ਪਤੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਸ਼ਿਪਲਾ ਸ਼ੈਟੀ ਦੀ ਪਹਿਲੀ ਪੋਸਟ, ਕਿਹਾ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ

ਏਜੰਸੀ

ਮਨੋਰੰਜਨ, ਬਾਲੀਵੁੱਡ

ਅਸ਼ਲੀਲ ਫਿਲਮਾਂ ਬਣਾਉਣ ਦੇ ਮਾਮਲੇ ਵਿਚ ਬਾਲੀਵੁੱਡ ਅਦਾਕਾਰਾ ਸ਼ਿਪਲਾ ਸ਼ੈਟੀ ਦੇ ਪਤੀ ਰਾਜ ਕੁੰਦਰਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

Shilpa Shetty's first post after Raj Kundra's arrest

ਮੁੰਬਈ: ਅਸ਼ਲੀਲ ਫਿਲਮਾਂ ਬਣਾਉਣ ਦੇ ਮਾਮਲੇ ਵਿਚ ਬਾਲੀਵੁੱਡ ਅਦਾਕਾਰਾ ਸ਼ਿਪਲਾ ਸ਼ੈਟੀ ਦੇ ਪਤੀ ਰਾਜ ਕੁੰਦਰਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪਤੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਅਦਾਕਾਰਾ ਦੀ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਉਹਨਾਂ ਨੇ ਅਪਣੀਆਂ ਫ਼ਿਲਮਾਂ ਦੀ ਸ਼ੂਟਿੰਗ ਵੀ ਰੋਕ ਦਿੱਤੀ। ਹੁਣ ਅਦਾਕਾਰਾ ਨੇ ਇੰਸਟਾਗ੍ਰਾਮ ’ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ ਨੂੰ ਲੈ ਕੇ ਸ਼ੋਸ਼ਲ ਮੀਡੀਆ ’ਤੇ ਕਾਫੀ ਚਰਚਾ ਹੋ ਰਹੀ ਹੈ।

ਹੋਰ ਪੜ੍ਹੋ: ਅੱਜ ਹੋਵੇਗੀ ਨਵਜੋਤ ਸਿੱਧੂ ਦੀ ਤਾਜਪੋਸ਼ੀ, ਸਮਾਗਮ ਵਿਚ ਕੈਪਟਨ ਅਮਰਿੰਦਰ ਸਿੰਘ ਵੀ ਕਰਨਗੇ ਸ਼ਿਰਕਤ

ਸ਼ਿਪਲਾ ਸ਼ੈਟੀ ਨੇ ਇੰਸਟਾਗ੍ਰਾਮ ’ਤੇ ਇਕ ਕਿਤਾਬ ਦੀ ਫੋਟੋ ਸ਼ੇਅਰ ਕੀਤੀ, ਜਿਸ ਵਿਚ ਉਸ ਨੇ ਕੁਝ ਲਾਈਨਾਂ ਨੂੰ ਹਾਈਲਾਈਟ ਕੀਤਾ। ਅਦਾਕਾਰਾ ਨੇ ਲਿਖਿਆ ਕਿ ਗੁੱਸੇ ਵਿਚ ਪਿੱਛੇ ਅਤੇ ਡਰ ਵਿਚ ਅੱਗੇ ਨਾ ਦੇਖੋ ਪਰ ਜਾਗਰੂਕਤਾ ਵਿਚ ਚਾਰੇ ਪਾਸੇ ਦੇਖੋ। ਉਹਨਾਂ ਲਿਖਿਆ, ‘ ਅਸੀਂ ਗੁੱਸੇ ਵਿਚ ਉਹਨਾਂ ਲੋਕਾਂ ਵੱਲ ਮੁੜ ਕੇ ਦੇਖਦੇ ਹਾਂ ਜਿਨ੍ਹਾਂ ਨੇ ਸਾਨੂੰ ਦੁੱਖ ਦਿੱਤਾ ਹੈ, ਜੋ ਨਿਰਾਸ਼ਾ ਅਸੀਂ ਮਹਿਸੂਸ ਕੀਤੀ, ਬਦਕਿਸਮਤੀ ਨਾਲ ਅਸੀਂ ਸਹਿ ਚੁੱਕੇ ਹਾਂ’।

