ਵਧ ਰਹੀ ਅਬਾਦੀ ਨੂੰ ਲੈ ਕੇ ਟਵੀਟ ਕਰਨ ਤੋਂ ਬਾਅਦ ਅਪਣੇ ਹੀ ਭੈਣ-ਭਰਾ ਲਈ ਟ੍ਰੋਲ ਹੋਈ ਕੰਗਨਾ

ਏਜੰਸੀ

ਮਨੋਰੰਜਨ, ਬਾਲੀਵੁੱਡ

ਤੀਜਾ ਬੱਚਾ ਹੋਣ ’ਤੇ ਮਾਪਿਆਂ ਨੂੰ ਜੁਰਮਾਨਾ ਜਾਂ ਜੇਲ੍ਹ ਦੀ ਸਜ਼ਾ ਹੋਣੀ ਚਾਹੀਦੀ ਹੈ- ਕੰਗਨਾ ਰਣੌਤ

Twitter reminds Kangana of her siblings

ਮੁੰਬਈ: ਅਪਣੇ ਵਿਵਾਦਤ ਬਿਆਨਾਂ ਕਰਕੇ ਚਰਚਾ ਵਿਚ ਰਹਿਣ ਵਾਲੀ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਇਕ ਵਾਰ ਫਿਰ ਅਜਿਹਾ ਬਿਆਨ ਦਿੱਤਾ ਹੈ, ਜਿਸ ਨੂੰ ਲੈ ਕੇ ਉਸ ਨੂੰ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ। ਦਰਅਸਲ ਅਦਾਕਾਰਾ ਨੇ ਭਾਰਤ ਵਿਚ ਵਧਦੀ ਅਬਾਦੀ ਨੂੰ ਰੋਕਣ ਲਈ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਕੀਤੀ ਹੈ। ਕੰਗਨਾ ਨੇ ਕਿਹਾ ਕਿ ਤੀਜਾ ਬੱਚਾ ਹੋਣ ’ਤੇ ਮਾਪਿਆਂ ਨੂੰ ਜੁਰਮਾਨਾ ਜਾਂ ਜੇਲ੍ਹ ਦੀ ਸਜ਼ਾ ਹੋਣੀ ਚਾਹੀਦੀ ਹੈ। ਅਪਣੇ ਇਸ ਟਵੀਟ ਤੋਂ ਬਾਅਦ ਕੰਗਨਾ ਟ੍ਰੋਲਰਜ਼ ਦੇ ਨਿਸ਼ਾਨੇ ‘ਤੇ ਆ ਗਈ ਹੈ।

ਕੰਗਨਾ ਨੇ ਟਵੀਟ ਕੀਤਾ ਕਿ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਵੋਟ ਦੀ ਰਾਜਨੀਤੀ ਕਰਦੇ ਹੋਏ ਜ਼ਬਰਦਸਤੀ ਲੋਕਾਂ ਦੀ ਨਸਬੰਦੀ ਕੀਤੀ ਜਿਸ ਕਾਰਨ ਉਹ ਚੋਣਾਂ ਹਾਰ ਗਈ ਤੇ ਬਾਅਦ ਵਿਚ ਉਸ ਦੀ ਹੱਤਿਆ ਕਰ ਦਿੱਤੀ ਗਈ। ਪਰ ਅੱਜ ਦੇ ਸਮੇਂ ਵਿਚ ਭਾਰਤ ਦੀ ਵਧਦੀ ਅਬਾਦੀ ਇਕ ਸੰਕਟ ਹੈ। ਇਸ ਨੂੰ ਧਿਆਨ ਵਿਚ ਰੱਖਦਿਆਂ ਸਖ਼ਤ ਕਾਨੂੰਨ ਬਣਾਉਣ ਦੀ ਲੋੜ ਹੈ, ਜਿਸ ਦੇ ਤਹਿਤ ਤੀਜਾ ਬੱਚਾ ਹੋਣ ’ਤੇ ਜੁਰਮਾਨਾ ਜਾਂ ਜੇਲ੍ਹ ਦੀ ਸਜ਼ਾ ਹੋਣੀ ਚਾਹੀਦੀ ਹੈ।

ਇਕ ਹੋਰ ਟਵੀਟ ਵਿਚ ਕੰਗਨੇ ਨੇ ਲ਼ਿਖਿਆ ਕਿ ਦੇਸ਼ ਵਿਚ ਜ਼ਿਆਦਾ ਅਬਾਦੀ ਕਾਰਨ ਲੋਕ ਮਰ ਰਹੇ ਹਨ। ਕਾਗਜ਼ ’ਤੇ ਸਿਰਫ 130 ਕਰੋੜ ਭਾਰਤੀਆਂ ਤੋਂ ਇਲਾਵਾ ਭਾਰਤ ਵਿਚ 25 ਕਰੋੜ ਤੋਂ ਜ਼ਿਆਦਾ ਗੈਰ-ਕਾਨੂੰਨੀ ਪ੍ਰਵਾਸੀ ਹਨ ਜੋ ਦੂਜੇ ਦੇਸ਼ਾਂ ਤੋਂ ਆ ਕੇ ਵਸੇ ਹੋਏ ਹਨ। ਕੰਗਨਾ ਦੇ ਟਵੀਟ ’ਤੇ ਪ੍ਰੀਤਿਕਿਰਿਆ ਦਿੰਦਿਆਂ ਟਵਿਟਰ ਯੂਜ਼ਰਸ ਨੇ ਕੰਗਨਾ ਨੂੰ ਉਹਨਾਂ ਦੇ ਅਪਣੇ ਭਰਾ-ਭੈਣ ਦੀ ਯਾਦ ਦੁਆਈ ਹੈ।

ਯੂਜ਼ਰਸ ਅਪਣੇ ਟਵੀਟ ਵਿਚ ਕੰਗਨਾ ਅਤੇ ਉਸ ਦੇ ਭੈਣ-ਭਰਾ ਦੀਆਂ ਫੋਟੋਆਂ ਵੀ ਸ਼ੇਅਰ ਕਰ ਰਹੇ ਹਨ। ਦੱਸ ਦਈਏ ਕਿ ਕੰਗਨਾ ਰਣੌਤ ਦੇ ਦੋ ਭੈਣ-ਭਰਾ ਹਨ। ਕੰਗਨਾ ਦੀ ਵੱਡੀ ਭੈਣ ਦਾ ਨਾਮ ਰੰਗੋਲੀ ਅਤੇ ਛੋਟੇ ਭਰਾ ਨਾਮ ਅਕਸ਼ਤ ਰਣੌਤ ਹੈ। ਅਬਾਦੀ ਨੂੰ ਲੈ ਕੇ ਟਵੀਟ ਕਰਨ ਤੋਂ ਬਾਅਦ ਕੰਗਨਾ ਨੂੰ ਯੂਜ਼ਰਸ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।