰਨ ਦਾ ਫੈਸਲਾ ਕੀਤਾ ਹੈ। ਸੋਨੂੰ ਸੂਦ ਨੇ ਸੋਸ਼ਲ ਮੀਡੀਆ ‘ਤੇ ਟਵੀਟ ਕਰਦਿਆਂ ਲਿਖਿਆ ਕਿ ਹੁਣ ਤੋਂ ਇਹ ਪਰਿਵਾਰ ਮੇਰਾ ਹੈ।

ਜ਼ਿਕਰਯੋਗ ਹੈ ਕਿ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਕੋਰੋਨਾ ਮਹਾਂਮਾਰੀ ਦੇ ਦੌਰ ਤੋਂ ਹੀ ਗਰੀਬ ਪਰਿਵਾਰਾਂ ਦੀ ਮਦਦ ਕਰ ਰਹੇ ਹਨ। ਇਸ ਦੌਰਾਨ ਉਹ ਗਰੀਬ ਬੱਚਿਆਂ ਦੀ ਪੜਾਈ ਤੋਂ ਇਲਾਵਾ ਬਜ਼ੁਰਗਾਂ ਦਾ ਮੁਫਤ ਇਲਾਜ ਕਰਵਾ ਕੇ ਉਹਨਾਂ ਦੀ ਮਦਦ ਕਰਨ ਵਿਚ ਲੱਗੇ ਹੋਏ ਹਨ। ਇਸ ਦੇ ਲਈ ਸੋਸ਼ਲ ਮੀਡੀਆ ‘ਤੇ ਲੋਕ ਉਹਨਾਂ ਦੀ ਕਾਫੀ ਸ਼ਲਾਘਾ ਵੀ ਕਰ ਰਹੇ ਹਨ।