ਪੀ. ਚਿਦੰਬਰਮ ਦੇ ਪਰਵਾਰ ਨੂੰ ਨਫ਼ਤਰ ਕਰਦੇ ਹਨ ਸ਼ਿਵਗੰਗਾ ਦੇ ਲੋਕ : ਕਾਂਗਰਸ ਨੇਤਾ ਨਚਿਅਪਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਾਂਗਰਸ ਹਾਈਕਮਾਨ ਨੇ ਸ਼ਿਵਗੰਗਾ ਸੀਟ ਲਈ ਕਾਰਤੀ ਦੇ ਨਾਂ ਦਾ ਐਲਾਨ ਕੀਤਾ

Sudarshan Nachiappan

ਚੇਨੱਈ : ਤਾਮਿਲਨਾਡੂ ਦੀ ਸ਼ਿਵਗੰਗਾ ਲੋਕ ਸਭਾ ਸੀਟ ਤੋਂ ਚੋਣ ਲੜਣ ਲਈ ਦਾਵੇਦਾਰੀ ਕਰ ਰਹੇ ਕਾਂਗਰਸ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਈ.ਐਮ. ਸੁਦਰਸ਼ਨ ਨਚਿਅਪਨ ਨੇ ਇਹ ਸੀਟ ਕਾਰਤੀ ਪੀ.ਚਿਦੰਬਰਮ ਨੂੰ ਦੇਣ ਦੇ ਪਾਰਟੀ ਹਾਈ ਕਮਾਂਡ ਦੇ ਫੈਸਲੇ ਦਾ ਵਿਰੋਧ ਕਰਦਿਆਂ ਕਿਹਾ ਕਿ ਲੋਕ ਇਸ ਪਰਵਾਰ ਨਾਲ 'ਨਫ਼ਰਤ' ਕਰਦੇ ਹਨ। ਸ਼ੁਕਰਵਾਰ ਨੂੰ ਤਾਮਿਲਨਾਡੂ ਤੋਂ ਅੱਠ ਕਾਂਗਰਸ ਉਮੀਦਵਾਰਾਂ ਦੇ ਨਾਂਵਾਂ ਦਾ ਐਲਾਨ  ਕੀਤਾ ਗਿਆ ਸੀ, ਪਰ ਸ਼ਿਵਗੰਗਾ ਸੀਟ ਲਈ ਕਾਰਤੀ ਦੇ ਨਾਂ ਦਾ ਐਲਾਨ ਐਤਵਾਰ ਸ਼ਾਮ ਨੂੰ ਕੀਤਾ ਗਿਆ। ਕਾਰਤੀ ਤੋਂ ਬਿਨਾਂ ਸਿਰਫ਼ ਨਚਿਅਪਨ ਹੀ ਸ਼ਿਵਗੰਗਾ ਸੀਟ ਲਈ ਦਾਅਵੇਦਾਰ ਸਨ।

ਸਾਲ 1999 ਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਦੇ ਐਚ. ਰਾਜਾ ਅਤੇ ਤਮਿਲ ਮਾਨਿਲ ਕਾਂਗਰਸ ਦੇ ਪੀ. ਚਿਦੰਬਰਮ (ਜੋ ਤੀਜੇ ਨੰਬਰ 'ਤੇ ਰਹੇ ਸਨ) ਨੂੰ ਹਰਾ ਕੇ ਜਿੱਤ ਹਾਸਲ ਕਰਨ ਵਾਲੇ ਨਚਿਅਪਨ ਨੇ ਕਿਹਾ ਕਿ ਹਾਈ ਕਮਾਂਡ ਦੇ ਫੈਸਲੇ ਨੇ ਕਾਂਗਰਸ ਨੂੰ ਮੁਸ਼ਕਲ ਸਥਿਤੀ ਵਿਚ ਪਾ ਦਿਤਾ ਹੈ ਕਿਉਂਕਿ ਕਾਰਤੀ 'ਅਦਾਲਤੀ ਮੁਕੱਦਮਿਆਂ' ਦਾ ਸਾਹਮਣਾ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਪੀ. ਚਿਦੰਬਰਮ ਸ਼ਿਵਗੰਗਾ ਲੋਕ ਸਭਾ ਸੀਟ ਤੋਂ ਸੱਤ ਵਾਰ ਜਿੱਤ ਹਾਸਲ ਕਰ ਚੁੱਕੇ ਹਨ। ਇਸ ਸੀਟ 'ਤੇ ਉਹ 1984 ਵਿਚ ਪਹਿਲੀ ਵਾਰ ਜਿੱਤੇ ਸਨ।

