ਆਮਿਰ ਖ਼ਾਨ ਪਿੱਛੇ ਹੱਥ ਧੋ ਕੇ ਪਿਆ ਆਰਐਸਐਸ!
ਆਰਐਸਐਸ ਨੇ ਆਮਿਰ ਨੂੰ ਦੱਸਿਆ 'ਡ੍ਰੈਗਨ ਦਾ ਪਿਆਰਾ ਖ਼ਾਨ'
ਤੁਰਕੀ ਦੇ ਰਾਸ਼ਟਰਪਤੀ ਰਜਬ ਇਰਦੁਗਾਨ ਦੀ ਪਤਨੀ ਐਮੀ ਇਰਦੁਗਾਨ ਨਾਲ ਆਮਿਰ ਖ਼ਾਨ ਦੀਆਂ ਤਸਵੀਰਾਂ ਵਾਇਰਲ ਹੋਣ ਮਗਰੋਂ ਬਾਲੀਵੁੱਡ ਸਟਾਰ ਆਰਐਸਐਸ ਦੇ ਨਿਸ਼ਾਨੇ 'ਤੇ ਆ ਗਿਆ ਅਤੇ ਇੰਝ ਜਾਪਦਾ ਕਿ ਜਿਵੇਂ ਆਰਐਸਐਸ ਆਮਿਰ ਖ਼ਾਨ ਦੇ ਪਿੱਛੇ ਹੱਥ ਧੋ ਕੇ ਪੈ ਗਿਆ ਹੋਵੇ।
ਹੁਣ ਸੰਘ ਦੇ ਮੁੱਖ ਪੱਤਰ ਪੰਚਜੰਨਿਆ ਵਿਚ ਛਪੇ ਇਕ ਸੰਪਾਦਕੀ ਲੇਖ ਵਿਚ ਆਮਿਰ ਖ਼ਾਨ ਨੂੰ ਚੀਨ ਦੀ ਸੱਤਾਧਾਰੀ ਪਾਰਟੀ ਦਾ ਪਿਆਰਾ ਦੱਸਿਆ ਗਿਆ ਨਾਲ ਇਹ ਵੀ ਕਿਹਾ ਗਿਆ ਕਿ ਦੰਗਲ ਸਟਾਰ ਭਾਰਤ ਵਿਰੋਧੀ ਤਾਕਤਾਂ ਨਾਲ ਕਾਫ਼ੀ ਘੁਲ ਮਿਲ ਰਹੇ ਨੇ।
ਪੰਚਜੰਨਿਆ ਵਿਚ ਲਿਖਿਆ ਗਿਆ ਕਿ ਭਾਰਤ ਵਿਚ ਜਦੋਂ ਵੀ ਲੋਕ ਕਿਸੇ ਫਿਲਮੀ ਸਿਤਾਰੇ ਨੂੰ ਬੁਲੰਦੀਆਂ 'ਤੇ ਪਹੁੰਚਾਉਂਦੇ ਨੇ ਤਾਂ ਉਹ ਉਸ ਦੇ ਮਜ਼੍ਹਬ ਨੂੰ ਨਹੀਂ ਦੇਖਦੇ ਬਲਕਿ ਉਸ ਦੀ ਅਦਾਕਾਰੀ ਦੇਖਦੇ ਨੇ ਅਤੇ ਉਸ ਦੀਆਂ ਫ਼ਿਲਮਾਂ 'ਤੇ ਖ਼ੂਬ ਪੈਸਾ ਲੁਟਾਉਂਦੇ ਨੇ
ਪਰ ਜਦੋਂ ਉਹੀ ਅਦਾਕਾਰ ਦੇਸ਼ ਵਾਸੀਆਂ ਨੂੰ ਠੇਂਗਾ ਦਿਖਾ ਕੇ 'ਪਹਿਲਾਂ ਮਜ਼੍ਹਬ, ਫਿਰ ਦੇਸ਼' ਦੀ ਜਿਹਾਦੀ ਸੋਚ ਦਿਖਾਉਣ ਲੱਗ ਜਾਵੇ ਜਾਂ ਦੁਸ਼ਮਣ ਦੇਸ਼ ਦੇ ਚੰਦ ਪੈਸਿਆਂ 'ਤੇ ਕਠਪੁਤਲੀ ਵਾਂਗ ਚੱਲਣ ਲੱਗੇ ਤਾਂ, ਕੀ ਦੇਸ਼ ਵਾਸੀ ਖ਼ੁਦ ਨੂੰ ਠੱਗਿਆ ਹੋਇਆ ਮਹਿਸੂਸ ਨਹੀਂ ਕਰਨਗੇ?
