ਤੰਬਾਕੂ ਵਿਗਿਆਪਨ ਲਈ ਅਕਸ਼ੈ ਕੁਮਾਰ ਨੇ ਮੰਗੀ ਮੁਆਫੀ, 'ਇਸ ਤੋਂ ਮਿਲਣ ਵਾਲੇ ਪੈਸੇ ਦੀ ਵਰਤੋਂ ਚੰਗੇ ਕੰਮ ਲਈ ਕਰਾਂਗਾ'

ਏਜੰਸੀ

ਮਨੋਰੰਜਨ, ਬਾਲੀਵੁੱਡ

ਬਾਲੀਵੁੱਡ ਸੁਪਰਸਟਾਰ ਅਕਸ਼ੈ ਕੁਮਾਰ ਨੂੰ ਅਜੇ ਦੇਵਗਨ ਅਤੇ ਸ਼ਾਹਰੁਖ ਖਾਨ ਨਾਲ ਪਾਨ ਮਸਾਲਾ ਬ੍ਰਾਂਡ ਦੀ ਮਸ਼ਹੂਰੀ ਕਰਨ ਲਈ ਕਾਫੀ ਟ੍ਰੋਲ ਕੀਤਾ ਜਾ ਰਿਹਾ ਸੀ

Akshay Kumar

 

ਮੁੰਬਈ: ਬਾਲੀਵੁੱਡ ਸੁਪਰਸਟਾਰ ਅਕਸ਼ੈ ਕੁਮਾਰ ਨੂੰ ਅਜੇ ਦੇਵਗਨ ਅਤੇ ਸ਼ਾਹਰੁਖ ਖਾਨ ਨਾਲ ਪਾਨ ਮਸਾਲਾ ਬ੍ਰਾਂਡ ਦੀ ਮਸ਼ਹੂਰੀ ਕਰਨ ਲਈ ਕਾਫੀ ਟ੍ਰੋਲ ਕੀਤਾ ਜਾ ਰਿਹਾ ਸੀ। ਹੁਣ ਅਕਸ਼ੈ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਇਸ ਵਿਗਿਆਪਨ ਲਈ ਮੁਆਫੀ ਮੰਗੀ ਹੈ। ਅਕਸ਼ੈ ਕੁਮਾਰ ਨੇ ਸੋਸ਼ਲ ਮੀਡੀਆ ’ਤੇ ਸਾਂਝੇ ਕੀਤੇ ਗਏ ਮੁਆਫੀਨਾਮੇ 'ਚ ਲਿਖਿਆ- ਮੈਂ ਆਪਣੇ ਸਾਰੇ ਪ੍ਰਸ਼ੰਸਕਾਂ ਅਤੇ ਸ਼ੁਭਚਿੰਤਕਾਂ ਤੋਂ ਮੁਆਫੀ ਮੰਗਣਾ ਚਾਹੁੰਦਾ ਹਾਂ। ਮੈਂ ਤੰਬਾਕੂ ਦਾ ਸਮਰਥਨ ਨਹੀਂ ਕਰਦਾ। ਵਿਮਲ ਇਲਾਇਚੀ ਨਾਲ ਮੇਰੇ ਪ੍ਰਾਜੈਕਟ ਸਬੰਧੀ ਤੁਸੀਂ ਜਿਸ ਤਰ੍ਹਾਂ ਦੀਆਂ ਭਾਵਨਾਵਾਂ ਨੂੰ ਪ੍ਰਗਟ ਕੀਤਾ, ਉਸ ਦਾ ਮੈਂ ਸਨਮਾਨ ਕਰਦਾ ਹਾਂ।

