ਸੰਜੇ ਦੱਤ ਨੇ ਚੋਣ ਲੜਨ ਦੀਆਂ ਖਬਰਾਂ ਨੂੰ ਦੱਸਿਆ ਝੂਠਾ 

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਬਾਲਵੁੱਡ ਅਦਾਕਾਰ ਸੰਜੇ ਦੱਤ ਪਿਛਲੇ ਕੁਝ ਦਿਨਾਂ ਤੋਂ ਲੋਕ ਸਭਾ ਚੋਣਾਂ ਨੂੰ ਲੈ ਕੇ ਸੁਰਖੀਆਂ ਵਿਚ ਸੀ।

Sanjay dutt

ਨਵੀਂ ਦਿੱਲੀ: ਬਾਲਵੁੱਡ ਅਦਾਕਾਰ ਸੰਜੇ ਦੱਤ ਪਿਛਲੇ ਕੁਝ ਦਿਨਾਂ ਤੋਂ ਲੋਕ ਸਭਾ ਚੋਣਾਂ ਨੂੰ ਲੈ ਕੇ ਸੁਰਖੀਆਂ ਵਿਚ ਸੀ। ਹੁਣ ਸੰਜੇ ਦੱਤ ਨੇ ਖ਼ੁਦ ਇਸ ਖਬਰ ਦਾ ਖੰਡਨ ਕੀਤਾ ਹੈ ਅਤੇ ਦੱਸਿਆ ਕਿ ਉਹ ਕਿਸੇ ਵੀ ਸੀਟ ਤੋਂ ਚੋਣ ਨਹੀਂ ਲੜਨਗੇ। ਸੰਜੇ ਨੇ ਆਪਣੇ ਵੈਰੀਫਾਈਡ ਟਵਿਟਰ ਹੈਂਡਲ ਤੋਂ ਟਵੀਟ ਕਰਕੇ ਕਿਹਾ, ‘ਲੋਕਸਭਾ ਚੋਣਾਂ ਵਿਚ ਮੇਰੇ ਖੜੇ ਹੋਣ ਦੀਆਂ ਖਬਰਾਂ ਝੂਠੀਆਂ ਹਨ। ਮੈਂ ਆਪਣੇ ਦੇਸ਼ ਦੇ ਨਾਲ ਖੜਾ ਹਾਂ ਅਤੇ ਆਪਣੀ ਭੈਣ ਪ੍ਰਿਆ ਦੱਤ ਦਾ ਸਮਰਥਨ ਕਰ ਰਿਹਾ ਹਾਂ’।

ਸੰਜੇ ਦੱਤ ਨੇ ਆਪਣੀ ਭੈਣ ਦਾ ਸਮਰਥਨ ਕਰਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਚੋਣਾਂ ਵਿਚ ਵਧ ਚੜ ਕੇ ਹਿੱਸਾ ਲੈਣ ਅਤੇ ਵੋਟ ਪਾਉਣ। ਦੱਸ ਦਈਏ ਕਿ ਸੰਜੇ ਦੱਤ ਦੇ ਪਿਤਾ ਸੁਨੀਲ ਦੱਤ ਡਾ.ਮਨਮੋਹਨ ਸਿੰਘ ਦੀ ਸਰਕਾਰ ਵਿਚ ਖੇਡ ਮੰਤਰੀ ਰਹੇ ਸਨ। ਸਾਲ 2004 ਤੋਂ 2005 ਦੌਰਾਨ ਉਹਨਾਂ ਨੇ ਇਹ ਕੰਮ ਸੰਭਾਲਿਆ ਸੀ। ਸੁਨੀਲ ਦੀ ਬੇਟੀ ਪ੍ਰਿਆ ਸਾਂਸਦ ਵੀ ਰਹਿ ਚੁਕੀ ਹੈ।

ਦੱਸ ਦਈਏ ਕਿ ਹਾਲ ਹੀ ਵਿਚ ਇਹ ਖਬਰ ਆਈ ਸੀ ਕਿ ਸੰਜੇ ਦੱਤ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਜ਼ਿਲ੍ਹੇ ਤੋਂ ਚੋਣ ਲੜਨ ਜਾ ਰਹੇ ਹਨ। ਇਹ ਖਬਰ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਈ ਸੀ।