ਉਹਨਾਂ ਅੱਗੇ ਲਿਖਿਆ, ‘ਅਸੀਂ ਇਸ ਡਰ ਨਾਲ ਅੱਗੇ ਦੇਖਦੇ ਹਾਂ ਕਿ ਅਸੀਂ ਅਪਣੀ ਨੌਕਰੀ ਗੁਆ ਦੇਵਾਂਗੇ, ਕੋਈ ਬਿਮਾਰੀ ਹੋ ਸਕਦੀ ਹੈ ਜਾਂ ਕਿਸੇ ਅਪਣੇ ਦੀ ਮੌਤ ਦਾ ਡਰ। ਸਾਨੂੰ ਇੱਥੇ ਸਹੀ ਹੋਣਾ ਹੋਵੇਗਾ। ਫਿਲਹਾਲ ਜੋ ਹੋ ਚੁੱਕਾ ਹੈ ਜਾਂ ਹੋ ਸਕਦਾ ਸੀ ਉਸ ਨੂੰ ਲੈ ਕੇ ਬੇਚੈਨ ਨਹੀਂ ਹੋਣਾ ਚਾਹੀਦਾ ਪਰ ਇਸ ਬਾਰੇ ਜਾਗਰੂਕਤਾ ਰੱਖਣੀ ਚਾਹੀਦੀ ਹੈ’।

ਹੋਰ ਪੜ੍ਹੋ: ਪੱਤਰਕਾਰਾਂ ’ਤੇ ਹਮਲਾ ਨਿੰਦਣਯੋਗ ਪਰ ਲੇਖੀ ਨੂੰ ਕਿਸਾਨਾਂ ਨੂੰ ਭੰਡਣ ਦਾ ਕੋਈ ਅਧਿਕਾਰ ਨਹੀਂ: ਕੈਪਟਨ

ਸ਼ਿਪਲਾ ਨੇ ਅੱਗੇ ਲਿਖਿਆ, ‘ਮੈਂ ਇਕ ਲੰਬਾ ਸਾਹ ਲੈਂਦੀ ਹਾਂ। ਇਹ ਜਾਣਦੇ ਹੋਏ ਕਿ ਮੈਂ ਜ਼ਿੰਦਾ ਹਾਂ ਅਤੇ ਖੁਸ਼ਕਿਸਮਤ ਹਾਂ। ਮੈਂ ਪਿਛਲੇ ਸਮੇਂ ਵਿਚ ਚੁਣੌਤੀਆਂ ਦਾ ਸਾਹਮਣਾ ਕਰ ਚੁੱਕੀ ਹਾਂ ਤੇ ਭਵਿੱਖ ਵਿਚ ਵੀ ਕਰਾਂਗੀ। ਕੋਈ ਵੀ ਜ਼ਰੂਰਤ ਮੈਨੂੰ ਅੱਜ ਅਪਣੀ ਜ਼ਿੰਦਗੀ ਜਿਉਣ ਤੋਂ ਨਹੀਂ ਰੋਕ ਸਕਦੀ’। ਦੱਸ ਦਈਏ ਕਿ ਕਾਰੋਬਾਰੀ ਰਾਜ ਕੁੰਦਰਾ ਨੂੰ ਪੁਲਿਸ ਨੇ ਅਸ਼ਲੀਲ ਫਿਲਮਾਂ ਬਣਾਉਣ ਅਤੇ ਐਪਸ ’ਤੇ ਜਾਰੀ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਸੀ। ਅਦਾਲਤ ਨੇ ਉਸ ਨੂੰ 23 ਜੁਲਾਈ ਤੱਕ ਪੁਲਿਸ ਹਿਰਾਸਤ ਵਿਚ ਰੱਖਿਆ ਹੈ। ਰਾਜ ਦੀ ਅਦਾਲਤ ਵਿਚ ਅੱਜ ਪੇਸ਼ੀ ਹੈ।