Akshay Kumar

ਅਕਸ਼ੈ ਕੁਮਾਰ ਨੇ ਅੱਗੇ ਲਿਖਿਆ- ਮੈਂ ਪੂਰੀ ਨਿਮਰਤਾ ਨਾਲ ਇਸ ਤੋਂ ਪਿੱਛੇ ਹਟਦਾ ਹਾਂ। ਮੈਂ ਇਸ ਇਸ਼ਤਿਹਾਰ ਤੋਂ ਪ੍ਰਾਪਤ ਸਾਰਾ ਪੈਸਾ ਕਿਸੇ ਨੇਕ ਕੰਮ ਲਈ ਵਰਤਣ ਦਾ ਫੈਸਲਾ ਕੀਤਾ ਹੈ। ਕਾਨੂੰਨੀ ਕਾਰਨਾਂ ਕਰਕੇ ਇਸ ਇਸ਼ਤਿਹਾਰ ਨੂੰ ਨਿਰਧਾਰਤ ਸਮੇਂ ਲਈ ਪ੍ਰਸਾਰਿਤ ਕਰਨ ਦਾ ਇਕਰਾਰਨਾਮਾ ਹੈ। ਹਾਲਾਂਕਿ, ਮੈਂ ਅੱਗੇ ਜਾ ਕੇ ਸਾਵਧਾਨ ਰਹਿਣ ਦਾ ਵਾਅਦਾ ਕਰਦਾ ਹਾਂ।


Photo

ਇਸ ਤੋਂ ਪਹਿਲਾਂ ਵੀ ਅਕਸ਼ੈ ਕੁਮਾਰ ਨੇ ਆਪਣੇ ਕਈ ਇੰਟਰਵਿਊਜ਼ 'ਚ ਕਿਹਾ ਸੀ ਕਿ ਗੁਟਖਾ ਕੰਪਨੀਆਂ ਉਹਨਾਂ ਨੂੰ ਕਰੋੜਾਂ ਰੁਪਏ ਦੀ ਪੇਸ਼ਕਸ਼ ਕਰਦੀਆਂ ਹਨ, ਪਰ ਉਹ ਉਹਨਾਂ ਨੂੰ ਸਵੀਕਾਰ ਨਹੀਂ ਕਰਦੇ। ਅਕਸ਼ੈ ਨੇ ਕਈ ਮੌਕਿਆਂ 'ਤੇ ਤੰਬਾਕੂ ਦੀ ਇਸ਼ਤਿਹਾਰਬਾਜ਼ੀ ਨੂੰ ਆਪਣੇ ਸਿਧਾਂਤਾਂ ਦੇ ਵਿਰੁੱਧ ਕਿਹਾ ਹੈ। ਇਸ ਕਾਰਨ ਉਸ ਨੂੰ ਜ਼ਿਆਦਾ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਸੀ।

Akshay Kumar

ਬਾਲੀਵੁੱਡ ਅਦਾਕਾਰ ਤੋਂ ਇਲਾਵਾ ਦੱਖਣ ਦੇ ਸੁਪਰਸਟਾਰ ਅਲੂ ਅਰਜੁਨ ਨੇ ਤੰਬਾਕੂ ਕੰਪਨੀ ਦੇ ਇਸ਼ਤਿਹਾਰ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਸੀ। ਇਸ ਦੇ ਲਈ ਸੋਸ਼ਲ ਮੀਡੀਆ 'ਤੇ ਉਹਨਾਂ ਦੀ ਕਾਫੀ ਤਾਰੀਫ ਹੋਈ। ਮੀਡੀਆ ਰਿਪੋਰਟਾਂ ਮੁਤਾਬਕ ਕੰਪਨੀ ਨੇ ਅੱਲੂ ਨੂੰ ਕਰੋੜਾਂ ਰੁਪਏ ਦੀ ਪੇਸ਼ਕਸ਼ ਕੀਤੀ ਸੀ। ਅੱਲੂ ਆਪਣੇ ਪ੍ਰਸ਼ੰਸਕਾਂ ਵਿਚਕਾਰ ਕਿਸੇ ਗਲਤ ਗੱਲ ਨੂੰ ਪ੍ਰਮੋਟ ਨਹੀਂ ਕਰਨਾ ਚਾਹੁੰਦੇ ਹਨ।