ਸਾਲ 2004 ਅਤੇ 2010 ਵਿਚ ਰਾਜ ਸਭਾ ਲਈ ਚੁਣੇ ਗਏ ਨਚਿਅਪਨ ਨੇ ਪੱਤਰਕਾਰਾਂ ਨੂੰ ਕਿਹਾ, ''ਜਿਥੋਂ ਤਕ ਮੈਂ ਸਮਝਦਾ ਹਾਂ, ਲੋਕ ਇਸ ਪਰਵਾਰ ਨਾਲ ਨਫ਼ਰਤ ਕਰਦੇ ਹਨ ਕਿਉਂਕਿ ਉਨ੍ਹਾਂ ਨੇ ਸ਼ਿਵਗੰਗਾ ਇਲਾਕੇ ਲਈ ਕੁਝ ਨਹੀਂ ਕੀਤਾ।'' ਪੇਸ਼ੇ ਵਜੋਂ ਵਕੀਲ ਨਚਿਅਪਨ ਨੇ ਕਿਹਾ ਕਿ ਕਾਰਤੀ ਨੂੰ ਉਮੀਦਵਾਰ ਬਣਾਉਣ ਨਾਲ ਭਵਿੱਖ ਵਿਚ ਪਾਰਟੀ ਨੂੰ ਮੁਸ਼ਕਲਾਂ ਪੇਸ਼ ਆ ਸਕਦੀਆਂ ਹਨ। ਕੇਂਦਰੀ ਵਣਜ ਅਤੇ ਉਦਯੋਗ ਰਾਜ ਮੰਤਰੀ ਰਹਿ ਚੁੱਕੇ ਨਚਿਅਪਨ ਨੇ ਦੋਸ ਲਗਾਇਅ ਕਿ ਚਿਦੰਬਰਮ ਨੇ ਨਾ ਸਿਰਫ਼ ਉਨ੍ਹਾਂ ਨੂੰ ਤਾਮਿਲਨਾਡੂ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਨ ਤੋਂ ਰੋਕਿਆ ਸਗੋਂ ਕਰੀਬ ਨੌਂ ਸਾਲ ਤਕ (ਸਾਲ 2004 ਵਿਚ ਯੂਪੀਏ ਦੇ ਕੇਂਦਰ ਵਿਚ ਸੱਤਾਹੀਨ ਹੋਣ ਤੋਂ ਬਾਅਦ) ਮੰਤਰੀ ਬਣਨ ਤੋਂ ਵੀ ਰੋਕਿਆ। ਉਨ੍ਹਾਂ ਦੋਸ਼ ਲਗਾਇਆ ਕਿ ਜਦੋਂ ਵੀ ਉਨ੍ਹਾਂ ਨੂੰ ਕਿਸੇ ਅਹੁਦੇ ਦੀ ਪੇਸ਼ਕਸ਼ ਆਉਂਦੀ ਹੈ ਤਾਂ ਚਿਦੰਬਰਮ ਇਸ ਦਾ ਵਿਰੋਧ ਕਰਦੇ ਸਨ।

ਕਾਰਤੀ ਨੇ ਅਪਣੇ ਅਤੇ ਅਪਣੇ ਪਿਤਾ ਵਿਰੁਧ ਨਚਿਅਪਨ ਦੀ ਟਿੱਪਣੀ 'ਤੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿਤਾ। ਤਾਮਿਲਨਾਡੂ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੇ.ਐਸ. ਅਲਾਗਿਰੀ ਨੇ ਕਿਹਾ ਕਿ ਇਕ ਵਾਰ ਪਾਰਟੀ ਨੇ ਫੈਸਲਾ ਕਰ ਲਿਆ ਤਾਂ ਇਸ ਨੂੰ ਮਨਜ਼ੂਰ ਕਰਨਾ ਹੀ ਠੀਕ ਰਹੇਗਾ ਅਤੇ ਇਸ ਦਾ ਵਿਰੋਧ ਕਰਨਾ ਨਚਿਅਪਨ ਵਰਗੇ ਨੇਤਾ ਨੂੰ ਸ਼ੋਭਾ ਨਹੀਂ ਦਿੰਦਾ।  ਅਲਾਗਿਰੀ ਨੇ ਕਿਹਾ, ''ਜੇਕਰ ਉਨ੍ਹਾਂ ਨੂੰ ਕੋਈ ਸ਼ਿਕਾਇਤ ਹੈ ਤਾਂ ਉਹ ਇਸ ਸਬੰਧੀ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨਾਲ ਸਿੱਧੀ ਗੱਲ ਕਰ ਸਕਦੇ ਹਨ।'' (ਪੀਟੀਆਈ)