ਸੰਪਾਦਕੀ ਦੇ ਲੇਖਕ ਵਿਸ਼ਾਲ ਠਾਕੁਰ ਇੱਥੇ ਹੀ ਨਹੀਂ ਰੁਕੇ, ਉਨ੍ਹਾਂ ਲੇਖ ਵਿਚ ਕਿਹਾ ਕਿ ਅਕਸ਼ੇ ਕੁਮਾਰ, ਅਜੈ ਦੇਵਗਨ, ਜੌਨ ਅਬਰਾਹਮ ਅਤੇ ਕੰਗਨਾ ਰਾਨੌਤ ਵਰਗੇ ਕੁੱਝ ਫਿਲਮੀ ਸਿਤਾਰੇ ਰਾਸ਼ਟਰਵਾਦ ਅਤੇ ਦੇਸ਼ਭਗਤੀ ਦੀਆਂ ਫਿਲਮਾਂ ਬਣਾ ਕੇ ਦੇਸ਼ ਦੇ ਪ੍ਰਤੀ ਅਪਣੀ ਨਿਸ਼ਠਾ ਦਿਖਾਉਂਦੇ ਨੇ ਪਰ ਇਕ ਆਮਿਰ ਖ਼ਾਨ ਹਨ, ਜਿਨ੍ਹਾਂ ਨੂੰ ਦੁਸ਼ਮਣ ਦੇਸ਼ ਚੀਨ, ਪਾਕਿਸਤਾਨ ਅਤੇ ਤੁਰਕੀ ਦੇ ਨਾਲ ਘੁਲਣ ਮਿਲਣ 'ਚ ਕੋਈ ਪਰੇਸ਼ਾਨੀ ਹੀ ਨਹੀਂ।
ਲੇਖ ਵਿਚ ਇਹ ਵੀ ਕਿਹਾ ਗਿਆ ਕਿ ਚੀਨ ਦੇ ਪ੍ਰਤੀ ਆਮਿਰ ਖ਼ਾਨ ਦਾ ਪ੍ਰੇਮ ਪਹਿਲਾਂ ਤੋਂ ਹੀ ਸ਼ੱਕ ਦੇ ਦਾਇਰੇ ਵਿਚ ਹੈ ਕਿਉਂਕਿ ਚੀਨ ਵਿਚ ਕਿਸੇ ਖ਼ਾਨ ਦੀਆਂ ਫਿਲਮਾਂ ਨਹੀਂ ਚਲਦੀਆਂ ਜਦਕਿ ਆਮਿਰ ਖ਼ਾਨ ਦੀਆਂ ਫਿਲਮਾਂ ਨਾ ਸਿਰਫ਼ ਚੀਨ ਵਿਚ ਸ਼ਾਨਦਾਰ ਕਾਰੋਬਾਰ ਕਰਦੀਆਂ ਨੇ ਬਲਕਿ ਉਹ ਭਾਰਤ ਵਿਚ ਚੀਨੀ ਉਤਪਾਦਾਂ ਦਾ ਪ੍ਰਚਾਰ ਕਰਕੇ ਵੀ ਕਰੋੜਾਂ ਰੁਪਏ ਕਮਾਉਂਦੇ ਨੇ।
ਉਹ ਚੀਨੀ ਮੋਬਾਇਲ ਕੰਪਨੀ ਵੀਵੋ ਦੇ ਵੀ ਬ੍ਰਾਂਡ ਅੰਬੈਸਡਰ ਨੇ ਜੋ ਸੁਰੱਖਿਆ ਦੇ ਨਿਯਮਾਂ ਦੀ ਸ਼ਰ੍ਹੇਆਮ ਅਣਦੇਖੀ ਕਰਦੇ। ਇਸ ਤੋਂ ਪਹਿਲਾਂ ਉਜੈਨ ਵਿਚ ਆਹਵਾਨ ਅਖਾੜੇ ਦੇ ਸੰਤ ਮਹਾਂਮੰਡਲੇਸ਼ਵਰ ਅਚਾਰੀਆ ਸ਼ੇਖ਼ਰ ਨੇ ਵੀ ਆਮਿਰ ਖ਼ਾਨ 'ਤੇ ਤਿੱਖਾ ਨਿਸ਼ਾਨਾ ਸਾਧਿਆ ਸੀ।
ਉਨ੍ਹਾਂ ਆਖਿਆ ਸੀ ਕਿ ਆਮਿਰ ਖ਼ਾਨ ਨੂੰ ਪਾਕਿਸਤਾਨ ਜਾਂ ਤੁਰਕੀ ਦੀ ਨਾਗਰਿਕਤਾ ਲੈ ਲੈਣੀ ਚਾਹੀਦੀ ਹੈ ਅਤੇ ਅਜਿਹੇ ਲੋਕਾਂ ਨੂੰ ਭਾਰਤ ਤੋਂ ਦੇਸ਼ ਨਿਕਾਲਾ ਦੇ ਦੇਣਾ ਚਾਹੀਦਾ। ਉਨ੍ਹਾਂ ਤਾਂ ਇੱਥੋਂ ਤਕ ਵੀ ਆਖ ਦਿੱਤਾ ਸੀ ਕਿ ਏਅਰਪੋਰਟ 'ਤੇ ਆਉਂਦਿਆਂ ਹੀ ਆਮਿਰ ਖ਼ਾਨ ਨੂੰ ਗੋਲੀ ਮਾਰਨ ਦਾ ਆਦੇਸ਼ ਜਾਰੀ ਹੋਣਾ ਚਾਹੀਦਾ ਕਿਉਂਕਿ ਉਸ ਨੇ ਦੁਸ਼ਮਣ ਦੇਸ਼ ਦੇ ਰਾਸ਼ਟਰਪਤੀ ਦੀ ਪਤਨੀ ਨਾਲ ਮੁਲਾਕਾਤ ਕਰਕੇ ਸਾਬਤ ਕਰ ਦਿੱਤੈ ਕਿ ਉਹ ਦੇਸ਼ ਦਾ ਗੱਦਾਰ ਹੈ।
ਦੱਸ ਦਈਏ ਕਿ ਆਮਿਰ ਖ਼ਾਨ ਅਪਣੀ ਫਿਲਮ 'ਲਾਲ ਸਿੰਘ ਚੱਢਾ' ਦੀ ਸ਼ੂਟਿੰਗ ਲਈ ਤੁਰਕੀ ਗਏ ਹੋਏ ਨੇ ਅਤੇ 15 ਅਗਸਤ ਵਾਲੇ ਦਿਨ ਤੁਰਕੀ ਦੇ ਰਾਸ਼ਟਰਪਤੀ ਦੀ ਪਤਨੀ ਨੇ ਆਮਿਰ ਨਾਲ ਅਪਣੀਆਂ ਤਸਵੀਰਾਂ ਟਵਿੱਟਰ 'ਤੇ ਸਾਂਝੀਆਂ ਕੀਤੀਆਂ ਸਨ, ਜਿਸ ਦੇ ਬਾਅਦ ਤੋਂ ਲੈ ਕੇ ਹੀ ਵੱਡਾ ਘਮਾਸਾਣ ਮਚਿਆ ਹੋਇਆ।
ਉਧਰ ਕੁੱਝ ਲੋਕਾਂ ਦਾ ਕਹਿਣਾ ਏ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਿਨਾਂ ਕਿਸੇ ਜਾਣਕਾਰੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਬਰਥਡੇ ਪਾਰਟੀ ਵਿਚ ਜਾ ਸਕਦੇ ਨੇ ਤਾਂ ਫਿਰ ਆਮਿਰ ਖ਼ਾਨ 'ਤੇ ਇੰਨਾ ਵਿਵਾਦ ਕਿਉਂ?